
ਸੋਸ਼ਲ ਮੀਡੀਆ ਜ਼ਰੀਏ ਦੇਸ਼ ਵਿਦੇਸ਼ ਤਕ ਪਹੁੰਚ ਰਿਹਾ ਕਿਸਾਨੀ ਸੰਘਰਸ਼ ਦਾ ਹਰ ਪੱਖ
ਨਵੀਂ ਦਿੱਲੀ : ਦਿੱਲੀ ਦੀਆਂ ਬਰੂਹਾਂ ’ਤੇ ਹੱਲ ਰਿਹਾ ਕਿਸਾਨੀ ਸੰਘਰਸ਼ ਅੱਜ 26ਵੇਂ ਦਿਨ ਵਿਚ ਪਹੰੁਚ ਗਿਆ ਹੈ। ਇੰਨੇ ਦਿਨਾਂ ਬਾਅਦ ਵਿਚ ਵੀ ਸੰਘਰਸ਼ੀ ਧਿਰਾਂ ਦੇ ਚਿਹਰਿਆਂ ’ਤੇ ਕੋਈ ਅਕੇਵਾਂ ਜਾਂ ਥਕੇਵਾਂ ਨਜ਼ਰੀ ਨਹੀਂ ਪੈ ਰਿਹਾ। ਜਿਉਂ ਜਿਉਂ ਸੰਘਰਸ਼ ਲਮੇਰਾ ਖਿੱਚਦਾ ਜਾ ਰਿਹਾ ਹੈ, ਕਿਸਾਨਾਂ ਦਾ ਜੋਸ਼ ਅਤੇ ਜਜ਼ਬਾ ਹੋਰ ਪਕੇਰਾ ਹੁੰਦਾ ਜਾ ਰਿਹਾ ਹੈ। ਦਿੱਲੀ ਦੀਆਂ ਸਰਹੱਦਾਂ ’ਤੇ ਵੱਸ ਚੁੱਕੇ ‘ਮਿੰਨੀ ਪੰਜਾਬ’ ਦੀ ਜੋੜ ਮੇਲੇ ਵਰਗੀ ਦਿੱਖ ਵੀ ਸਮੇਂ ਦੇ ਬੀਤਣ ਨਾਲ ਹੋਰ ਨਿਖਾਰਦੀ ਜਾ ਰਹੀ ਹੈ। ਸੱਤਾਧਾਰੀ ਧਿਰ ਕਿਸਾਨਾਂ ਦੇ ਘੋਲ ਨੂੰ ਲੀਹੋ ਲਾਹੁਣ ਲਈ ਜਿਹੜਾ ਵੀ ਹੱਥਕੰਡਾ ਅਪਨਾਉਂਦੀ ਹੈ, ਕਿਸਾਨ ਉਸ ਦਾ ਨਾਲੋਂ-ਨਾਲ ਤੋੜ ਲੱਭ ਲੈਂਦੇ ਹਨ।
Punjab, Haryana Farmers
ਪ੍ਰਧਾਨ ਮੰਤਰੀ ਮੋਦੀ ਵਲੋਂ ਵਿਰੋਧੀਆਂ ਨੂੰ ਠਿੱਬੀ ਲਾਉਣ ਅਤੇ ਅਪਣੀ ਗੱਲ ਪੁਗਾਉਣ ਲਈ ਵਰਤੇ ਜਾਂਦੇ ਢੰਗ-ਤਰੀਕਿਆਂ ਨੂੰ ਹਾਈਜੈਕ ਕਰਦਿਆਂ ਕਿਸਾਨ ਆਗੂਆਂ ਨੇ ਵੀ ਉਸੇ ਤਰਜ ’ਤੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿਤਾ ਹੈ। ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਦੀ 27 ਦਸੰਬਰ ਦੀ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਤਾੜੀਆਂ ਅਤੇ ਥਾਲੀਆਂ ਵਜਾਉਣ ਦਾ ਸੁਨੇਹਾ ਦਿਤਾ ਹੈ। ਇਹ ਸਾਰਾ ਕੁੱਝ ਪ੍ਰਧਾਨ ਮੰਤਰੀ ਕਰੋਨਾ ਕਾਲ ਦੌਰਾਨ ਘਰਾਂ ’ਚ ਬੰਦ ਲੋਕਾਂ ਤੋਂ ਕਰਵਾਉਂਦੇ ਰਹੇ ਹਨ।
Farmers Protest
