
ਮਾਮਲੇ ਦੀ ਸੁਣਵਾਈ ਹੁਣ 20 ਸਤੰਬਰ ਨੂੰ ਹੋਵੇਗੀ
ਨਵੀਂ ਦਿੱਲੀ: ਰਾਊਜ਼ ਐਵੇਨਿਊ ਅਦਾਲਤ ਵਿਚ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਦਿੱਲੀ ਦੇ ਸਾਬਕਾ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਵਿਧਾਇਕ ਫੰਡ ਵਿਚੋਂ ਵਿਕਾਸ ਲਈ ਪੈਸੇ ਜਾਰੀ ਕਰਨ ਦੀ ਮਨਜ਼ੂਰੀ ਦਿਤੀ ਹੈ। ਮਨੀਸ਼ ਸਿਸੋਦੀਆ ਨੇ ਇਸ ਸਬੰਧੀ ਅਦਾਲਤ ਵਿਚ ਅਰਜ਼ੀ ਪੇਸ਼ ਕੀਤੀ ਸੀ, ਜਿਸ ਦਾ ਸੀ.ਬੀ.ਆਈ. ਨੇ ਵਿਰੋਧ ਨਹੀਂ ਕੀਤਾ।
ਇਹ ਵੀ ਪੜ੍ਹੋ: 9000 ਰਸੂਖਵਾਨ ਕਿਸਾਨਾਂ ਵਲੋਂ ਸਾਲਾਨਾ 100 ਕਰੋੜ ਦੀ ਬਿਜਲੀ ਚੋਰੀ! 24 ਘੰਟੇ ਸਪਲਾਈ ਵਾਲੇ ਫੀਡਰਾਂ ਨਾਲ ਜੁੜੀਆਂ ਮੋਟਰਾਂ
ਸਿਸੋਦੀਆ ਦੇ ਵਕੀਲ ਨੇ ਅਦਾਲਤ ਨੂੰ ਦਸਿਆ ਕਿ ਪਹਿਲਾਂ ਵੀ ਅਦਾਲਤ ਨੇ ਵਿਧਾਇਕ ਫੰਡ ਤੋਂ ਪੈਸੇ ਜਾਰੀ ਕਰਨ ਸਬੰਧੀ ਅਰਜ਼ੀ ਮਨਜ਼ੂਰ ਕੀਤੀ ਸੀ। ਰਾਊਜ਼ ਐਵੇਨਿਊ ਅਦਾਲਤ ਵਿਚ ਆਬਕਾਰੀ ਨੀਤੀ ਨਾਲ ਜੁੜੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿਤੀ ਗਈ ਹੈ। ਇਸ ਮਾਮਲੇ ਦੀ ਸੁਣਵਾਈ ਹੁਣ 20 ਸਤੰਬਰ ਨੂੰ ਹੋਵੇਗੀ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਚਾਰਜਸ਼ੀਟ ਨਾਲ ਸਬੰਧਤ ਦਸਤਾਵੇਜ਼ ਦੀ ਕਾਪੀ ਦੇਣ ਦੇ ਹੁਕਮ ਦਿਤੇ ਹਨ।
ਇਹ ਵੀ ਪੜ੍ਹੋ: ਵਾਰਿਸ ਸ਼ਾਹ ਆਲਮੀ ਫਾਊਂਡੇਸ਼ਨ ਨੇ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਸੰਗੀਤ ਪੁਰਸਕਾਰ ਦੇਣ ਦਾ ਫ਼ੈਸਲਾ ਬਦਲਿਆ
ਮਨੀਸ਼ ਸਿਸੋਦੀਆ ’ਤੇ ਮਾਣ ਹੈ: ਅਰਵਿੰਦ ਕੇਜਰੀਵਾਲ
ਅਦਾਲਤ ਦੇ ਫ਼ੈਸਲੇ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਮਨੀਸ਼ ਸਿਸੋਦੀਆ ਉਤੇ ਮਾਣ ਹੈ। ਉਨ੍ਹਾਂ ਨੇ ਐਕਸ (ਟਵਿਟਰ) ’ਤੇ ਲਿਖਿਆ, “ਸਾਨੂੰ ਮਨੀਸ਼ ਸਿਸੋਦੀਆ ’ਤੇ ਮਾਣ ਹੈ। ਜੇਲ ਵਿਚ ਰਹਿੰਦੇ ਹੋਏ ਵੀ ਉਨ੍ਹਾਂ ਨੂੰ ਦਿੱਲੀ ਅਤੇ ਅਪਣੇ ਵਿਧਾਨ ਸਭਾ ਹਲਕੇ ਦੇ ਲੋਕਾਂ ਦੀ ਚਿੰਤਾ ਹੈ। ਅੱਜ ਉਨ੍ਹਾਂ ਨੇ ਅਦਾਲਤ ਤੋਂ ਮੰਗ ਕੀਤੀ ਕਿ ਕੀ ਉਹ ਅਪਣੇ ਹਲਕੇ ਦੇ ਲੋਕਾਂ ਦੇ ਵਿਕਾਸ ਲਈ ਅਪਣੇ ਵਿਧਾਇਕ ਫੰਡ ਵਿਚੋਂ ਰਾਸ਼ੀ ਜਾਰੀ ਕਰ ਸਕਦੇ ਹਨ? ਅਦਾਲਤ ਨੇ ਉਨ੍ਹਾਂ ਨੂੰ ਮਨਜ਼ੂਰੀ ਦੇ ਦਿਤੀ।”