
ਪਿਛਲੇ ਸਾਲ ਊਧਵ ਠਾਕਰੇ ਨੂੰ ਥੱਪੜ ਮਾਰਨ ਸਬੰਧੀ ਕੀਤੀ ਸੀ ਟਿੱਪਣੀ
ਨਵੀਂ ਦਿੱਲੀ : ਬੰਬੇ ਹਾਈ ਕੋਰਟ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਥੱਪੜ ਮਾਰਨ ਸਬੰਧੀ ਕੀਤੀ ਟਿੱਪਣੀ ਲਈ ਕੇਂਦਰੀ ਮੰਤਰੀ ਨਰਾਇਣ ਰਾਣੇ ਨੂੰ ਗ੍ਰਿਫ਼ਤਾਰੀ ਤੋਂ ਦੋ ਹਫ਼ਤਿਆਂ ਦੀ ਰਾਹਤ ਦਿੱਤੀ ਹੈ। ਇਸ ਸਬੰਧੀ ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਜਸਟਿਸ ਪੀ ਬੀ ਵਰਲੇ ਅਤੇ ਜਸਟਿਸ ਐਸ ਐਮ ਮੋਦਕ ਦੀ ਬੈਂਚ ਨੇ ਰਾਣੇ ਨੂੰ ਇਹ ਅੰਤਰਿਮ ਰਾਹਤ ਦਿੱਤੀ।
Narayan Rane
ਇਸ ਤੋਂ ਪਹਿਲਾਂ ਸਰਕਾਰੀ ਵਕੀਲ ਵਾਈ ਪੀ ਯਾਗਨਿਕ ਨੇ ਅਦਾਲਤ ਨੂੰ ਦੱਸਿਆ ਕਿ ਪੁਲਿਸ ਇਹ ਬਿਆਨ ਦੇਣ ਲਈ ਤਿਆਰ ਨਹੀਂ ਹੈ ਕਿ ਉਹ ਅਦਾਲਤ ਦੇ ਅਗਲੇ ਹੁਕਮਾਂ ਤੱਕ ਰਾਣੇ ਨੂੰ ਗ੍ਰਿਫ਼ਤਾਰ ਨਹੀਂ ਕਰੇਗੀ। ਦੱਸਣਯੋਗ ਹੈ ਕਿ ਭਾਜਪਾ ਨੇਤਾ ਰਾਣੇ ਨੇ ਇਸ ਸਾਲ ਦੇ ਸ਼ੁਰੂ ਵਿਚ ਮੁੱਖ ਮੰਤਰੀ ਊਧਵ ਠਾਕਰੇ ਨੂੰ ਥੱਪੜ ਮਾਰਨ ਦੀ ਟਿੱਪਣੀ ਲਈ ਧੂਲੇ ਪੁਲਿਸ ਦੁਆਰਾ ਦਰਜ ਕੀਤੀ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਹਾਈ ਕੋਰਟ ਦੀ ਸ਼ਰਨ ਲਈ ਸੀ। ਉਨ੍ਹਾਂ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਵੀ ਰਾਣੇ ਨੂੰ ਗ੍ਰਿਫ਼ਤਾਰੀ ਤੋਂ ਅੰਤਰਿਮ ਰਾਹਤ ਦੀ ਮੰਗ ਕੀਤੀ ਸੀ।
Bombay High Court
ਵੀਰਵਾਰ ਨੂੰ ਮਾਨਸ਼ਿੰਦੇ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਨਾਸਿਕ ਪੁਲਿਸ ਨੇ ਇਸ ਮਾਮਲੇ 'ਚ ਇਕ ਹੋਰ ਐੱਫ.ਆਈ.ਆਰ. ਦਰਜ ਕੀਤੀ ਸੀ। ਇਸ ਐਫਆਈਆਰ ਨੂੰ ਵੀ ਰੱਦ ਕਰਨ ਲਈ ਉਨ੍ਹਾਂ ਨੇ ਪਿਛਲੇ ਸਾਲ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਉਦੋਂ ਨਾਸਿਕ ਪੁਲਿਸ ਨੇ ਲਿਖਤੀ ਤੌਰ 'ਤੇ ਦਿੱਤਾ ਸੀ ਕਿ ਉਹ ਰਾਣੇ ਵਿਰੁੱਧ ਕੋਈ ਰੋਕਥਾਮ ਕਾਰਵਾਈ ਨਹੀਂ ਕਰੇਗੀ। ਇਸ 'ਤੇ ਹਾਈਕੋਰਟ ਨੇ ਸਰਕਾਰ ਤੋਂ ਪੁੱਛਿਆ ਸੀ ਕਿ ਕੀ ਉਹ ਧੂਲੇ ਮਾਮਲੇ 'ਚ ਵੀ ਅਜਿਹਾ ਹੀ ਨਿਰਦੇਸ਼ ਦੇਵੇਗੀ?