ਕਿਸਾਨ ਦੀ ਇਸ ਚਤੁਰਾਈ ਅਤੇ ਸਿਆਣਪ ਨੂੰ ਵੇਖ ਕੇ ਵੱਡੇ-ਵੱਡੇ ਸਿਆਸੀ ਮਾਹਿਰ ਵੀ ਦੰਦਾਂ ਹੇਠ ਉਂਗਲਾਂ ਦੱਬਣ ਲਈ ਮਜ਼ਬੂਰ ਹਨ। ਕਿਸਾਨਾਂ ਨੇ ਹਰ ਉਸ ਸਮੱਸਿਆ ਤੋੜ ਲੱਭ ਲਿਆ ਹੈ, ਜਿਸ ਦੇ ਦਮ ’ਤੇ ਸੱਤਾਧਾਰੀ ਧਿਰ ਕਿਸਾਨੀ ਘੋਲ ਨੂੰ ਖੇਰੂ-ਖੇਰੂ ਕਰਨ ਦੇ ਮਨਸੂਬੇ ਘੜ ਰਹੀ ਸੀ। ਹੁਣ ਤਾਂ ਨੌਬਤ ਇਹ ਆ ਗਈ ਹੈ ਕਿ ਸੱਤਾਧਾਰੀ ਧਿਰ ਦੀਆਂ ਕੋਸ਼ਿਸ਼ਾਂ ਦਾ ਲੋਕ ਮਜ਼ਾਕ ਉਡਾਉਣ ਲੱਗ ਪਏ ਹਨ। ਜਦੋਂ ਭਾਜਪਾ ਆਗੂ 2022 ਵਿਚ ਪੰਜਾਬ ਅੰਦਰ ਅਪਣੀ ਸਰਕਾਰ ਆਉਣ ਦਾ ਦਾਅਵਾ ਕਰਦੇ ਹਨ ਤਾਂ ਸੋਸ਼ਲ ਮੀਡੀਆ ’ਚ ਅਜਿਹੀਆਂ ਖਬਰਾਂ ਹੇਠਾਂ ਖਿਲੀ ਉਡਾਉਂਦੇ ਕੁਮੈਂਟਾਂ ਦੀ ਹਨੇਰੀ ਆ ਜਾਂਦੀ ਹੈ। ਪੰਜਾਬ, ਹਰਿਆਣਾ ਦੇ ਕਿਸਾਨਾਂ ਵਿਚਾਲੇ ਫੁਟ ਪਾਉਣ ਲਈ ਐਸ.ਵਾਈ.ਐਲ. ਨਹਿਰ ਦਾ ਮੁੱਦਾ ਉਛਾਲਣ ਵਾਲੇ ਭਾਜਪਾ ਆਗੂਆਂ ਹਿੱਸੇ ਵੀ ਸ਼ੋਸ਼ਲ ਮੀਡੀਆ ’ਤੇ ਮਣਾ-ਮੂਹੀਂ ਮੁਖਾਲਫ਼ਿਤੀ ਕੁਮੈਂਟ ਆ ਰਹੇ ਹਨ।
Narendra Tomar
ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਦੀ ਹਰ ਖੇਡ ਅਸਫ਼ਲ ਹੋਣ ਬਾਅਦ ਭਾਜਪਾ ਆਗੂ ਹੁਣ ਬਿਨਾਂ ਸਿਰ-ਪੈਰ ਦੀ ਬਿਆਨਬਾਜ਼ੀ ਕਰਨ ਲੱਗੇ ਹਨ। ਆਗੂਆਂ ਮੁਤਾਬਕ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਅਤੇ ਕਿਸਾਨ ਬਿਨਾਂ ਵਜ੍ਹਾ ਸੰਘਰਸ਼ ਨੂੰ ਲਮਕਾ ਰਹੇ ਹਨ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵਲੋਂ ਖੇਤੀ ਕਾਨੂੰਨ ਰੱਦ ਕਰਨ ਲਈ ਦਿਤੀਆਂ ਜਾ ਰਹੀਆਂ ਦਲੀਲਾਂ ਨਾਲ ਵੱਡੇ ਵੱਡੀ ਵਕੀਲ, ਸਿਆਸਤਦਾਨ ਅਤੇ ਖੇਤੀ ਮਾਹਿਰ ਵੀ ਸਹਿਮਤ ਹਨ। ਸੱਤਾਧਾਰੀ ਧਿਰ ਨੂੰ ਅਪਣੀ ਬੇਤੁਕੀ ਬਿਆਨਬਾਜ਼ੀ ਲਈ ਵੀ ਮੁਖਾਲਫ਼ਿਤ ਸਹਿਣੀ ਪੈ ਰਹੀ ਹੈ।
