
ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ
ਨਵੀਂ ਦਿੱਲੀ: ਅਤਿਵਾਦੀ ਸੰਗਠਨ ਅਲ-ਕਾਇਦਾ ਨੇ ਮਾਫੀਆ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੀ ਹੱਤਿਆ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਹੈ। ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਲ-ਕਾਇਦਾ ਨੇ ਅਤੀਕ-ਅਸ਼ਰਫ ਕਤਲ ਕੇਸ ਦਾ ਬਦਲਾ ਲੈਣ ਲਈ ਭਾਰਤ ਵਿਚ ਹਮਲਿਆਂ ਦੀ ਧਮਕੀ ਦੇਣ ਵਾਲਾ ਸੱਤ ਪੰਨਿਆਂ ਦਾ ਮੈਗਜ਼ੀਨ ਜਾਰੀ ਕੀਤਾ ਹੈ। ਅਤਿਵਾਦੀ ਸੰਗਠਨ ਦੀ ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ।
ਇਹ ਵੀ ਪੜ੍ਹੋ: ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, 3 ਬੱਚਿਆਂ ਦੀ ਮੌਕੇ ’ਤੇ ਮੌਤ
ਇਸ ਦੌਰਾਨ ਏਆਈਐਮਆਈਐਮ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਸ਼ੁੱਕਰਵਾਰ ਨੂੰ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਇਲਜ਼ਾਮ ਲਾਇਆ ਕਿ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਦੀ ਹੱਤਿਆ ਕਰਨ ਵਾਲੇ ਨੌਜਵਾਨ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਦੇ ਚੇਲੇ ਹਨ। ਇਹ ਲੋਕ ਮੌਜੂਦਾ ਸੱਤਾਧਾਰੀ ਪਾਰਟੀ ਦੇ ਦਹਿਸ਼ਤੀ ਮਾਡਿਊਲ ਦਾ ਹਿੱਸਾ ਹਨ। ਓਵੈਸੀ ਨੇ ਪੁੱਛਿਆ ਕਿ ਇਨ੍ਹਾਂ ਲੜਕਿਆਂ ਦੇ ਖਿਲਾਫ ਯੂਏਪੀਏ ਕਿਉਂ ਨਹੀਂ ਲਗਾਇਆ ਗਿਆ। ਜਿਵੇਂ ਕਿ ਮੀਡੀਆ ਦੱਸ ਰਿਹਾ ਹੈ ਕਿ ਅਪਰਾਧੀ ਗਰੀਬ ਪਰਿਵਾਰਾਂ ਦੇ ਹਨ, ਫਿਰ ਉਨ੍ਹਾਂ ਨੂੰ ਅੱਠ ਲੱਖ ਰੁਪਏ ਦੇ ਰਿਵਾਲਵਰ ਕਿਵੇਂ ਮਿਲੇ।
ਇਹ ਵੀ ਪੜ੍ਹੋ: ਜਲੰਧਰ ਲੋਕ ਸਭਾ ਜ਼ਿਮਨੀ ਚੋਣ: ਭਾਜਪਾ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
ਜ਼ਿਕਰਯੋਗ ਹੈ ਕਿ ਮਾਫੀਆ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੀ 15 ਅਪ੍ਰੈਲ ਦੀ ਰਾਤ ਨੂੰ ਪ੍ਰਯਾਗਰਾਜ ਵਿਖੇ ਪੁਲਿਸ ਹਿਰਾਸਤ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਦੇ ਸਮੇਂ ਪੁਲਿਸ ਦੋਵਾਂ ਭਰਾਵਾਂ ਨੂੰ ਮੈਡੀਕਲ ਜਾਂਚ ਲਈ ਕੋਲਵਿਨ ਹਸਪਤਾਲ ਲੈ ਗਈ ਸੀ। ਜਿਵੇਂ ਹੀ ਦੋਵੇਂ ਪੁਲਿਸ ਵੈਨ ਤੋਂ ਹੇਠਾਂ ਉਤਰੇ ਤਾਂ ਪੱਤਰਕਾਰਾਂ ਨਾਲ ਗੱਲ ਕਰਨ ਲੱਗੇ। ਇਸ ਦੌਰਾਨ ਇਕ ਨੌਜਵਾਨ ਨੇ ਪਿਸਤੌਲ ਕੱਢ ਕੇ ਅਤੀਕ ਅਹਿਮਦ ਦੇ ਸਿਰ 'ਤੇ ਗੋਲੀ ਮਾਰ ਦਿੱਤੀ। ਜਿਵੇਂ ਹੀ ਅਤੀਕ ਹੇਠਾਂ ਡਿੱਗਿਆ, ਤਿੰਨੋਂ ਕਾਤਲਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਅਤੀਕ ਦੇ ਨਾਲ-ਨਾਲ ਉਸ ਦੇ ਭਰਾ ਅਸ਼ਰਫ ਨੂੰ ਵੀ ਮਾਰ ਦਿੱਤਾ। ਇਸ ਤੋਂ ਬਾਅਦ ਕਾਤਲ ਅਰੁਣ ਮੌਰੀਆ, ਸੰਨੀ ਅਤੇ ਲਵਲੇਸ਼ ਤਿਵਾਰੀ ਨੇ ਨਾਅਰੇਬਾਜ਼ੀ ਕਰਦੇ ਹੋਏ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ।