
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 283 ਹੋ ਗਈ ਹੈ।
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 283 ਹੋ ਗਈ ਹੈ। ਮੰਤਰਾਲੇ ਨੇ ਸਨਿਚਰਵਾਰ ਨੂੰ ਵੀਡੀਉ ਕਾਨਫ਼ਰੰਸ ਰਾਹੀਂ 1000 ਥਾਵਾਂ 'ਤੇ ਸਖ਼ਤ ਦੇਖਭਾਲ ਪ੍ਰਬੰਧਨ 'ਤੇ ਸਿਖਲਾਈ ਕੈਂਪ ਲਗਾਏ। ਮੰਤਰਾਲੇ ਨੇ ਦਸਿਆ ਕਿ ਸਰਕਾਰੀ ਹਸਪਤਾਲਾਂ 'ਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਹੰਗਾਮੀ ਪ੍ਰਤੀਕਿਰਿਆ ਲਈ 22 ਮਾਰਚ ਨੂੰ ਦੇਸ਼ਪੱਧਰੀ ਮਾਕ ਡਰਿੱਲ ਹੋਵੇਗੀ।
Photo
ਉਧਰ ਇੰਡੀਅਨ ਕੌਂਸਲ ਆਫ਼ ਮੈਡੀਕਲ ਰੀਸਰਚ (ਆਈ.ਸੀ.ਐਮ.ਆਰ.) ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੀ ਅਪਣੀ ਰਣਨੀਤੀ 'ਚ ਸੋਧ ਕਰਦਿਆਂ ਕਿਹਾ ਕਿ ਸਾਹ ਸਬੰਧੀ ਗੰਭੀਰ ਬਿਮਾਰੀ, ਸਾਹ ਲੈਣ 'ਚ ਤਕਲੀਫ਼ ਅਤੇ ਬੁਖ਼ਾਰ ਤੇ ਖੰਘ ਦੀ ਸ਼ਿਕਾਇਤ ਨਾਲ ਹਸਪਤਾਲ 'ਚ ਭਰਤੀ ਸਾਰੇ ਮਰੀਜ਼ਾਂ ਦੀ ਕੋਵਿਡ-19 ਇਨਫ਼ੈਕਸ਼ਨ ਲਈ ਜਾਂਚ ਕੀਤੀ ਜਾਵੇਗੀ।
photo
ਆਈ.ਸੀ.ਐਮ.ਆਰ. ਨੇ ਅਪਣੀਆਂ ਨਵੀਆਂ ਹਦਾਇਤਾਂ 'ਚ ਇਹ ਵੀ ਕਿਹਾ ਹੈ ਕਿ ਪੀੜਤ ਲੋਕਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਸੰਪਰਕ 'ਚ ਆਉਣ ਤੋਂ ਪੰਜਵੇਂ ਅਤੇ 14ਵੇਂ ਦਿਨ ਵਿਚਕਾਰ ਜਾਂਚ ਕੀਤੀ ਜਾਣੀ ਚਾਹੀਦੀ ਹੈ, ਭਾਵੇਂ ਉਨ੍ਹਾਂ 'ਚ ਬਿਮਾਰੀ ਦੇ ਲੱਛਣ ਨਾ ਵੀ ਦਿਸਣ।ਸਿਹਤ ਮੰਤਰਾਲੇ ਨੇ ਕਿਹਾ ਕਿ ਲੋਕਾਂ ਨੂੰ ਵਿਖਾਵੇ ਲਈ ਜਾਂ ਖ਼ੁਦ ਦੀ ਤਸੱਲੀ ਲਈ ਕੋਰੋਨਾ ਵਾਇਰਸ ਦੀ ਜਾਂਚ ਨਹੀਂ ਕਰਵਾਉਣੀ ਚਾਹੀਦੀ।
Photo
ਇਹ ਤੈਅ ਹਦਾਇਤਾਂ ਅਨੁਸਾਰ ਹੀ ਕੀਤੀ ਜਾਣੀ ਚਾਹੀਦੀ ਹੈ।ਉਧਰ ਸਰਕਾਰ ਨੇ ਇਸ ਸਾਲ 30 ਜੂਨ ਤਕ ਹੈਂਡ ਸੈਨੇਟਾਈਜ਼ਰ ਦੀ 200 ਮਿਲੀਲਿਟਰ ਦੀ ਬੋਤਲ ਦੀ ਵੱਧ ਤੋਂ ਵੱਧ ਪ੍ਰਚੂਨ ਕੀਮਤ 100 ਰੁਪਏ ਤੈਅ ਕਰ ਦਿਤੀ ਹੈ। ਇਸ ਫ਼ੈਸਲੇ ਦਾ ਮਕਸਦ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਕਾਬੂ ਕਰਨ ਦੌਰਾਨ ਕੀਮਤਾਂ ਨੂੰ ਕਾਬੂ 'ਚ ਰਖਣਾ ਹੈ।
Photo
ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਇਕ ਬਿਆਨ 'ਚ ਕਿਹਾ ਕਿ ਦੋ ਪਰਤ ਵਾਲੇ (ਸਰਜੀਕਲ) ਮਾਸਕ ਦੀ ਕੀਮਤ ਅੱਠ ਰੁਪਏ ਅਤੇ ਤਿੰਨ ਪਰਤ ਵਾਲੇ (ਸਰਜੀਕਲ) ਮਾਸਕ ਦੀ ਕੀਮਤ 10 ਰੁਪਏ ਤੈਅ ਕੀਤੀ ਗਈ ਹੈ। ਇਹ ਫ਼ੈਸਲਾ ਹੈਂਡ ਸੈਨੇਟਾਈਜ਼ਰ ਅਤੇ ਫ਼ੇਸ ਮਾਸਕ ਬਣਾਉਣ ਦੇ ਕੱਚੇ ਮਾਲ ਦੀਆਂ ਕੀਮਤਾਂ 'ਚ ਤੇਜ਼ ਵਾਧੇ ਨੂੰ ਧਿਆਨ 'ਚ ਰਖਦਿਆਂ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