Farmers Protest
ਇਸ ਤੋਂ ਪਹਿਲਾਂ ਕਿਸਾਨਾਂ ਨੂੰ ਨਕਸਲ-ਪੱਖੀ, ਖਾਲਿਸਤਾਨ ਪੱਖੀ ਅਤੇ ਚੀਨ, ਪਾਕਿਸਤਾਨ ਦੇ ਹਮਾਇਤੀ ਸਾਬਤ ਕਰਨ ਦੀ ਕੋਸ਼ਿਸ਼ ਲਈ ਵੀ ਸਰਕਾਰ ਨੂੰ ਹਿੰਦੂ ਭਾਈਚਾਰੇ ਤੋਂ ਖਰੀਆਂ ਸੁਣਨੀਆਂ ਪਈਆਂ ਸਨ। ਹਿੰਦੂ ਨੌਜਵਾਨ ਦਾ ਖੁਦ ਨੂੰ ‘ਹਿੰਦੂ ਖਾਲਿਸਤਾਨੀ’ ਕਹਿਣਾ ਸੱਤਾਧਾਰੀ ਲਈ ਵੱਡਾ ਝਟਕਾ ਸੀ। ਕਿਸਾਨੀ ਕਾਨੂੰਨਾਂ ਨੂੰ ਸਹੀ ਸਾਬਤ ਕਰਨ ਦੇ ਝੂਠੇ ਪ੍ਰਚਾਰ ਦਾ ਵੀ ਲੋਕਾਂ ਨੇ ਚੋਰਾਹੇ ਭਾਂਡਾ ਭੰਨ ਦਿਤਾ ਹੈ। ਉਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਏ ਕਿਸਾਨਾਂ ਨੇ ਇਸ ਦੇ ਨੁਕਸਾਨਾਂ ਗਿਣਾ ਕੇ ਸਰਕਾਰ ਵਲੋਂ ‘ਕਾਨੂੰਨ ਫ਼ਾਇਦੇਮੰਦ’ ਹੋਣ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ੍ਹ ਦਿਤੀ ਹੈ।
Bjp Leadership
ਮੋਦੀ ਸਰਕਾਰ ਨੇ ਜਿੰਨੀਆਂ ਵੀ ਚੋਣਾਂ ਜਿੱਤੀਆਂ ਹਨ, ਉਹ ਪ੍ਰਚਾਰ ਅਤੇ ਇਸ਼ਤਿਹਾਰਬਾਜ਼ੀ ਦੇ ਦਮ ’ਤੇ ਜਿੱਤੀਆਂ ਹਨ। ਕਿਸਾਨੀ ਘੋਲ ਨੂੰ ਅਸਫ਼ਲ ਬਣਾਉਣ ਲਈ ਵੀ ਕੇਂਦਰ ਸਰਕਾਰ ਨੇ ਧੂਆਧਾਰ ਪ੍ਰਚਾਰ ਅਤੇ ਇਸ਼ਤਿਹਾਰਬਾਜ਼ੀ ਦਾ ਦੌਰ ਅਰੰਭਿਆ ਪਰ ਕਿਸਾਨਾਂ ਦੀ ਸੂਝ ਬੂਝ ਅਤੇ ਦੂਰ-ਅੰਦੇਸ਼ੀ ਸੋਚ ਅੱਗੇ ਸਰਕਾਰ ਦਾ ਸਾਰੇ ਦਾਅ ਪੁੱਠੇ ਪੈਂਦੇ ਆ ਰਹੇ ਹਨ। ਖੁਦ ਨੂੰ ਹਾਈਟੈਕ ਸਮਝਣ ਵਾਲੀ ਕੇਂਦਰ ਸਰਕਾਰ ਲਈ ‘ਹਾਈਟੈਕ ਕਿਸਾਨ’ ਵੱਡੀ ਸਮੱਸਿਆ ਬਣੇ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਟੀਵੀ ਅਤੇ ਰੇਡੀਓ ਜ਼ਰੀਏ ਲੋਕਾਂ ਤਕ ‘ਮਨ ਕੀ ਬਾਤ’ ਪਹੁੰਚਾਉਂਦੇ ਰਹੇ ਹਨ। ਹੁਣ ਇਹੀ ਤਰੀਕਾ ਕਿਸਾਨਾਂ ਨੇ ਅਪਨਾ ਲਿਆ ਹੈ।
Farmers Protest
