ਸੂਫ਼ੀਆਨਾ ਗਾਇਕੀ ਨੂੰ ਸਮਰਪਿਤ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਮਕਬੂਲ 'ਬਾਬਾ ਗਰੁੱਪ' ਨੂੰ ਦਿੱਤਾ ਜਾਵੇਗਾ ਵਾਰਿਸ ਸ਼ਾਹ ਸੰਗੀਤ ਪੁਰਸਕਾਰ
ਚੰਡੀਗੜ੍ਹ - ਲਹਿੰਦੇ ਪੰਜਾਬ ਦੀ ਸੰਸਥਾ ਵਾਰਿਸ ਸ਼ਾਹ ਆਲਮੀ ਫਾਊਂਡੇਸ਼ਨ ਨੇ ਸੰਗੀਤ ਪੁਰਸਕਾਰ ਗੁਰਦਾਸ ਮਾਨ ਨੂੰ ਦੇਣ ਦਾ ਫ਼ੈਸਲਾ ਰੱਦ ਕਰਦੇ ਹੋਏ ਹੁਣ ਇਹ ਪੁਰਸਕਾਰ 'ਬਾਬਾ ਗਰੁੱਪ' ਦੇ ਸੂਫੀ ਗਾਇਕਾਂ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਦਰਅਸਲ ਗੁਰਦਾਸ ਮਾਨ ਵਲੋਂ ਪੰਜਾਬੀ ਬੋਲੀ ਦੇ ਨਿਰਾਦਰ ਕਾਰਨ ਇਹ ਪੁਰਸਕਾਰ ਉਸ ਨੂੰ ਨਾ ਦੇਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ ਅਤੇ ਹੁਣ ਇਹ ਫ਼ੈਸਲਾ ਪੰਜਾਬੀ ਅਵਾਮ ਦੀ ਜਿੱਤ ਕਿਹਾ ਜਾ ਸਕਦਾ ਹੈ।
ਪਾਕਿਸਤਾਨੀ ਪੰਜਾਬ ਨਾਲ ਸਬੰਧਤ ਨਾਮਵਰ ਸਾਹਿਤਕਾਰ ਨਜ਼ੀਰ ਕਹੂਟ 'ਸਾਂਝ ਲੋਕ ਰਾਜ ਪਾਕ ਪਟਨ', ਸ਼ਬੀਰ ਜੀ 'ਵਾਰਿਸ ਸ਼ਾਹ ਪ੍ਰਚਾਰ ਤੇ ਪ੍ਰਸਾਰ ਪਰਿਆ', ਆਸਿਫ਼ ਰਜ਼ਾ 'ਮਾਂ ਬੋਲੀ ਰਿਸਰਚ ਸੈਂਟਰ', ਸੁਫ਼ੀਕ ਬੱਟ ਲੋਕ ਸੁਜੱਗ' ਸੰਸਥਾ, ਕੈਨੇਡਾ ਤੋਂ ਸਾਊਥ ਏਸ਼ੀਅਨ ਰਿਵਿਊ ਅਤੇ ਜੀਵੇ ਪੰਜਾਬ ਅਦਬੀ ਫਾਊਂਡੇਸ਼ਨ, 'ਮਾਂ ਬੋਲੀ ਪੰਜਾਬੀ ਦੇ ਵਾਰਿਸ' ਸੰਸਥਾ, 'ਪੰਜਾਬੀ ਸਾਹਿਤ ਸਭਾ ਮੁਢਲੀ ਰਜਿਸਟਰਡ' ਐਬਟਸਫੋਰਡ, ਲੋਕ ਲਿਖਾਰੀ ਸਹਿਤ ਸਭਾ ਉੱਤਰੀ ਅਮਰੀਕਾ, ਮਿਸ਼ਨ ਪੰਜ ਆਬ ਕਲਚਰਲ ਕਲੱਬ, ਵਣਜਾਰਾ ਨੋਮੈਡ ਸੰਸਥਾ ਕੈਨੇਡਾ, ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੋਸਾਇਟੀ ਅਤੇ ਨੌਰਥ ਅਮਰੀਕਾ ਸਿੱਖ ਅਲਾਇੰਸ ਨੇ ਸਾਂਝੇ ਰੂਪ ਵਿਚ ਇਸ ਫ਼ੈਸਲੇ 'ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਗੁਰਦਾਸ ਮਾਨ ਨੂੰ ਵਾਰਿਸ ਸ਼ਾਹ ਪੁਰਸ਼ਕਾਰ ਦੇਣ ਦਾ ਲਗਾਤਾਰ ਵਿਰੋਧ ਹੋਇਆ ਸੀ ਅਤੇ ਬੀਤੇ ਦਿਨ ਸਰੀ ਵਿਚ ਹੋਏ ਜਨਤਕ ਇਕੱਠ ਵਿਚ ਇਹ ਪੁਰਸਕਾਰ ਦੇਣ ਖ਼ਿਲਾਫ਼ ਮਤਾ ਵੀ ਪਾਸ ਕੀਤਾ ਗਿਆ ਸੀ। ਗੁਰਦਾਸ ਮਾਨ ਵੱਲੋਂ ਕੈਨੇਡਾ ਵਿਚ ਆਪਣੇ ਇੱਕ ਵਿਵਾਦਤ ਸ਼ੋਅ ਦੌਰਾਨ ਅਪਮਾਨਜਨਕ ਸ਼ਬਦਾਵਲੀ ਵਰਤਣ, ਪੰਜਾਬੀ ਮਾਂ ਬੋਲੀ ਦਾ ਅਪਮਾਨ ਕਰਨ, ਇੱਕ ਰਾਸ਼ਟਰ ਇੱਕ ਭਾਸ਼ਾ ਦਾ ਹੋਕਾ ਦੇਣ ਅਤੇ ਮਾਂ ਮਾਸੀ ਦਾ ਬਿਰਤਾਂਤ ਸਿਰਜਣ ਖ਼ਿਲਾਫ਼ ਇਹ ਆਵਾਜ਼ ਲਗਾਤਾਰ ਉੱਠ ਰਹੀ ਹੈ ਅਤੇ ਗੁਰਦਾਸ ਮਾਨ ਦੇ ਕੈਨੈਡਾ ਵਿਚਲੇ ਸ਼ੋਅ ਕੈਂਸਲ ਕਰਵਾਉਣ ਲਈ ਜੱਦੋਜਹਿਦ ਜਾਰੀ ਹੈ।
ਪੰਜਾਬੀ ਮਾਂ ਬੋਲੀ ਦੇ ਪਿਆਰਿਆਂ ਨੇ ਇਲਿਆਸ ਘੁੰਮਣ ਅਤੇ ਵਾਰਿਸ ਆਲਮੀ ਫਾਊਂਡੇਸ਼ਨ ਲਾਹੌਰ ਪਾਕਿਸਤਾਨ ਵੱਲੋਂ, ਗੁਰਦਾਸ ਮਾਨ ਨੂੰ ਇਹ ਪੁਰਸਕਾਰ ਨਾ ਦੇ ਕੇ, ਲੈ ਸੁਰ ਸੰਗੀਤ ਅਤੇ ਪੰਜਾਬੀ ਦੇ ਜਾਗਰੂਕ ਸਪੂਤ 'ਬਾਬਾ ਗਰੁੱਪ' ਨੂੰ ਸੰਗੀਤ ਪੁਰਸਕਾਰ ਦੇਣ ਦੇ ਫੈਸਲੇ ਲਈ ਤਹਿ ਦਿਲੋਂ ਧੰਨਵਾਦ ਕੀਤਾ ਹੈ। ਪੰਜਾਬ ਮਾਂ ਬੋਲੀ ਦੇ ਵਾਰਸਾਂ ਨੇ ਬਾਬਾ ਗਰੁੱਪ ਦੇ ਸੂਫੀ ਗਾਇਕਾਂ ਨੂੰ ਮੁਬਾਰਕਬਾਦ ਪੇਸ਼ ਕੀਤੀ ਹੈ