
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਜੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ
ਲਖਨਊ, 21 ਜੁਲਾਈ : ਮੱਧ ਪ੍ਰਦੇਸ਼ ਦੇ ਰਾਜਪਾਲ ਲਾਲ ਜੀ ਟੰਡਨ ਦਾ ਮੰਗਲਵਾਰ ਸਵੇਰੇ ਸਥਾਨਕ ਮੇਦਾਂਤਾ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ 85 ਵਰ੍ਹਿਆਂ ਦੇ ਸਨ। ਮੇਦਾਂਤਾ ਹਸਪਤਾਲ ਦੇ ਨਿਰਦੇਸ਼ਕ ਡਾ. ਰਾਕੇਸ਼ ਕਪੂਰ ਨੇ ਦਸਿਆ, 'ਟੰਡਨ ਦਾ ਸਵੇਰੇ ਸਾਢੇ ਪੰਜ ਵਜੇ ਦਿਲ ਦੀ ਧੜਕਣ ਰੁਕ ਜਾਣ ਕਾਰਨ ਦਿਹਾਂਤ ਹੋ ਗਿਆ।' ਕਪੂਰ ਨੇ ਦਸਿਆ ਕਿ ਟੰਡਨ 11 ਜੂਨ ਨੂੰ ਹਸਪਤਾਲ ਵਿਚ ਦਾਖ਼ਲ ਹੋਏ ਸਨ। ਜਾਂਚ ਵਿਚ ਪਤਾ ਲੱਗਾ ਕਿ ਉਹ ਰੋਗ ਤੋਂ ਪੀੜਤ ਸਨ ਅਤੇ ਉਨ੍ਹਾਂ ਦੇ ਗੁਰਦਿਆਂ ਨੇ ਹੌਲੀ ਹੌਲੀ ਕੰਮ ਕਰਨਾ ਬੰਦ ਕਰ ਦਿਤਾ ਸੀ।
Lalji Tandon
ਉਨ੍ਹਾਂ ਦਸਿਆ ਕਿ ਟੰਡਨ ਕਈ ਦਿਨਾਂ ਤੋਂ ਜੀਵਨ ਰਖਿਅਕ ਪ੍ਰਣਾਲੀ 'ਤੇ ਸਨ ਅਤੇ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਟੰਡਨ ਦੇ ਪੁੱਤਰ ਅਤੇ ਯੂਪੀ ਸਰਕਾਰ ਵਿਚ ਕੈਬਨਿਟ ਮੰਤਰੀ ਆਸ਼ੂਤੋਸ਼ ਟੰਡਨ ਨੇ ਦਸਿਆ ਕਿ ਲਾਲ ਜੀ ਟੰਡਨ ਦਾ ਅੰਤਮ ਸਸਕਾਰ ਗੁਲਾਲਾ ਘਾਟ ਚੌਕ ਵਿਖੇ ਸ਼ਾਮ ਚਾਰ ਵਜੇ ਕਰ ਦਿਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਜੀ ਦੇ ਦਿਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੁਆਰਾ ਸਮਾਜ ਸੇਵਾ ਲਈ ਕੀਤੇ ਗਏ ਅਣਥੱਕ ਕਾਰਜਾਂ ਨੂੰ ਹਮੇਸ਼ਾ ਯਾਦ ਰਖਿਆ ਜਾਵੇਗਾ। ਮੋਦੀ ਨੇ ਕਿਹਾ, 'ਸ੍ਰੀ ਲਾਲ ਜੀ ਟੰਡਨ ਨੂੰ ਸਮਾਜ ਦੀ ਸੇਵਾ ਲਈ ਕੀਤੇ ਗਏ ਕਾਰਜਾਂ ਲਈ ਯਾਦ ਕੀਤਾ ਜਾਵੇਗਾ। ਯੂਪੀ ਵਿਚ ਭਾਜਪਾ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ।' (ਏਜੰਸੀ)