
ਵੀਡੀਓ ਨੂੰ 10 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ
ਇਸਤਾਂਬੁਲ : ਦੁਨੀਆ ਵਿਚ ਰੋਜ਼ਾਨਾ ਕੋਈ ਨਾ ਕੋਈ ਰਿਕਾਰਡ ਬਣਦਾ ਰਹਿੰਦਾ ਹੈ। ਵਰਲਡ ਰਿਕਾਰਡ ਬਣਾਉਣ ਖ਼ਾਤਰ ਲੋਕ ਕੀ ਕੁੱਝ ਨਹੀਂ ਕਰ ਜਾਂਦੇ ਕਈ ਵਾਰ ਤਾਂ ਲੋਕ ਅਪਣੀ ਜਾਨ 'ਤੇ ਵੀ ਖੇਡ ਜਾਂਦੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਇਸਤਾਂਬੁਲ ਤੋਂ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਸ਼ਖਸ ਨੇ ਆਪਣੀ ਦਾੜ੍ਹੀ ਨਾਲ ਇਕ ਔਰਤ ਨੂੰ ਚੁੱਕ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਲਈ ਐਂਟਾਨਾਸ ਕੋਂਟ੍ਰੀਮਾਸ ਨਾਮ ਦੇ ਸ਼ਖਸ ਦੀ 'ਦਾੜੀ' ਕੰਮ ਆਈ।
ਐਂਟਾਨਾਸ ਨੇ ਆਪਣੀ 'ਦਾੜ੍ਹੀ ਨਾਲ ਸਭ ਤੋਂ ਭਾਰੀ ਸਾਮਾਨ ਚੁੱਕਣ ਦਾ ਵਰਲਡ ਰਿਕਾਰਡ ਬਣਾਇਆ। ਇਸ ਲਈ ਉਹਨਾਂ ਨੇ ਜਿਸ ਔਰਤ ਨੂੰ ਚੁੱਕਿਆ, ਉਸ ਦਾ ਵਜ਼ਨ 63.80 ਕਿਲੋਗ੍ਰਾਮ ਸੀ। ਗਿਨੀਜ਼ ਵਰਲਡ ਰਿਕਾਰਡ ਨੇ ਉਹਨਾਂ ਦਾ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਔਰਤ ਹਾਰਨੇਸ ਦੀ ਮਦਦ ਨਾਲ ਐਂਟਾਨਾਸ ਦੀ ਦਾੜ੍ਹੀ ਨਾਲ ਬੰਨ੍ਹੀ ਹੋਈ ਹੈ। ਸ਼ੁਰੂਆਤ ਵਿਚ ਇਹ ਕੰਮ ਦੇਖਣ ਵਿਚ ਬਹੁਤ ਮੁਸ਼ਕਲ ਲੱਗਦਾ ਹੈ ਪਰ ਐਂਟਾਨਾਸ ਆਸਾਨੀ ਨਾਲ ਔਰਤ ਨੂੰ ਚੁੱਕਣ ਵਿਚ ਕਾਮਯਾਬ ਰਿਹਾ।
ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਇਸ ਵੀਡੀਓ ਨੂੰ 10 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ 92 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਸੋਸ਼ਲ ਮੀਡੀਆ ਯੂਜ਼ਰਸ ਉਹਨਾਂ ਦੀ ਦਾੜ੍ਹੀ ਦੀ ਮਜ਼ਬੂਤੀ ਨੂੰ ਦੇਖ ਕੇ ਹੈਰਾਨ ਹੋ ਰਹੇ ਹਨ। ਲੋਕਾਂ ਨੇ ਐਂਟਾਨਾਸ ਤੋਂ ਪੁੱਛਿਆ ਕਿ ਉਹ ਕਿਹੜਾ ਤੇਲ ਵਰਤਦੇ ਹਨ। ਇਹ ਕਾਰਨਾਮਾ ਅਸਲ ਵਿਚ ਹੈਰਾਨ ਕਰ ਦੇਣ ਵਾਲਾ ਹੈ। ਐਂਟਾਨਾਸ ਨੇ ਇਹ ਕਾਰਨਾਮਾ 26 ਜੂਨ, 2013 ਵਿਚ ਤੁਰਕੀ ਵਿਚ ਕੀਤਾ ਸੀ। ਉਦੋਂ ਤੋਂ ਲੈਕੇ 8 ਸਾਲ ਬਾਅਦ ਵੀ ਇਹ ਰਿਕਾਰਡ ਉਹਨਾਂ ਦੇ ਨਾਮ ਹੈ।