ਸ਼ੁੱਕਰਵਾਰ ਨੂੰ ਵਕੀਲ ਯਾਗਨਿਕ ਨੇ ਕਿਹਾ ਕਿ ਮੈਨੂੰ ਸੂਬਾ ਸਰਕਾਰ ਤੋਂ ਨਿਰਦੇਸ਼ ਮਿਲੇ ਹਨ। ਸਰਕਾਰ ਨੇ ਕਿਹਾ ਹੈ ਕਿ ਪੁਲਿਸ ਇਹ ਨਹੀਂ ਕਹਿ ਸਕਦੀ ਕਿ ਉਹ ਕਾਰਵਾਈ ਨਹੀਂ ਕਰੇਗੀ। ਅਦਾਲਤ ਢੁਕਵਾਂ ਹੁਕਮ ਦੇ ਸਕਦੀ ਹੈ। ਅਦਾਲਤ ਨੇ ਫਿਰ ਕਿਹਾ ਕਿ ਉਹ ਰਾਣੇ ਨੂੰ ਦੋ ਹਫ਼ਤਿਆਂ ਦੀ ਅੰਤਰਿਮ ਰਾਹਤ ਦਿੰਦੀ ਹੈ। ਇਸ ਦੌਰਾਨ, ਜੇਕਰ ਤੁਹਾਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਖ਼ਤਰਾ ਹੈ ਤਾਂ ਤੁਸੀਂ ਕਾਨੂੰਨ ਦੀ ਮਦਦ ਲੈ ਸਕਦੇ ਹੋ।
Udhav Thakrey
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ 'ਚ ਥੱਪੜ ਨੂੰ ਲੈ ਕੇ ਰਾਣੇ ਦੇ ਬਿਆਨ 'ਤੇ ਵਿਵਾਦ ਖੜ੍ਹਾ ਹੋ ਗਿਆ ਸੀ। ਉਨ੍ਹਾਂ ਇਹ ਟਿੱਪਣੀ ਉਦੋਂ ਕੀਤੀ ਜਦੋਂ ਮੁੱਖ ਮੰਤਰੀ ਠਾਕਰੇ ਨੂੰ ਦੇਸ਼ ਦੀ ਆਜ਼ਾਦੀ ਦਾ ਸਾਲ ਯਾਦ ਨਹੀਂ ਸੀ। ਰਾਣੇ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ ਇਹ ਸ਼ਰਮਨਾਕ ਹੈ ਕਿ ਮੁੱਖ ਮੰਤਰੀ ਨੂੰ ਦੇਸ਼ ਦੀ ਆਜ਼ਾਦੀ ਦਾ ਸਾਲ ਨਹੀਂ ਪਤਾ। ਜੇ ਮੈਂ ਉਸ ਪ੍ਰੋਗਰਾਮ ਵਿਚ ਹੁੰਦਾ ਤਾਂ ਮੈਂ ਉਨ੍ਹਾਂ ਨੂੰ ਜ਼ੋਰ ਨਾਲ ਥੱਪੜ ਮਾਰ ਦਿੰਦਾ। ਰਾਣੇ ਨੇ ਪਿਛਲੇ ਸਾਲ 23 ਅਗਸਤ ਨੂੰ ਰਾਏਗੜ੍ਹ ਜ਼ਿਲ੍ਹੇ ਵਿੱਚ ਆਪਣੀ ਜਨ ਆਸ਼ੀਰਵਾਦ ਯਾਤਰਾ ਦੌਰਾਨ ਅਜਿਹਾ ਬਿਆਨ ਦਿਤਾ ਸੀ।