
12 ਲੋਕਾਂ ਨੂੰ ਡੋਮਿਨਿਕਨ ਰੀਪਬਲਿਕ ਲਿਜਾਇਆ ਗਿਆ
Operation Indravati: ਨਵੀਂ ਦਿੱਲੀ - ਭਾਰਤ ਸਰਕਾਰ ਨੇ ਹੈਤੀ ਵਿਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਆਪਰੇਸ਼ਨ ਇੰਦਰਾਵਤੀ ਸ਼ੁਰੂ ਕੀਤਾ ਹੈ। ਇਸ ਤਹਿਤ ਵੀਰਵਾਰ ਦੇਰ ਰਾਤ 12 ਲੋਕਾਂ ਨੂੰ ਕੈਰੇਬੀਅਨ ਟਾਪੂ ਡੋਮਿਨਿਕਨ ਰੀਪਬਲਿਕ ਲਿਜਾਇਆ ਗਿਆ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਹ ਜਾਣਕਾਰੀ ਦਿੱਤੀ। ਹੈਤੀ ਵਿਚ 23 ਦਿਨਾਂ ਤੋਂ ਹਿੰਸਾ ਜਾਰੀ ਹੈ। ਸੜਕਾਂ 'ਤੇ ਲਾਸ਼ਾਂ ਪਈਆਂ ਹਨ।
ਜੈਸ਼ੰਕਰ ਨੇ ਵੀਰਵਾਰ ਰਾਤ ਨੂੰ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਭਾਰਤ ਨੇ ਹੈਤੀ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਆਪਰੇਸ਼ਨ ਇੰਦਰਾਵਤੀ ਸ਼ੁਰੂ ਕੀਤਾ ਹੈ। ਅੱਜ 12 ਭਾਰਤੀਆਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਨੂੰ ਡੋਮਿਨਿਕਨ ਰੀਪਬਲਿਕ ਭੇਜਿਆ ਗਿਆ ਸੀ। ਅਸੀਂ ਵਿਦੇਸ਼ਾਂ ਵਿਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਉਨ੍ਹਾਂ ਦੇ ਸਮਰਥਨ ਲਈ ਡੋਮਿਨਿਕਨ ਰੀਪਬਲਿਕ ਦੀ ਸਰਕਾਰ ਦਾ ਧੰਨਵਾਦ।
ਕੈਰੇਬੀਅਨ ਦੇਸ਼ ਹੈਤੀ ਵਿਚ ਮਾਰਚ ਦੀ ਸ਼ੁਰੂਆਤ ਤੋਂ ਹੀ ਹਿੰਸਾ ਜਾਰੀ ਹੈ। ਦਰਅਸਲ 29 ਫਰਵਰੀ ਨੂੰ ਦੇਸ਼ 'ਚ ਮੌਜੂਦ ਅਪਰਾਧਿਕ ਗਿਰੋਹ ਦੇ ਮੈਂਬਰਾਂ ਨੇ ਕਈ ਸਰਕਾਰੀ ਅਦਾਰਿਆਂ 'ਤੇ ਹਮਲੇ ਕੀਤੇ ਸਨ। ਉਨ੍ਹਾਂ ਨੇ ਜੇਲ੍ਹ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ 4 ਹਜ਼ਾਰ ਕੈਦੀ ਫਰਾਰ ਹੋ ਗਏ। ਇਹ ਹਥਿਆਰਬੰਦ ਲੋਕ ਦੇਸ਼ ਦੇ ਕਈ ਹਿੱਸਿਆਂ ਵਿਚ ਦੁਕਾਨਾਂ ਅਤੇ ਘਰਾਂ ਨੂੰ ਅੱਗ ਲਗਾ ਰਹੇ ਹਨ ਅਤੇ ਭੰਨ-ਤੋੜ ਕਰ ਰਹੇ ਹਨ।
15 ਮਾਰਚ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਸੀ- ਲੋੜ ਪੈਣ 'ਤੇ ਭਾਰਤ ਹੈਤੀ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਤਿਆਰ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਹੈਤੀ ਵਿਚ ਇੱਕ ਸੰਕਟ ਹੈ। ਜੇਕਰ ਲੋੜ ਪਈ ਤਾਂ ਅਸੀਂ ਆਪਣੇ ਲੋਕਾਂ ਨੂੰ ਉਥੋਂ ਕੱਢਾਂਗੇ। ਅਸੀਂ ਨਿਕਾਸੀ ਲਈ ਤਿਆਰ ਹਾਂ। ਅਸੀਂ ਇੱਥੇ ਵਿਦੇਸ਼ ਮੰਤਰਾਲੇ ਵਿੱਚ ਇੱਕ ਕੰਟਰੋਲ ਰੂਮ ਬਣਾਇਆ ਹੈ। ਅਸੀਂ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ।
ਹੈਤੀ ਵਿਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ 'ਤੇ ਜੈਸਵਾਲ ਨੇ ਕਿਹਾ ਸੀ ਕਿ ਡੋਮਿਨਿਕਨ ਰੀਪਬਲਿਕ ਦੀ ਰਾਜਧਾਨੀ ਸੈਂਟੋ ਡੋਮਿੰਗੋ ਵਿਚ ਦੂਤਾਵਾਸ, ਜੋ ਹੈਤੀ ਲਈ ਮਾਨਤਾ ਪ੍ਰਾਪਤ ਹੈ, ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ। ਸੈਂਟੋ ਡੋਮਿੰਗੋ ਵਿਚ ਸਾਡਾ ਦੂਤਾਵਾਸ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਮੰਤਰਾਲਾ ਵੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ।
12 ਮਾਰਚ ਨੂੰ ਹੈਤੀ ਦੇ ਪ੍ਰਧਾਨ ਮੰਤਰੀ ਏਰੀਅਲ ਹੈਨਰੀ ਨੇ ਵਧਦੀ ਹਿੰਸਾ ਦੇ ਵਿਚਕਾਰ ਅਸਤੀਫ਼ਾ ਦੇ ਦਿੱਤਾ। ਬ੍ਰਿਟਿਸ਼ ਮੀਡੀਆ ਬੀਬੀਸੀ ਮੁਤਾਬਕ ਪ੍ਰਧਾਨ ਮੰਤਰੀ ਏਰੀਅਲ ਹੈਨਰੀ ਦੇ ਕੀਨੀਆ ਦੌਰੇ ਤੋਂ ਬਾਅਦ ਹੈਤੀ ਵਿਚ ਹਿੰਸਾ ਸ਼ੁਰੂ ਹੋ ਗਈ। ਦਰਅਸਲ, ਪ੍ਰਧਾਨ ਮੰਤਰੀ ਹੈਤੀ ਵਿਚ ਕੀਨੀਆ ਦੀ ਅਗਵਾਈ ਵਾਲੀ ਬਹੁ-ਰਾਸ਼ਟਰੀ ਸੁਰੱਖਿਆ ਬਲ ਦੀ ਤਾਇਨਾਤੀ 'ਤੇ ਚਰਚਾ ਕਰਨ ਲਈ ਨੈਰੋਬੀ ਗਏ ਹਨ। ਇਸ ਤੋਂ ਬਾਅਦ ਹੈਤੀ ਦੇ ਸਾਰੇ ਅਪਰਾਧੀ ਗਰੋਹਾਂ ਨੇ ਇਕਜੁੱਟ ਹੋ ਕੇ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਲਈ ਹਿੰਸਾ ਸ਼ੁਰੂ ਕਰ ਦਿੱਤੀ।
2 ਮਾਰਚ ਨੂੰ ਦੋ ਜੇਲ੍ਹਾਂ 'ਤੇ ਹਮਲਾ ਹੋਇਆ ਸੀ। ਇੱਥੋਂ 4 ਹਜ਼ਾਰ ਕੈਦੀ ਫਰਾਰ ਹੋ ਗਏ। ਕਈਆਂ ਨੂੰ ਪੁਲਿਸ ਨੇ ਮਾਰ ਦਿੱਤਾ। ਫਰਾਰ ਹੋਣ ਵਾਲੇ ਕੈਦੀਆਂ ਵਿਚ ਉਹ ਕੈਦੀ ਵੀ ਸ਼ਾਮਲ ਹੈ ਜਿਸ ਨੇ 2021 ਵਿਚ ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਇਸ ਦੀ ਹੱਤਿਆ ਕੀਤੀ ਸੀ। ਸੰਯੁਕਤ ਰਾਸ਼ਟਰ ਦੇ ਅਨੁਸਾਰ, ਹੈਤੀ ਦਾ 80% ਹਿੱਸਾ ਹੁਣ ਅਪਰਾਧਿਕ ਗਰੋਹਾਂ ਦੁਆਰਾ ਨਿਯੰਤਰਿਤ ਹੈ। ਬਾਕੀ ਇਲਾਕਿਆਂ ਵਿੱਚ ਹਿੰਸਾ ਜਾਰੀ ਹੈ। 30 ਹਜ਼ਾਰ ਤੋਂ ਵੱਧ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ।
(For more Punjabi news apart from, Operation Indravati started to save Indians trapped in Haiti, stay tuned to Rozana Spokesman)