
ਸਕੂਲ ਦਾ ਨਾਮ ਸ਼ਹੀਦ ਭਗਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਸਕੂਲ ਰੱਖਿਆ ਜਾਵੇਗਾ।
ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਸੁਰੱਖਿਆ ਬਲਾਂ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਦਿੱਲੀ ਵਿਚ ਤਿਆਰ ਕੀਤੇ ਜਾਣ ਵਾਲੇ ਸਰਕਾਰੀ ਸਕੂਲ ਦਾ ਨਾਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਮ 'ਤੇ ਰੱਖਿਆ ਜਾਵੇਗਾ। ਇਹ ਸਕੂਲ ਝੜੌਦਾ ਕਲਾਂ ਵਿਚ ਆਧੁਨਿਕ ਸਹੂਲਤਾਂ ਨਾਲ 14 ਏਕੜ ਜ਼ਮੀਨ ਵਿਚ ਬਣਾਇਆ ਜਾਵੇਗਾ।
ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਮੁੱਖ ਮੰਤਰੀ ਨੇ ਕਿਹਾ, "23 ਮਾਰਚ (1931) ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ।" ਉਹਨਾਂ ਨੇ ਇਕ ਆਨਲਾਈਨ ਪ੍ਰੈਸ ਕਾਨਫਰੰਸ ਵਿਚ ਕਿਹਾ, “20 ਦਸੰਬਰ 2021 ਨੂੰ ਅਸੀਂ ਐਲਾਨ ਕੀਤਾ ਸੀ ਕਿ ਦਿੱਲੀ ਵਿਚ ਇਕ ਸਕੂਲ ਹੋਵੇਗਾ ਜਿੱਥੇ ਵਿਦਿਆਰਥੀਆਂ ਨੂੰ ਸੁਰੱਖਿਆ ਬਲਾਂ ਲਈ ਤਿਆਰ ਕੀਤਾ ਜਾਵੇਗਾ। ਸਕੂਲ ਦਾ ਨਾਮ ਸ਼ਹੀਦ ਭਗਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਸਕੂਲ ਰੱਖਿਆ ਜਾਵੇਗਾ”।
ਮੁੱਖ ਮੰਤਰੀ ਨੇ ਕਿਹਾ ਕਿ ਇਹ ਰਿਹਾਇਸ਼ੀ ਸਕੂਲ ਹੋਵੇਗਾ ਅਤੇ ਵਿਦਿਆਰਥੀਆਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ। ਉਹਨਾਂ ਕਿਹਾ, “ਸਕੂਲ 9ਵੀਂ ਅਤੇ 11ਵੀਂ ਜਮਾਤ ਵਿਚ ਵਿਦਿਆਰਥੀਆਂ ਨੂੰ ਦਾਖਲ ਕੀਤਾ ਜਾਵੇਗਾ। ਹਰ ਕਲਾਸ ਲਈ 100 ਸੀਟਾਂ ਹੋਣਗੀਆਂ। ਸਾਨੂੰ 200 ਸੀਟਾਂ ਲਈ 18,000 ਅਰਜ਼ੀਆਂ ਮਿਲੀਆਂ ਹਨ।"
ਕੇਜਰੀਵਾਲ ਨੇ ਦੱਸਿਆ ਕਿ ਨੌਵੀਂ ਜਮਾਤ ਵਿਚ ਦਾਖ਼ਲੇ ਲਈ ਯੋਗਤਾ ਪ੍ਰੀਖਿਆ 27 ਮਾਰਚ ਨੂੰ ਹੋਵੇਗੀ। ਅਗਲੇ ਦਿਨ 11ਵੀਂ ਜਮਾਤ ਦੀ ਪ੍ਰੀਖਿਆ ਹੋਵੇਗੀ। ਦੂਜੇ ਪੜਾਅ ਵਿਚ ਇੰਟਰਵਿਊਆਂ ਹੋਣਗੀਆਂ। ਉਹਨਾਂ ਦੱਸਿਆ ਕਿ ਰਿਟਾਇਰਡ ਆਰਮੀ ਅਫਸਰ, ਨੇਵੀ ਅਤੇ ਏਅਰ ਫੋਰਸ ਦੇ ਅਧਿਕਾਰੀ ਵਿਦਿਆਰਥੀਆਂ ਨੂੰ ਪੜ੍ਹਾਉਣਗੇ।