
ਪੰਜ ਜਾਸੂਸੀ ਦੇਸ਼ਾਂ ਦੇ ਨੈੱਟਵਰਕ ਨੇ ਭਾਰਤੀ ਸਫ਼ੀਰਾਂ ਅਤੇ ਅਧਿਕਾਰੀਆਂ ਵਿਚਾਲੇ ਹੋਈ ਗੱਲਬਾਤ ਦੀ ਖੁਫ਼ੀਆ ਰੀਕਾਰਡਿੰਗ ਕੀਤੀ
ਟੋਰਾਂਟੋ: ਕੈਨੇਡਾ ਦੇ ਮੀਡੀਆ ਨੇ ਅਪਣੀ ਇਕ ਰੀਪੋਰਟ ’ਚ ਕੈਨੇਡੀਆਈ ਸਰਕਾਰ ਨਾਲ ਜੁੜੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਇਕ ਸਿੱਖ ਵਖਵਾਦੀ ਆਗੂ ਦੇ ਕਤਲ ’ਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਮਨੁੱਖੀ ਤੇ ਖੁਫੀਆ ਜਾਣਕਾਰੀ ਅਤੇ ਓਟਾਵਾ ਦੇ ‘ਫ਼ਾਈਵ ਆਈਜ਼’ ਖੁਫ਼ੀਆ ਨੈੱਟਵਰਕ ਦੇ ਇਕ ਸਹਿਯੋਗੀ ਦੇਸ਼ ਤੋਂ ਮਿਲੀਆਂ ਗੁਪਤ ਸੂਚਨਾਵਾਂ ’ਤੇ ਅਧਾਰਤ ਹਨ। ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਜਾਰੀ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ 18 ਜੂਨ ਨੂੰ ਨਿੱਝਰ ਦੇ ਕਤਲ ’ਚ ਭਾਰਤੀ ਏਜੰਟਾਂ ਦੀ ‘ਸੰਭਾਵਤ’ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਤੋਂ ਬਾਅਦ ਇਹ ਵਿਵਾਦ ਪੈਦਾ ਹੋ ਗਿਆ ਸੀ। ਭਾਰਤ ਨੇ ਮੰਗਲਵਾਰ ਨੂੰ ਕੈਨੇਡਾ ਦੇ ਦੋਸ਼ਾਂ ਨੂੰ ‘ਬੇਤੁਕਾ’ ਅਤੇ ‘ਬੇਬੁਨਿਆਦ’ ਦਸਦਿਆਂ ਰੱਦ ਕਰ ਦਿਤਾ ਸੀ ਅਤੇ ਕੈਨੇਡਾ ਵਲੋਂ ਇਸ ਮਾਮਲੇ ’ਚ ਇਕ ਭਾਰਤੀ ਅਧਿਕਾਰੀ ਨੂੰ ਕੱਢਣ ਦੇ ਬਦਲੇ ’ਚ ਇਕ ਸੀਨੀਅਰ ਕੈਨੇਡੀਅਨ ਸਫ਼ੀਰ ਨੂੰ ਕੱਢ ਦਿਤਾ ਸੀ।
ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਇਕਾਈ ਸੀ.ਬੀ.ਸੀ. ਨਿਊਜ਼ ਨੇ ਵੀਰਵਾਰ ਨੂੰ ਅਪਣੀ ਰੀਪੋਰਟ ’ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਕੈਨੇਡੀਅਨ ਸਰਕਾਰ ਨੇ ਸਿੱਖ ਵਿਅਕਤੀ ਦੇ ਕਤਲ ਦੀ ਇਕ ਮਹੀਨੇ ਤਕ ਚੱਲੀ ਜਾਂਚ ’ਚ ਮਨੁੱਖੀ ਅਤੇ ਖੁਫੀਆ ਜਾਣਕਾਰੀ ਇਕੱਠੀ ਕੀਤੀ ਹੈ। ਕੈਨੇਡਾ ਸਰਕਾਰ ਨਾਲ ਜੁੜੇ ਸੂਤਰਾਂ ਨੇ ਦਸਿਆ ਕਿ ਇਸ ਖੁਫੀਆ ਜਾਣਕਾਰੀ ’ਚ ਕੈਨੇਡਾ ’ਚ ਮੌਜੂਦ ਭਾਰਤੀ ਸਫ਼ੀਰਾਂ ਅਤੇ ਭਾਰਤੀ ਅਧਿਕਾਰੀਆਂ ਵਿਚਾਲੇ ਹੋਈ ਗੱਲਬਾਤ ਵੀ ਸ਼ਾਮਲ ਹੈ।
ਰੀਪੋਰਟ ’ਚ ਕਿਹਾ ਗਿਆ ਹੈ ਕਿ ਖੁਫੀਆ ਜਾਣਕਾਰੀ ਸਿਰਫ ਕੈਨੇਡਾ ਤੋਂ ਨਹੀਂ ਆਈ, ਇਸ ’ਚੋਂ ਕੁਝ ‘ਫਾਈਵ ਆਈਜ਼’ ਖੁਫੀਆ ਨੈੱਟਵਰਕ ਦੇ ਇਕ ਬੇਨਾਮ ਸਹਿਯੋਗੀ ਤੋਂ ਆਈ ਹੈ। ‘ਫਾਈਵ ਆਈਜ਼’ ਖੁਫੀਆ ਨੈੱਟਵਰਕ ’ਚ ਕੈਨੇਡਾ, ਅਮਰੀਕਾ, ਬਰਤਾਨੀਆਂ, ਆਸਟਰੇਲੀਆ ਅਤੇ ਨਿਊਜ਼ੀਲੈਂਡ ਸ਼ਾਮਲ ਹਨ।
ਰੀਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਸਿਆਸੀ ਸੰਕਟ ਪਰਦੇ ਪਿੱਛੇ ਤੇਜ਼ੀ ਨਾਲ ਉਜਾਗਰ ਹੋਇਆ ਸੀ। ਕੈਨੇਡੀਅਨ ਅਧਿਕਾਰੀਆਂ ਨੇ ਕਈ ਵਾਰ ਭਾਰਤ ਦਾ ਦੌਰਾ ਕੀਤਾ ਅਤੇ ਨਿੱਝਰ ਦੇ ਕਤਲ ਕੇਸ ਦੀ ਜਾਂਚ ’ਚ ਸਹਿਯੋਗ ਦੀ ਮੰਗ ਕੀਤੀ। ਇਸ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਦੀ ਕੌਮੀ ਸੁਰੱਖਿਆ ਅਤੇ ਖੁਫੀਆ ਸਲਾਹਕਾਰ ਜੋਡੀ ਥਾਮਸ ਅਗੱਸਤ ਦੇ ਅੱਧ ਵਿਚ ਚਾਰ ਦਿਨਾਂ ਤੋਂ ਵੱਧ ਸਮੇਂ ਲਈ ਭਾਰਤ ਵਿਚ ਸੀ, ਜਿਸ ਤੋਂ ਬਾਅਦ ਉਹ ਸਤੰਬਰ ਵਿਚ ਵੀ ਪੰਜ ਦਿਨਾਂ ਲਈ ਭਾਰਤ ਵਿਚ ਸੀ। ਪਿਛਲੀ ਫੇਰੀ ਪ੍ਰਧਾਨ ਮੰਤਰੀ ਟਰੂਡੋ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਤਣਾਅਪੂਰਨ ਮੁਲਾਕਾਤ ਦੇ ਨਾਲ ਮੇਲ ਖਾਂਦੀ ਹੈ।
ਰੀਪੋਰਟ ’ਚ ਕਿਹਾ ਗਿਆ, “ਕੈਨੇਡੀਅਨ ਸੂਤਰਾਂ ਦਾ ਕਹਿਣਾ ਹੈ ਕਿ ਬੰਦ ਦਰਵਾਜ਼ਿਆਂ ਪਿੱਛੇ ਜ਼ੋਰ ਦੇਣ ’ਤੇ ਵੀ ਕਿਸੇ ਵੀ ਭਾਰਤੀ ਅਧਿਕਾਰੀ ਨੇ ਇਨ੍ਹਾਂ ਵਿਸਫੋਟਕ ਦੋਸ਼ਾਂ ਤੋਂ ਇਨਕਾਰ ਨਹੀਂ ਕੀਤਾ ਹੈ।’’ ਇਸ ਕੇਸ ’ਚ ਦੋਸ਼ ਇਹ ਹਨ ਕਿ ਇਸ ਗੱਲ ਦੇ ਸਬੂਤ ਹਨ ਕਿ ਭਾਰਤ ਸਰਕਾਰ ਕੈਨੇਡੀਅਨ ਧਰਤੀ ’ਤੇ ਇਕ ਕੈਨੇਡੀਅਨ ਨਾਗਰਿਕ ਦੇ ਕਤਲ ’ਚ ਸ਼ਾਮਲ ਹੈ।
ਓਟਵਾ ’ਚ ਸਰਕਾਰੀ ਸੂਤਰਾਂ ਨੇ ਕਿਹਾ ਕਿ ਕੈਨੇਡਾ ਜਵਾਬੀ ਪ੍ਰਤੀਕਿਰਿਆ ’ਤੇ ਵਿਚਾਰ ਕਰ ਰਿਹਾ ਹੈ ਪਰ ਅਜੇ ਤਕ ਕੋਈ ਫੈਸਲਾ ਨਹੀਂ ਲਿਆ ਹੈ। ਉੱਤਰੀ ਅਮਰੀਕੀ ਦੇਸ਼ ’ਚ ਵੱਖਵਾਦੀ ਤੱਤਾਂ ਦੀਆਂ ਵਧਦੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਭਾਰਤ ਅਤੇ ਕੈਨੇਡਾ ਦੇ ਸਬੰਧ ਪਿਛਲੇ ਕੁਝ ਮਹੀਨਿਆਂ ਤੋਂ ਤਣਾਅਪੂਰਨ ਬਣੇ ਹੋਏ ਹਨ। ਭਾਰਤ ਦਾ ਮੰਨਣਾ ਹੈ ਕਿ ਟਰੂਡੋ ਸਰਕਾਰ ਉਸ ਦੀਆਂ ਅਸਲ ਚਿੰਤਾਵਾਂ ਵਲ ਧਿਆਨ ਨਹੀਂ ਦੇ ਰਹੀ ਹੈ। ਸੀ.ਬੀ.ਸੀ. ਦੀ ਰੀਪੋਰਟ ਅਨੁਸਾਰ ਕੈਨੇਡੀਅਨ ਸਰਕਾਰ ਨੇ ਅਪਣੇ ਸਬੂਤਾਂ ਦਾ ਪ੍ਰਗਟਾਵਾ ਨਹੀਂ ਕੀਤਾ ਹੈ ਪਰ ਕਿਹਾ ਹੈ ਕਿ ਇਸ ਨੂੰ ਕਾਨੂੰਨੀ ਪ੍ਰਕਿਰਿਆ ਦੌਰਾਨ ਅੱਗੇ ਲਿਆਂਦਾ ਜਾ ਸਕਦਾ ਹੈ।