
ਕਸ਼ਮੀਰੀ ਪੰਡਤਾਂ ਦੇ ਪਰਵਾਸ 'ਤੇ ਬਣੀ ਫਿਲਮ 'ਦਿ ਕਸ਼ਮੀਰ ਫਾਈਲਜ਼' ਇਹਨੀਂ ਦਿਨੀਂ ਕਾਫੀ ਚਰਚਾ 'ਚ ਹੈ।
ਸ੍ਰੀਨਗਰ: ਕਸ਼ਮੀਰੀ ਪੰਡਤਾਂ ਦੇ ਪਰਵਾਸ 'ਤੇ ਬਣੀ ਫਿਲਮ 'ਦਿ ਕਸ਼ਮੀਰ ਫਾਈਲਜ਼' ਇਹਨੀਂ ਦਿਨੀਂ ਕਾਫੀ ਚਰਚਾ 'ਚ ਹੈ। ਫਿਲਮ ਨੂੰ ਲੈ ਕੇ ਕਾਫੀ ਵਿਵਾਦ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਜੇਕਰ ਕੋਈ ਖਾਸ ਲੋੜ ਹੋਈ ਤਾਂ 1990 ਵਿਚ ਘਾਟੀ ਤੋਂ ਕਸ਼ਮੀਰੀ ਪੰਡਤਾਂ ਦੇ ਪਰਵਾਸ ਨਾਲ ਸਬੰਧਤ ਮਾਮਲਿਆਂ ਨੂੰ ਮੁੜ ਖੋਲ੍ਹਿਆ ਜਾ ਸਕਦਾ ਹੈ।
ਉਹਨਾਂ ਕਿਹਾ, "ਅਸੀਂ ਕਸ਼ਮੀਰ ਦੀਆਂ ਫਾਈਲਾਂ ਨੂੰ ਦੇਖਾਂਗੇ ਜੇਕਰ ਇਸ ਨਾਲ ਸਬੰਧਤ ਕੋਈ ਖਾਸ ਮੁੱਦਾ ਹੈ। ਅਸੀਂ ਅਤਿਵਾਦ ਨਾਲ ਜੁੜੇ ਕਿਸੇ ਵੀ ਮਾਮਲੇ ਦੀ ਤਲਾਸ਼ ਕਰ ਰਹੇ ਹਾਂ ਅਤੇ ਅੱਗੇ ਵੀ ਜਾਰੀ ਰੱਖਾਂਗੇ। ਅਸੀਂ ਅਤਿਵਾਦੀ ਅਪਰਾਧ ਲਈ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ਾਂਗੇ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।"
ਉਹਨਾਂ ਕਿਹਾ ਕਿ ਜਦੋਂ ਤੱਕ ਘਾਟੀ 'ਚ ਅਤਿਵਾਦੀਆਂ ਦੀ ਮੌਜੂਦਗੀ ਹੈ, ਉਦੋਂ ਤੱਕ ਨਿਸ਼ਾਨਾ ਕਤਲ ਸੁਰੱਖਿਆ ਏਜੰਸੀਆਂ ਲਈ ਚੁਣੌਤੀ ਬਣੇ ਰਹਿਣਗੇ। ਉਹਨਾਂ ਕਿਹਾ ਕਿ ਸੁਰੱਖਿਆ ਬਲ ਅਤਿਵਾਦੀਆਂ ਦੀ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਸਰਹੱਦ 'ਤੇ ਚੌਕਸੀ ਰੱਖ ਰਹੇ ਹਨ।