
ਕਿਹਾ, ਇਜ਼ਰਾਈਲ-ਹਮਾਸ ਸੰਘਰਸ਼ ਅਤੇ ਰੂਸ-ਯੂਕਰੇਨ ਸੰਘਰਸ਼ ਤੋਂ ਸਪੱਸ਼ਟ ਹੁੰਦਾ ਹੈ
ਗੁਹਾਟੀ,: ਫ਼ੌਜ ਦੀ ਪੂਰਬੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਾਣਾ ਪ੍ਰਤਾਪ ਕਲਿਤਾ ਨੇ ਮੰਗਲਵਾਰ ਨੂੰ ਕਿਹਾ ਕਿ ਭੂ-ਰਾਜਨੀਤਿਕ ਦ੍ਰਿਸ਼ ਵਿਚ ‘ਤਬਦੀਲੀ’ ਆ ਰਹੀ ਹੈ ਅਤੇ ਨਾਗਰਿਕ ਸਮਾਜ ਦੀ ਭਾਗੀਦਾਰੀ ਤੋਂ ਬਗ਼ੈਰ ਇਕੱਲੇ ਹਥਿਆਰਬੰਦ ਬਲ ਭਵਿੱਖ ’ਚ ਹੋਣ ਵਾਲੀ ਕੋਈ ਜੰਗ ਜਿੱਤ ਨਹੀਂ ਸਕਦੇ।
ਲੈਫਟੀਨੈਂਟ ਜਨਰਲ ਕਲਿਤਾ ਨੇ ਗੁਹਾਟੀ ਪ੍ਰੈਸ ਕਲੱਬ ਦੇ ਮਹਿਮਾਨ ਵਜੋਂ ਬੋਲਦੇ ਹੋਏ ਕਿਹਾ ਕਿ ‘ਤਬਦੀਲੀ’ ਨੇ ਭਾਰਤੀ ਫੌਜ ਨੂੰ ਪ੍ਰਭਾਵਤ ਕੀਤਾ ਹੈ, ਜੋ ਵਰਤਮਾਨ ’ਚ ਪੰਜ ਵੱਖ-ਵੱਖ ਡੋਮੇਨਾਂ ’ਚ ਇਕ ਵੱਡੀ ਤਬਦੀਲੀ ਤੋਂ ਲੰਘ ਰਹੀ ਹੈ।
ਉਨ੍ਹਾਂ ਕਿਹਾ, ‘‘ਰੂਸ-ਯੂਕਰੇਨ ਜੰਗ ਜਾਰੀ ਹੈ, ਇਜ਼ਰਾਈਲ-ਹਮਾਸ ਸੰਘਰਸ਼ ਵੀ ਜਾਰੀ ਹੈ। ਸਾਡੇ ਗੁਆਂਢ ’ਚ ਵੀ ਬਹੁਤ ਅਸਥਿਰਤਾ ਹੈ। ਇਸ ਲਈ, ਸਾਰੀ ਭੂ-ਰਾਜਨੀਤੀ ਬਦਲ ਰਹੀ ਹੈ। ਇਕ ਤਬਦੀਲੀ ਹੋ ਰਹੀ ਹੈ ਅਤੇ ਇਸ ਦਾ ਅਸਰ ਨਾ ਸਿਰਫ਼ ਸਾਡੇ ਦੇਸ਼ ਬਲਕਿ ਸਾਡੀਆਂ ਹਥਿਆਰਬੰਦ ਸੈਨਾਵਾਂ ’ਤੇ ਵੀ ਪੈਂਦਾ ਹੈ।’’
ਲੈਫਟੀਨੈਂਟ ਜਨਰਲ ਕਾਲੀਤਾ ਨੇ ਕਿਹਾ ਕਿ ਕਿਉਂਕਿ ਚਾਰੇ ਪਾਸੇ ‘ਬਦਲਾਅ’ ਹੋ ਰਿਹਾ ਹੈ, ਤਕਨੀਕੀ ਵਿਕਾਸ ਹੋ ਰਿਹਾ ਹੈ, ਤਾਂ ਇਸ ਲਈ ਇਹ ਜੰਗ ਦੇ ਤਰੀਕਿਆਂ ਨੂੰ ਪ੍ਰਭਾਵਤ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਸਿਰਫ਼ ਹਥਿਆਰਬੰਦ ਬਲ ਹੀ ਭਵਿੱਖ ’ਚ ਕੋਈ ਜੰਗ ਨਹੀਂ ਜਿੱਤ ਸਕਦੇ। ਪੂਰੇ ਦੇਸ਼ ਨੂੰ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ। ਭਵਿੱਖ ਦੀ ਜੰਗ ’ਚ ਪੂਰੇ ਦੇਸ਼ ਦੇ ਹਰ ਵਰਗ ਨੂੰ ਹਿੱਸਾ ਲੈਣਾ ਪਵੇਗਾ। ਇਹ ਹਾਲ ਹੀ ’ਚ ਇਜ਼ਰਾਈਲ-ਹਮਾਸ ਸੰਘਰਸ਼ ਅਤੇ ਰੂਸ-ਯੂਕਰੇਨ ਸੰਘਰਸ਼ ਤੋਂ ਸਪੱਸ਼ਟ ਹੁੰਦਾ ਹੈ।’’
ਕਲਿਤਾ ਨੇ ਕਿਹਾ ਕਿ ਅਜੋਕੇ ਸਮੇਂ ’ਚ ਜੰਗ ਤੋਂ ਆਬਾਦੀ ਦਾ ਕੋਈ ਵੀ ਵਰਗ ਅਣਛੋਹ ਨਹੀਂ ਰਹਿੰਦਾ ਅਤੇ ਇਹ ਸਿਵਲ-ਮਿਲਟਰੀ ਤਾਲਮੇਲ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਕਿਹਾ, ‘‘ਇਸ ਲਈ ਜੰਗ ਲੜਨ ਦਾ ਤਰੀਕਾ ਵੀ ਬਦਲ ਰਿਹਾ ਹੈ। ਇਹੀ ਕਾਰਨ ਹੈ ਕਿ ਭਾਰਤੀ ਫੌਜ ਨੇ 2023 ਨੂੰ ਬਦਲਾਅ ਦੇ ਸਾਲ ਵਜੋਂ ਦਰਸਾਇਆ ਹੈ। ਇਹ ਬਦਲਾਅ ਪੰਜ ਮੁੱਖ ਥੰਮ੍ਹਾਂ ’ਤੇ ਆਧਾਰਤ ਹਨ।’’
ਉਨ੍ਹਾਂ ਕਿਹਾ ਕਿ ਇਹ ਪੰਜ ਥੰਮ੍ਹ ਹਨ ਬਲ ਪੁਨਰਗਠਨ ਅਤੇ ਅਨੁਕੂਲਨ, ਆਧੁਨਿਕੀਕਰਨ ਅਤੇ ਤਕਨਾਲੋਜੀ ਏਕੀਕਰਣ, ਪ੍ਰਕਿਰਿਆਵਾਂ ਅਤੇ ਕਾਰਜ, ਮਨੁੱਖੀ ਸਰੋਤ ਪ੍ਰਬੰਧਨ ਅਤੇ ਏਕੀਕਰਣ। ਉਨ੍ਹਾਂ ਕਿਹਾ, ‘‘ਸਾਨੂੰ ਦੇਸ਼ ਦੀਆਂ ਸਮਾਜਕ-ਰਾਜਨੀਤਕ ਅਤੇ ਸਮਾਜਕ-ਆਰਥਕ ਲੋੜਾਂ ਨਾਲ ਸੁਰੱਖਿਆ ਲੋੜਾਂ ਦਾ ਮੇਲ ਕਰਨਾ ਚਾਹੀਦਾ ਹੈ। ਇਸ ਲਈ ਸਾਨੂੰ ਸਾਰੇ ਖੇਤਰਾਂ ’ਚ ਤਾਲਮੇਲ ਬਣਾਉਣਾ ਚਾਹੀਦਾ ਹੈ।’’
ਭਾਰਤ ਨੇ LAC ’ਤੇ ਬੁਨਿਆਦੀ ਢਾਂਚਾ ਬਣਾਉਣ ’ਚ ਕੀਤੀ ਦੇਰੀ
