
ਰੱਖਿਆ ਮੰਤਰੀ ਨੇ ਫੌਜ ਮੁਖੀ ਜਨਰਲ ਮਨੋਜ ਪਾਂਡੇ ਨਾਲ ਖੇਤਰ ਦੀ ਸਮੁੱਚੀ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ।
Rajnath Singh in Siachen: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਦੁਨੀਆ ਦੇ ਸੱਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ ਦਾ ਦੌਰਾ ਕੀਤਾ ਅਤੇ ਖੇਤਰ ਵਿਚ ਭਾਰਤ ਦੀਆਂ ਸਮੁੱਚੀਆਂ ਫੌਜੀ ਤਿਆਰੀਆਂ ਦਾ ਜਾਇਜ਼ਾ ਲਿਆ। ਰਾਜਨਾਥ ਸਿੰਘ ਦੀ ਸਿਆਚਿਨ ਯਾਤਰਾ ਇਕ ਹਫਤਾ ਪਹਿਲਾਂ ਰਣਨੀਤਕ ਤੌਰ 'ਤੇ ਮਹੱਤਵਪੂਰਨ ਖੇਤਰ ਵਿਚ ਭਾਰਤੀ ਫੌਜ ਦੀ ਮੌਜੂਦਗੀ ਦੀ 40ਵੀਂ ਵਰ੍ਹੇਗੰਢ ਦੇ ਮੌਕੇ 'ਤੇ ਹੋਈ ਹੈ।
ਅਧਿਕਾਰੀਆਂ ਨੇ ਦਸਿਆ ਕਿ ਰੱਖਿਆ ਮੰਤਰੀ ਨੇ ਫੌਜ ਮੁਖੀ ਜਨਰਲ ਮਨੋਜ ਪਾਂਡੇ ਨਾਲ ਖੇਤਰ ਦੀ ਸਮੁੱਚੀ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਸਿਆਚਿਨ ਵਿਚ ਤਾਇਨਾਤ ਸੈਨਿਕਾਂ ਨਾਲ ਵੀ ਗੱਲਬਾਤ ਕੀਤੀ। ਕਾਰਾਕੋਰਮ ਪਹਾੜੀ ਸ਼੍ਰੇਣੀ ਵਿਚ ਲਗਭਗ 20,000 ਫੁੱਟ ਦੀ ਉਚਾਈ 'ਤੇ ਸਥਿਤ ਸਿਆਚਿਨ ਗਲੇਸ਼ੀਅਰ ਨੂੰ ਦੁਨੀਆ ਦਾ ਸੱਭ ਤੋਂ ਉੱਚਾ ਫੌਜੀ ਖੇਤਰ ਮੰਨਿਆ ਜਾਂਦਾ ਹੈ ਜਿਥੇ ਸੈਨਿਕਾਂ ਨੂੰ ਠੰਢ ਅਤੇ ਤੇਜ਼ ਹਵਾਵਾਂ ਨਾਲ ਜੂਝਣਾ ਪੈਂਦਾ ਹੈ।
ਭਾਰਤੀ ਫੌਜ ਨੇ ਅਪ੍ਰੈਲ 1984 'ਚ 'ਆਪਰੇਸ਼ਨ ਮੇਘਦੂਤ' ਤਹਿਤ ਸਿਆਚਿਨ ਗਲੇਸ਼ੀਅਰ 'ਤੇ ਪੂਰਾ ਕੰਟਰੋਲ ਸਥਾਪਤ ਕੀਤਾ ਸੀ। ਭਾਰਤੀ ਫੌਜ ਨੇ ਪਿਛਲੇ ਕੁੱਝ ਸਾਲਾਂ ਵਿਚ ਸਿਆਚਿਨ ਵਿਚ ਅਪਣੀ ਮੌਜੂਦਗੀ ਨੂੰ ਮਜ਼ਬੂਤ ਕੀਤਾ ਹੈ। ਪਿਛਲੇ ਸਾਲ ਜਨਵਰੀ 'ਚ ਫੌਜ ਦੀ ਕੋਰ ਆਫ ਇੰਜੀਨੀਅਰਜ਼ ਦੇ ਕੈਪਟਨ ਸ਼ਿਵਾ ਚੌਹਾਨ ਨੂੰ ਸਿਆਚਿਨ 'ਚ ਇਕ ਫਾਰਵਰਡ ਪੋਸਟ 'ਤੇ ਤਾਇਨਾਤ ਕੀਤਾ ਗਿਆ ਸੀ। ਇਸ ਵੱਡੇ ਜੰਗ ਦੇ ਮੈਦਾਨ ਵਿਚ ਕਿਸੇ ਮਹਿਲਾ ਸੈਨਾ ਅਧਿਕਾਰੀ ਦੁਆਰਾ ਇਹ ਪਹਿਲੀ ਆਪਰੇਸ਼ਨਲ ਤਾਇਨਾਤੀ ਹੈ।
ਫੌਜ ਦੇ ਇਕ ਅਧਿਕਾਰੀ ਨੇ ਪਿਛਲੇ ਹਫਤੇ ਕਿਹਾ ਸੀ, “ਸਿਆਚਿਨ ਗਲੇਸ਼ੀਅਰ 'ਤੇ ਭਾਰਤੀ ਫੌਜ ਦਾ ਕਬਜ਼ਾ ਨਾ ਸਿਰਫ ਬੇਮਿਸਾਲ ਬਹਾਦਰੀ ਅਤੇ ਦ੍ਰਿੜ ਇਰਾਦੇ ਦੀ ਕਹਾਣੀ ਹੈ, ਬਲਕਿ ਤਕਨੀਕੀ ਤਰੱਕੀ ਅਤੇ ਲੌਜਿਸਟਿਕ ਸੁਧਾਰਾਂ ਦੀ ਇਕ ਸ਼ਾਨਦਾਰ ਯਾਤਰਾ ਵੀ ਹੈ, ਜਿਸ ਨੇ ਇਸ ਨੂੰ ਸੱਭ ਤੋਂ ਭਿਆਨਕ ਇਲਾਕਿਆਂ ਵਿਚੋਂ ਇਕ ਤੋਂ ਅਦੁੱਤੀ ਭਾਵਨਾ ਅਤੇ ਨਵੀਨਤਾ ਦੇ ਚਾਨਣ ਮੁਨਾਰੇ ਵਿਚ ਬਦਲ ਦਿਤਾ। ''
(For more Punjabi news apart from Rajnath Singh meets Indian Army soldiers in Siachen, stay tuned to Rozana Spokesman)