
ਸੁਪਰੀਮ ਕੋਰਟ ਨੇ ਸੁਣਾਇਆ ਫ਼ੈਸਲਾ
ਨਵੀਂ ਦਿੱਲੀ: 10 ਸਾਲ ਪਹਿਲਾਂ 22 ਮਈ, 2010 'ਚ ਦੁਬਈ ਤੋਂ ਆਈ ਏਅਰ ਇੰਡੀਆ ਐਕਸਪ੍ਰੈੱਸ ਫ਼ਲਾਈਟ 812 ਦੇ ਮੰਗਲੁਰੂ 'ਚ ਉਤਰਨ ਸਮੇਂ ਹੋਏ ਹਾਦਸੇ 'ਚ ਮਾਰੇ ਗਏ ਇਕ 45 ਸਾਲ ਦੇ ਵਿਅਕਤੀ ਦੇ ਪ੍ਰਵਾਰਕ ਮੈਂਬਰਾਂ ਨੂੰ ਸੁਪਰੀਮ ਕੋਰਟ ਨੇ 7.64 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਫ਼ੈਸਲਾ ਸੁਣਾਇਆ ਹੈ। ਇਸ ਹਵਾਈ ਹਾਦਸੇ 'ਚ ਕੁੱਲ 166 ਯਾਤਰੀਆਂ 'ਚੋਂ 158 ਦੀ ਮੌਤ ਹੋ ਗਈ ਸੀ।
File photo
ਜਸਟਿਸ ਡੀ.ਵਾਈ. ਚੰਦਰਚੂੜ ਅਤੇ ਅਜੇ ਰਸਤੋਗੀ ਦੇ ਬੈਂਚ ਨੇ ਵੀਰਵਾਰ ਨੂੰ ਅਪਣੇ ਹੁਕਮ 'ਚ ਕਿਹਾ ਕਿ ਉਹ ਨੈਸ਼ਨਲ ਕੰਜ਼ਿਊਮਰ ਡਿਸਪਿਊਟਸ ਰਿਡਰੈਸਲ ਕਮਿਸ਼ਨ (ਐਨ.ਸੀ.ਡੀ.ਆਰ.ਸੀ.) ਦੀ ਇਸ ਦਲੀਲ ਨੂੰ ਮਨਜ਼ੂਰ ਹੀ ਨਹੀਂ ਕਰ ਪਾ ਰਹੇ ਕਿ ਉਹ ਮੁਆਵਜ਼ੇ ਦੀ ਗਿਣਤੀ 'ਚ ਪੀੜਤ ਦੀ ਤਨਖ਼ਾਹ ਕੱਟ ਰਹੀ ਹੈ। ਤਨਖ਼ਾਹ ਨੂੰ ਦੋ ਹਿੱਸਿਆਂ ਵਿਚ ਦੇਣ ਦੇ ਮਾਲਕ ਕੋਲ ਕਈ ਕਾਰਨ ਹੋ ਸਕਦੇ ਹਨ ਪਰ ਇਸ ਕਾਰਨ ਆਮਦਨ 'ਚ ਕਟੌਤੀ ਵਿਖਾ ਕੇ ਮੁਆਵਜ਼ਾ ਘੱਟ ਦੇਣ ਦੀ ਕੋਈ ਦਲੀਲ ਸਵੀਕਾਰ ਨਹੀਂ ਕੀਤੀ ਜਾ ਸਕਦੀ।
Supreme Court
ਕੋਰਟ ਨੇ ਕਿਹਾ ਕਿ ਮ੍ਰਿਤਕ ਮਹੇਂਦਰ ਕੋਡਕੇਨੀ ਕੰਪਨੀ ਦੇ ਸਥਾਈ ਮੁਲਾਜ਼ਮ ਸਨ। ਇਸ ਲਈ ਉਨ੍ਹਾਂ ਦੀ ਅਚਾਨਕ ਮੌਤ 'ਤੇ ਉਨ੍ਹਾਂ ਦੇ ਪਰਵਾਰ ਨੂੰ ਪੂਰਾ ਹਰਜਾਨਾ ਮਿਲਣਾ ਹੀ ਚਾਹੀਦਾ ਹੈ। ਮਹੇਂਦਰ ਕੋਡਕੇਨੀ ਦੇ ਪਰਵਾਰਕ ਮੈਂਬਰਾਂ 'ਚ ਉਨ੍ਹਾਂ ਦੀ ਪਤਨੀ, ਬੇਟੀ ਅਤੇ ਬੇਟਾ ਸ਼ਾਮਲ ਹਨ। ਇਨ੍ਹਾਂ ਪਰਵਾਰਕ ਮੈਂਬਰਾਂ ਨੂੰ ਪਹਿਲਾਂ ਨੈਸ਼ਨਲ ਕੰਜ਼ਿਊਮਰ ਡਿਸਪਿਊਟਸ ਰਿਡ੍ਰੈਸਲ ਕਮਿਸ਼ਨ (ਐਨ.ਸੀ.ਡੀ.ਆਰ.ਸੀ.) ਨੇ ਮੁਆਵਜ਼ੇ ਵਜੋਂ 7.35 ਕਰੋੜ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਸੀ ਪਰ ਹੁਣ ਉਨ੍ਹਾਂ ਨੂੰ ਇਸ ਰਕਮ 'ਤੇ ਸਾਲਾਨਾ ਨਂੌ ਫ਼ੀ ਸਦੀ ਦੀ ਦਰ ਨਾਲ ਵਿਆਜ ਵੀ ਦੇਣਾ ਪਵੇਗਾ। ਇਹ ਰਕਮ ਹਾਲੇ ਵੀ ਬਕਾਇਆ ਹੈ। ਮੁਆਵਜ਼ਾ ਰਾਸ਼ੀ ਏਅਰ ਇੰਡੀਆ ਨੇ ਦੇਣੀ ਹੈ। ਹਵਾਈ ਹਾਦਸੇ ਦੇ ਸਮੇਂ ਕੋਡਕੇਨੀ ਯੂ.ਏ.ਈ. ਦੀ ਇਕ ਕੰਪਨੀ ਦੇ ਪਛਮੀ ਏਸ਼ੀਆ ਖੇਤਰ ਦੇ ਰੀਜਨਲ ਡਾਇਰੈਕਟਰ ਸਨ। (ਏਜੰਸੀ)