ਕਮਾਂਡਰ ਲੈਫਟੀਨੈਂਟ ਜਨਰਲ ਕਲਿਤਾ ਨੇ ਇਹ ਵੀ ਕਿਹਾ ਕਿ ਭਾਰਤ ਨੇ ਚੀਨ ਨਾਲ ਲੱਗਦੀ ਸਰਹੱਦ ’ਤੇ ਬੁਨਿਆਦੀ ਢਾਂਚਾ ਬਣਾਉਣ ਵਿਚ ਗੁਆਂਢੀ ਦੇਸ਼ ਦੇ ਮੁਕਾਬਲੇ ਦੇਰੀ ਨਾਲ ਸ਼ੁਰੂਆਤ ਕੀਤੀ, ਪਰ ਹੁਣ ਇਸ ਵਿਚ ਤੇਜ਼ੀ ਲਿਆਉਣ ਦਾ ਕੰਮ ਕੀਤਾ ਜਾ ਰਿਹਾ ਹੈ। ਪੂਰਬੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼ ਨੇ ਇਹ ਵੀ ਕਿਹਾ ਕਿ ਅਸਲ ਕੰਟਰੋਲ ਰੇਖਾ (LAC) ਦੇ ਨਾਲ ਸਥਿਤੀ ‘ਆਮ ਪਰ ਕੁਝ ਅਣਕਿਆਸੀ’ ਹੈ। ਕਲਿਤਾ ਨੇ ਕਿਹਾ, ‘‘ਉਨ੍ਹਾਂ (ਚੀਨ) ਨੇ ਸਾਡੇ ਤੋਂ ਬਹੁਤ ਪਹਿਲਾਂ ਬੁਨਿਆਦੀ ਢਾਂਚਾ ਬਣਾਉਣਾ ਸ਼ੁਰੂ ਕਰ ਦਿਤਾ ਸੀ। ਇਕ ਦੇਸ਼ ਦੇ ਰੂਪ ’ਚ ਅਸੀਂ ਬੁਨਿਆਦੀ ਢਾਂਚੇ ਦਾ ਨਿਰਮਾਣ ਦੇਰ ਨਾਲ ਸ਼ੁਰੂ ਕੀਤਾ ਸੀ, ਪਰ ਹੁਣ ਅਸੀਂ ਇਸ ਨੂੰ ਤੇਜ਼ ਕਰ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਚੀਨ ਨਾਲ ਲੱਗਦੀ ਸਰਹੱਦ ’ਤੇ ਬੁਨਿਆਦੀ ਢਾਂਚਾ ਬਣਾਉਣ ਲਈ ਬਹੁਤ ਕੋਸ਼ਿਸ਼ ਕੀਤੀ ਗਈ ਹੈ, ਚਾਹੇ ਉਹ ਲੱਦਾਖ ਹੋਵੇ ਜਾਂ ਸਿੱਕਮ ਜਾਂ ਅਰੁਣਾਚਲ ਪ੍ਰਦੇਸ਼ ਜਾਂ ਉੱਤਰਾਖੰਡ ਜਾਂ ਹਿਮਾਚਲ। ਉਨ੍ਹਾਂ ਕਿਹਾ ਕਿ ਸਰਕਾਰ ਮੁਢਲੀ ਕੁਨੈਕਟੀਵਿਟੀ ਲਈ ਸੜਕਾਂ ਅਤੇ ਟ੍ਰੈਕ ਅਤੇ ਮੋਬਾਈਲ ਸੰਚਾਰ ਲਈ ਹੈਲੀਪੈਡ ਬਣਾ ਰਹੀ ਹੈ। ਕਈ ਵਿਸ਼ਿਆਂ 'ਤੇ ਸਪੱਸ਼ਟਤਾ ਨਾਲ ਬੋਲਦੇ ਹੋਏ, ਕਲਿਤਾ ਨੇ ਕਿਹਾ, ‘‘ਜੀਵੰਤ ਪਿੰਡ ਪ੍ਰੋਗਰਾਮ ਦੇ ਤਹਿਤ, ਭਾਰਤ LAC ਦੇ ਨੇੜੇ ਸਥਿਤ ਪਿੰਡਾਂ ’ਚ ਬਹੁਤ ਸਾਰੇ ਬੁਨਿਆਦੀ ਢਾਂਚੇ ਦੀ ਸਿਰਜਣਾ ਕਰ ਰਿਹਾ ਹੈ ਤਾਂ ਜੋ ਸਿੱਖਿਆ, ਸਿਹਤ ਦੇਖਭਾਲ ਵਰਗੀਆਂ ਬੁਨਿਆਦੀ ਸਹੂਲਤਾਂ ਉਪਲਬਧ ਹੋਣ।’’
ਮਨੀਪੁਰ ਸੰਘਰਸ਼ ‘ਸਿਆਸੀ ਸਮੱਸਿਆ’, ਲੁੱਟੇ ਗਏ 4000 ਹਥਿਆਰ ਬਰਾਮਦ ਕੀਤੇ ਜਾਣੇ ਬਾਕੀ : ਲੈਫਟੀਨੈਂਟ ਜਨਰਲ ਕਲੀਤਾ
ਮਨੀਪੁਰ ਵਿਚ ਜਾਤ ਅਧਾਰਤ ਟਕਰਾਅ ਨੂੰ ‘ਸਿਆਸੀ ਸਮੱਸਿਆ’ ਕਰਾਰ ਦਿੰਦਿਆਂ ਫੌਜ ਦੀ ਪੂਰਬੀ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਾਣਾ ਪ੍ਰਤਾਪ ਕਲਿਤਾ ਨੇ ਮੰਗਲਵਾਰ ਨੂੰ ਕਿਹਾ ਕਿ ਜਦੋਂ ਤਕ ਸੁਰੱਖਿਆ ਬਲਾਂ ਤੋਂ ਲੁੱਟੇ ਗਏ ਕਰੀਬ 4,000 ਹਥਿਆਰ ਆਮ ਲੋਕਾਂ ਤੋਂ ਬਰਾਮਦ ਨਹੀਂ ਕੀਤੇ ਜਾਂਦੇ। ਉਦੋਂ ਤਕ ਹਿੰਸਾ ਦੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ। ਪੂਰਬੀ ਕਮਾਂਡ ਦੇ ‘ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼’ ਨੇ ਇਹ ਵੀ ਕਿਹਾ ਕਿ ਭਾਰਤ ਮਿਜ਼ੋਰਮ ਅਤੇ ਮਨੀਪੁਰ ’ਚ ਆਮ ਪੇਂਡੂ, ਫੌਜ ਜਾਂ ਪੁਲਿਸ ਸਮੇਤ ਮਿਆਂਮਾਰ ਤੋਂ ਸ਼ਰਨ ਮੰਗਣ ਵਾਲੇ ਕਿਸੇ ਵੀ ਵਿਅਕਤੀ ਨੂੰ ਸ਼ਰਣ ਦੇ ਰਿਹਾ ਹੈ, ਪਰ ਨਸ਼ਾ ਤਸਕਰਾਂ ਦੇ ਅਤਿਵਾਦੀਆਂ ਸਮੂਹਾਂ ਦੇ ਹਥਿਆਰਬੰਦ ਕਾਡਰਾਂ ਨੂੰ ਨਹੀਂ। ਗੁਹਾਟੀ ਪ੍ਰੈੱਸ ਕਲੱਬ 'ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਲਿਤਾ ਨੇ ਕਿਹਾ, ‘‘ਸਾਡੀ ਕੋਸ਼ਿਸ਼ ਹਿੰਸਾ ਨੂੰ ਰੋਕਣਾ ਅਤੇ ਸਿਆਸੀ ਸਮੱਸਿਆ ਦੇ ਸ਼ਾਂਤੀਪੂਰਨ ਹੱਲ ਲਈ ਸੰਘਰਸ਼ ਦੇ ਦੋਹਾਂ ਪੱਖਾਂ ਨੂੰ ਪ੍ਰੇਰਿਤ ਕਰਨਾ ਹੈ। ਕਿਉਂਕਿ ਆਖਰਕਾਰ ਸਮੱਸਿਆ ਦਾ ਸਿਆਸੀ ਹੱਲ ਹੋਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਜਿੱਥੋਂ ਤਕ ਜ਼ਮੀਨੀ ਸਥਿਤੀ ਦਾ ਸਬੰਧ ਹੈ, ਭਾਰਤੀ ਫੌਜ ਦਾ ਉਦੇਸ਼ ਸ਼ੁਰੂ ’ਚ ਅਪਣੇ ਘਰਾਂ ਤੋਂ ਬੇਘਰ ਹੋਏ ਲੋਕਾਂ ਲਈ ਬਚਾਅ ਅਤੇ ਰਾਹਤ ਕਾਰਜਾਂ ਨੂੰ ਅੰਜਾਮ ਦੇਣਾ ਸੀ।