ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਸੁਧਾਰਾਂ, ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਦੀ ਯੋਜਨਾ ਅਤੇ ਪਾਈਪਲਾਈਨ 'ਤੇ ਚਰਚਾ ਹੋਈ।
ਨਵੀਂ ਦਿੱਲੀ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਭਾਰਤ ਦੌਰੇ ਦਾ ਅੱਜ ਦੂਜਾ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ, ਵਪਾਰ ਅਤੇ ਸਵੱਛ ਊਰਜਾ ਦੇ ਖੇਤਰਾਂ ਵਿਚ ਆਪਸੀ ਸਹਿਯੋਗ ਨੂੰ ਹੋਰ ਵਧਾਉਣ ਲਈ ਭਾਰਤ ਦੌਰੇ 'ਤੇ ਆਏ ਅਪਣੇ ਬ੍ਰਿਟਿਸ਼ ਹਮਰੁਤਬਾ ਬੋਰਿਸ ਜਾਨਸਨ ਨਾਲ ਵਿਸਥਾਰਪੂਰਵਕ ਚਰਚਾ ਕੀਤੀ। ਪੀਐਮ ਮੋਦੀ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੋਵਾਂ ਨੇ ਹੈਦਰਾਬਾਦ ਹਾਊਸ ਵਿਚ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਸੁਧਾਰਾਂ, ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਦੀ ਯੋਜਨਾ ਅਤੇ ਪਾਈਪਲਾਈਨ 'ਤੇ ਚਰਚਾ ਹੋਈ।
ਮੀਟਿੰਗ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਕਿ ਜਦੋਂ ਭਾਰਤ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਅਜਿਹੇ 'ਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਭਾਰਤ ਆਉਣਾ ਇਕ ਇਤਿਹਾਸਕ ਪਲ ਹੈ। ਤੁਸੀਂ ਸਾਬਰਮਤੀ ਵਿਖੇ ਗਾਂਧੀ ਜੀ ਨੂੰ ਸ਼ਰਧਾਂਜਲੀ ਭੇਟ ਕਰਕੇ ਆਪਣੀ ਭਾਰਤ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਇਸ ਦਹਾਕੇ ਵਿਚ ਭਾਰਤ ਅਤੇ ਬ੍ਰਿਟੇਨ ਨੇ ਸਬੰਧਾਂ ਨੂੰ ਦਿਸ਼ਾ ਦੇਣ ਲਈ ਰੋਡਮੈਪ 2030 ਦੀ ਸ਼ੁਰੂਆਤ ਕੀਤੀ। ਅੱਜ ਦੀ ਗੱਲਬਾਤ ਵਿਚ ਰੋਡਮੈਪ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ ਅਤੇ ਟੀਚੇ ਤੈਅ ਕੀਤੇ ਗਏ।
ਮੋਦੀ ਨੇ ਅੱਗੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿਚ ਭਾਰਤ ਨੇ ਯੂਏਈ ਅਤੇ ਆਸਟ੍ਰੇਲੀਆ ਨਾਲ ਮੁਕਤ ਵਪਾਰ ਸਮਝੌਤੇ ਕੀਤੇ ਹਨ। ਅਸੀਂ ਉਸੇ ਗਤੀ ਅਤੇ ਇਰਾਦੇ ਨਾਲ ਬ੍ਰਿਟੇਨ ਦੇ ਨਾਲ ਅੱਗੇ ਵਧਾਂਗੇ। ਅਸੀਂ ਸਾਰੇ ਖੇਤਰਾਂ ਵਿਚ ਯੂਕੇ ਦੁਆਰਾ ਇਕ ਆਤਮ-ਨਿਰਭਰ ਭਾਰਤ ਦੇ ਸਮਰਥਨ ਦਾ ਸਵਾਗਤ ਕਰਦੇ ਹਾਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਸਾਂਝੇ ਬਿਆਨ 'ਚ ਕਿਹਾ ਕਿ ਯੂਕਰੇਨ ਸੰਕਟ 'ਚ ਅਸੀਂ ਤੁਰੰਤ ਜੰਗਬੰਦੀ ਅਤੇ ਸਮੱਸਿਆ ਦੇ ਹੱਲ ਲਈ ਗੱਲਬਾਤ ਅਤੇ ਕੂਟਨੀਤੀ 'ਤੇ ਜ਼ੋਰ ਦਿੱਤਾ ਹੈ।
ਇਸ ਦੇ ਨਾਲ ਹੀ ਅਸੀਂ ਸਾਰੇ ਦੇਸ਼ਾਂ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦਾ ਸਨਮਾਨ ਕਰਨ ਦੀ ਮਹੱਤਤਾ ਨੂੰ ਵੀ ਦੁਹਰਾਇਆ ਹੈ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਅਤੇ ਬ੍ਰਿਟੇਨ ਵਿਚਾਲੇ ਜਲਵਾਯੂ ਅਤੇ ਊਰਜਾ ਸਾਂਝੇਦਾਰੀ ਨੂੰ ਹੋਰ ਡੂੰਘਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅਸੀਂ ਯੂਕੇ ਨੂੰ ਭਾਰਤ ਦੇ ਰਾਸ਼ਟਰੀ ਹਾਈਡ੍ਰੋਜਨ ਮਿਸ਼ਨ ਵਿਚ ਸ਼ਾਮਲ ਹੋਣ ਲਈ ਸੱਦਾ ਦਿੰਦੇ ਹਾਂ।
ਇਸ ਤੋਂ ਪਹਿਲਾਂ ਬੋਰਿਸ ਜਾਨਸਨ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਵਿਸਤਾਰ ਭਾਈਵਾਲੀ ਅਤੇ ਭਾਰਤ-ਯੂਕੇ ਰੋਡਮੈਪ 2030 ਨੂੰ ਲਾਗੂ ਕਰਨ 'ਤੇ ਚਰਚਾ ਕੀਤੀ ਗਈ। ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਰਾਜਘਾਟ ਵਿਖੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ।