
ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਮੈਡੀਕਲ ਬੋਰਡ ਦਾ ਗਠਨ ਕਰਨ ਦੇ ਨਿਰਦੇਸ਼
Arvind Kejriwal News: ਆਬਕਾਰੀ ਨੀਤੀ ਮਾਮਲੇ 'ਚ ਤਿਹਾੜ ਜੇਲ 'ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੋਮਵਾਰ ਨੂੰ ਰਾਊਜ਼ ਐਵੇਨਿਊ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਦਰਅਸਲ ਅਦਾਲਤ ਨੇ ਕੇਜਰੀਵਾਲ ਨੂੰ ਹਰ ਰੋਜ਼ 15 ਮਿੰਟ ਡਾਕਟਰੀ ਸਲਾਹ ਲੈਣ ਦੀ ਇਜਾਜ਼ਤ ਨਹੀਂ ਦਿਤੀ।
ਮੁੱਖ ਮੰਤਰੀ ਨੇ ਸ਼ੂਗਰ ਦੀ ਨਿਯਮਤ ਜਾਂਚ, ਡਾਕਟਰ ਤੋਂ ਮੈਡੀਕਲ ਕੰਸਲਟੇਸ਼ਨ ਅਤੇ ਇੰਸੁਲਿਨ ਦੀ ਮੰਗ ਕੀਤੀ ਸੀ। ਅਦਾਲਤ ਨੇ ਅਰਵਿੰਦ ਕੇਜਰੀਵਾਲ ਦੀ ਵੀਡੀਉ ਕਾਨਫਰੰਸਿੰਗ ਰਾਹੀਂ 15 ਮਿੰਟ ਲਈ ਅਪਣੇ ਨਿੱਜੀ ਡਾਕਟਰ ਨਾਲ ਨਿਯਮਤ ਤੌਰ 'ਤੇ ਸਲਾਹ ਕਰਨ ਦੀ ਅਰਜ਼ੀ ਨੂੰ ਰੱਦ ਕਰ ਦਿਤਾ ਹੈ।
ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਅਪਣੇ ਹੁਕਮ ਵਿਚ ਕਿਹਾ ਕਿ ਕੇਜਰੀਵਾਲ ਦਾ ਜ਼ਰੂਰੀ ਇਲਾਜ ਕਰਵਾਇਆ ਜਾਣਾ ਚਾਹੀਦਾ ਹੈ। ਅਦਾਲਤ ਨੇ ਅਪਣੇ ਨਿਰਦੇਸ਼ 'ਚ ਕਿਹਾ ਕਿ ਵਿਸ਼ੇਸ਼ ਹਾਲਾਤ 'ਚ ਜੇਲ ਪ੍ਰਸ਼ਾਸਨ ਨੂੰ ਏਮਜ਼ ਦੇ ਡਾਇਰੈਕਟਰ ਵਲੋਂ ਗਠਿਤ ਮੈਡੀਕਲ ਬੋਰਡ ਦੀ ਸਲਾਹ ਲੈ ਕੇ ਇਲਾਜ ਮੁਹੱਈਆ ਕਰਵਾਉਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਅਦਾਲਤ ਨੇ ਏਮਜ਼ ਨੂੰ ਮੈਡੀਕਲ ਬੋਰਡ ਦਾ ਗਠਨ ਕਰਨ ਦੇ ਨਿਰਦੇਸ਼ ਦਿਤੇ ਹਨ ਅਤੇ ਇਹ ਬੋਰਡ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਜਾਂਚ ਕਰੇਗਾ। ਬੋਰਡ ਤੈਅ ਕਰੇਗਾ ਕਿ ਕੀ ਕੇਜਰੀਵਾਲ ਨੂੰ ਅਪਣੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਇੰਸੁਲਿਨ ਦੀ ਲੋੜ ਹੈ ਜਾਂ ਨਹੀਂ। ਇਸ ਤੋਂ ਇਲਾਵਾ ਬੋਰਡ ਉਨ੍ਹਾਂ ਦੀ ਸਿਹਤ ਨਾਲ ਜੁੜੇ ਹੋਰ ਪਹਿਲੂਆਂ 'ਤੇ ਵੀ ਗੌਰ ਕਰੇਗਾ।
(For more Punjabi news apart from Arvind Kejriwal did not get permission to consult doctor, stay tuned to Rozana Spokesman)