
ਦੋ ਹੋਰ ਸਾਥੀ ਗ੍ਰਿਫ਼ਤਾਰ
ਅਯੋਧਿਆ (ਉੱਤਰ ਪ੍ਰਦੇਸ਼): ਉਤਰ ਪ੍ਰਦੇਸ਼ ਪੁਲਿਸ ਨੇ ਅਯੋਧਿਆ ’ਚ ਇਕ ਰੇਲ ਗੱਡੀ ’ਚ ਔਰਤ ਕਾਂਸਟੇਬਲ ’ਤੇ ਹਮਲੇ ਦੇ ਕਥਿਤ ਮੁੱਖ ਮੁਲਜ਼ਮ ਨੂੰ ਸ਼ੁਕਰਵਾਰ ਨੂੰ ਇਕ ਮੁਕਾਬਲੇ ’ਚ ਮਾਰ ਦਿਤਾ ਜਦਕਿ ਦੋ ਹੋਰ ਮੁਲਜ਼ਮ ਜ਼ਖ਼ਮੀ ਹੋ ਗਏ। ਵਿਸ਼ੇਸ਼ ਪੁਲਿਸ ਡਾਇਰੈਕਟਰ ਜਨਰਲ (ਕਾਨੂੰਨ ਵਿਵਸਥਾ) ਨੇ ਕਿਹਾ, ‘‘ਸਰਯੂ ਐਕਸਪ੍ਰੈੱਸ ’ਚ ਔਰਤ ਕਾਂਸਟੇਬਲ ’ਤੇ ਹਮਲੇ ਦੀ ਘਟਨਾ ਦਾ ਮੁੱਖ ਮੁਲਜ਼ਮ ਅਨੀਸ਼ ਖ਼ਾਨ ਅੱਜ ਅਯੋਧਿਆ ਦੇ ਪੂਰਾ ਕਲੰਦਰ ’ਚ ਪੁਲਿਸ ਨਾਲ ਮੁਕਾਬਲੇ ’ਚ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਜਿਥੇ ਬਾਅਦ ’ਚ ਉਸ ਨੇ ਦਮ ਤੋੜ ਦਿਤਾ।’’ ਉਹ ਹੈਦਰਗੰਜ ਥਾਣਾ ਇਲਾਕੇ ’ਚ ਦਸ਼ਲਾਵਨ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ: ਕੈਨੇਡਾ ’ਚ ਗੁੱਸੇ, ਨਫ਼ਰਤ, ਡਰਾਉਣ-ਧਮਕਾਉਣ ਲਈ ਕੋਈ ਥਾਂ ਨਹੀਂ: ਕੈਨੇਡਾ ਸਰਕਾਰ
ਉਸ ਦੇ ਦੋ ਹੋਰ ਸਾਥੀ ਆਜ਼ਾਦ ਅਤੇ ਵਿਸ਼ੰਭਰ ਦਿਆਲ ਦੂਬੇ ਵੀ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਹਾਂ ਮੁਲਜ਼ਮਾਂ ਅਨੀਸ਼ ਖ਼ਾਨ ਨਾਲ ਕਾਂਸਟੇਬਲ ’ਤੇ ਹਮਲੇ ਦੀ ਘਟਨਾ ’ਚ ਸ਼ਾਮਲ ਹੋਣ ਦੀ ਗੱਲ ਮੰਨ ਲਈ ਹੈ। ਪੁਲਿਸ ਨੇ ਉਸ ਨੂੰ ਵੀਰਵਾਰ ਰਾਤ ਘੇਰ ਲਿਆ ਸੀ ਪਰ ਭੱਜਣ ਦੀ ਕੋਸ਼ਿਸ਼ ’ਚ ਅਨੀਸ਼ ਖ਼ਾਨ ਨੇ ਪੁਲਿਸ ’ਤੇ ਗੋਲੀਆਂ ਚਲਾ ਦਿਤੀਆਂ। ਜਵਾਬੀ ਗੋਲੀਬਾਰੀ ’ਚ ਉਹ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿਥੇ ਉਸ ਨੇ ਦਮ ਤੋੜ ਦਿਤਾ। ਮੁਕਾਬਲੇ ਦੌਰਾਨ ਥਾਣਾ ਇੰਚਾਰਜ ਰਤਨ ਸ਼ਰਮਾ ਵੀ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: ਆਸਟ੍ਰੇਲੀਆ ਫ਼ੌਜ ਵਿਚ ਸ਼ਾਮਲ ਹੋਇਆ ਸੁਨਾਮ ਦਾ ਨੌਜਵਾਨ
ਗ੍ਰਿਫ਼ਤਾਰ ਮੁਲਜ਼ਮਾਂ ਨੇ ਕਿਹਾ ਕਿ ਉਹ ਰੇਲਗੱਡੀਆਂ ’ਚ ਅਪਰਾਧ ਕਰਦੇ ਸਨ ਅਤੇ 30 ਅਗੱਸਤ ਨੂੰ ਔਰਤ ਕਾਂਸਟੇਬਲ ਨੂੰ ਕੋਚ ’ਚ ਇਕੱਲਾ ਵੇਖ ਕੇ ਉਸ ’ਤੇ ਹਮਲਾ ਕਰ ਦਿਤਾ ਅਤੇ ਗੰਭੀਰ ਜ਼ਖ਼ਮੀ ਕਰ ਦਿਤਾ। ਉਸ ਨੂੰ ਲਖਨਊ ਦੇ ਇਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਜਿਥੇ ਉਸ ਦੀ ਹਾਲਤ ਖ਼ਤਰੇ ’ਤੇ ਬਾਹਰ ਦੱਸੀ ਗਈ ਹੈ।
ਇਹ ਵੀ ਪੜ੍ਹੋ: ਨਿੱਝਰ ਕਤਲ ਕੇਸ: ਕੈਨੇਡਾ ਦੇ ਭਾਰਤ ’ਤੇ ਦੋਸ਼ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਦੇ ਆਧਾਰ ’ਤੇ : ਰੀਪੋਰਟ
ਉੱਤਰ ਪ੍ਰਦੇਸ਼ ਪੁਲਿਸ ਨੇ ਹਾਲ ਹੀ ’ਚ ਕਿਹਾ ਸੀ ਕਿ ਉਨ੍ਹਾਂ ਨੇ ਯੋਗੀ ਆਦਿਤਿਆਨਾਥ ਦੀ ਸਰਕਾਰ ਦੇ ਛੇ ਸਾਲਾਂ ’ਚ 183 ਕਥਿਤ ਅਪਰਾਧੀਆਂ ਨੂੰ ਮੁਕਾਬਲੇ ’ਚ ਮਾਰਿਆ ਹੈ। ਪੁਲਿਸ ਅੰਕੜਿਆਂ ਅਨੁਸਾਰ ਮਾਰਚ 2017 ਤੋਂ ਹੁਣ ਤਕ ਸੂਬੇ ਅੰਦਰ 10,900 ਤੋਂ ਵੱਧ ਪੁਲਿਸ ਮੁਕਾਬਲੇ ਹੋ ਚੁਕੇ ਹਨ ਅਤੇ ਇਨ੍ਹਾਂ ਮੁਕਾਬਲਿਆਂ ’ਚ 23,300 ਕਥਿਤ ਅਪਰਾਧੀ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ 5,046 ਜ਼ਖ਼ਮੀ ਹੋਏ ਹਨ। ਇਨ੍ਹਾਂ ਮੁਕਾਬਲਿਆਂ ’ਚ 1,443 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਅਤੇ 13 ਹੋਰ ਮਾਰੇ ਗਏ।