ਕਿਸਾਨਾਂ ਨੇ ਆਪਣਾ ਆਈ.ਟੀ. ਸੈਲ ਕਾਇਮ ਕਰਦਿਆਂ ਸੋਸ਼ਲ ਮੀਡੀਆ ਜ਼ਰੀਏ ਅਪਣੀ ਗੱਲ ਦੁਨੀਆਂ ਦੇ ਕੋਨੇ ਕੋਨੇ ਤਕ ਪਹੁੰਚਾਈ ਜਾ ਰਹੀ ਹੈ। ਭਾਵੇਂ ਕੌਮੀ ਮੀਡੀਆ ਕਿਸਾਨਾਂ ਦੀ ਗੱਲ ਨੂੰ ਅਣਗੌਲਿਆ ਕਰ ਕੇ ਸੱਤਾਧਾਰੀ ਧਿਰ ਦੀ ਵਫ਼ਾਦਾਰੀ ਨਿਭਾਅ ਰਿਹਾ ਹੈ, ਪਰ ਕਿਸਾਨਾਂ ਨੇ ਇਸ ਦਾ ਵੀ ਤੋੜ ਲੱਭ ਲਿਆ ਹੈ। ਕਿਸਾਨਾਂ ਨੇ ਆਪਣਾ ਯੂ-ਟਿਊਬ ਚੈਨਲ ਵੀ ਸ਼ੁਰੂ ਕਰ ਦਿਤਾ ਹੈ, ਜਿਸ ’ਚ ਵੱਡੀ ਗਿਣਤੀ ਲੋਕ ਜੁੜ ਰਹੇ ਹਨ। ਇਸੇ ਤਰ੍ਹਾਂ ਕੁੱਝ ਨੌਜਵਾਨਾਂ ਨੇ ‘ਟਰਾਲੀ ਟਾਇਮਜ਼’ ਨਾਮ ਦੀ ਪੱਤਿ੍ਰਕਾ ਸ਼ੁਰੂ ਕਰ ਦਿਤੀ ਹੈ, ਜਿਸ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕਿਸਾਨਾਂ ਦੇ ਸੋਸ਼ਲ ਮੀਡੀਆ ’ਚ ਪੂਰੀ ਤਰ੍ਹਾਂ ਛਾਂ ਜਾਣ ਤੋਂ ਬਾਅਦ ਕਿਸਾਨਾਂ ਦੇ ਪੇਜ ਬਲੌਕ ਕਰਨ ਦੀ ਗੱਲ ਸਾਹਮਣੇ ਆਈ।
Manohar Lal Khattar
ਇੱਥੇ ਹੀ ਬੱਸ ਨਹੀਂ, ਕਿਸਾਨਾਂ ਵਲੋਂ ਚਲਾਏ ਜਾ ਰਹੇ ‘ਫੇਸਬੁੱਕ’ ਤੇ ‘ਇੰਸਟਾਗ੍ਰਾਮ’ ਅਕਾਊਂਟ ਵੀ ਐਤਵਾਰ ਨੂੰ ਪਹਿਲਾਂ ਬਲੌਕ ਕਰ ਦਿੱਤੇ ਗਏ। ਇਸ ਕਾਰਵਾਈ ਦੀ ਦੁਨੀਆਂ ਭਰ ਅੰਦਰ ਮੁਖਾਲਫਿਤ ਸ਼ੁਰੂ ਹੋਣ ਬਾਅਦ ਇਨ੍ਹਾਂ ਨੂੰ ਮੁੜ ਚਾਲੂ ਕਰ ਦਿਤਾ ਗਿਆ ਹੈ। ਕਿਸਾਨਾਂ ਨੇ ਇਸ ਸਭ ਪਿੱਛੇ ਸਰਕਾਰ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ। ਕਿਸਾਨਾਂ ਦੀ ਛੋਟੀ-ਛੋਟੀ ਗੱਲ ਸੋਸ਼ਲ ਮੀਡੀਆ ਰਾਹੀਂ ਦੁਨੀਆਂ ਦੇ ਕੋਨੇ ਕੋਨੇ ਵਿਚ ਪਹੁੰਚਣ ਬਾਅਦ ਕੌਮੀ ਮੀਡੀਆ ਵੀ ਮਜਬੂਰੀਵੱਸ ਕਿਸਾਨ ਦੀਆਂ ਖ਼ਬਰਾਂ ਵਿਖਾਉਣ ਲੱਗਾ ਹੈ, ਭਾਵੇਂ ਉਸ ਦਾ ਜ਼ਿਆਦਾ ਜ਼ੋਰ ਸੱਤਾਧਾਰੀ ਧਿਰ ਵਲੋਂ ਕਿਸਾਨੀ ਸੰਘਰਸ਼ ਖਿਲਾਫ਼ ਸ਼ੁਰੂ ਕੀਤੇ ਪ੍ਰਾਪੰਗੰਡੇ ਨੂੰ ਵਿਖਾਉਣ ’ਤੇ ਲੱਗਾ ਹੋਇਆ ਹੈ।