
ਪੰਜਾਬ ਸਮੇਤ 19 ਸੂਬਿਆਂ 'ਚ 7463 ਲੋਕਾਂ 'ਤੇ ਕੀਤਾ ਗਿਆ ਸਰਵੇਖਣ
ਸੈਂਟਰ ਫ਼ਾਰ ਦਿ ਸਟੱਡੀ ਆਫ਼ ਡਿਵੈਲਪਿੰਗ ਸੁਸਾਈਟੀਜ਼ ਨੇ ਦਿੱਤੀ ਰਿਪੋਰਟ
ਨਵੀਂ ਦਿੱਲੀ : ਦੇਸ਼ ਵਿੱਚ ਭਾਵੇਂ ਕਿ ਨਿਊਜ਼ ਦਾ ਪ੍ਰਮੁੱਖ ਅਤੇ ਪਸੰਦੀਦਾ ਸਰੋਤ ਟੈਲੀਵਿਜ਼ਨ ਹੈ ਪਰ ਜੇਕਰ ਗੱਲ ਭਰੋਸੇ ਦੀ ਹੋਵੇ ਤਾਂ ਅੱਜ ਵੀ ਮੀਡਿਆ ਯੂਜ਼ਰਸ ਅਖਬਾਰ ਨੂੰ ਹੀ ਸਭ ਤੋਂ ਵੱਧ ਵਿਸ਼ਵਾਸਯੋਗ ਮੰਨਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਗੱਲ 'ਸੈਂਟਰ ਫ਼ਾਰ ਸਟੱਡੀ ਆਫ਼ ਡਿਵੈਲਪਮੈਂਟ ਸੁਸਾਈਟੀਜ਼' (CSDS) ਦੇ ਲੋਕਨੀਤੀ ਪ੍ਰੋਗਰਾਮ ਤਹਿਤ ਕਰਵਾਏ ਗਏ ਸਰਵੇਖਣ 'ਚ ਸਾਹਮਣੇ ਆਈ ਹੈ ਕਿ ਭਾਰਤ ਵਿਚ ਖ਼ਬਰਾਂ ਦਾ ਸਭ ਤੋਂ ਭਰੋਸੇਯੋਗ ਸਰੋਗ ਅਖ਼ਬਾਰ ਹੈ। ਇਸ ਸਰਵੇਖਣ ਦੇ ਨਤੀਜੇ ਵੀਰਵਾਰ ਨੂੰ ਜਾਰੀ ਕੀਤੇ ਗਏ।
ਸੀ.ਐਸ.ਡੀ.ਐਸ. ਨੇ ਆਪਣੇ ਲੋਕਨੀਤੀ ਪ੍ਰੋਗਰਾਮ ਲਈ 'ਕੋਨਰਾਡ ਅਡੇਨੌਰ ਸਟਿਫਟੰਗ' (ਕੇਏਐਸ) ਦੇ ਸਹਿਯੋਗ ਨਾਲ ਦੇਸ਼ ਦੇ 19 ਸੂਬਿਆਂ ਵਿਚ 15 ਸਾਲ ਤੋਂ ਵੱਧ ਉਮਰ ਦੇ 7463 ਲੋਕਾਂ 'ਤੇ ਮੀਡੀਆ ਵਿਵਹਾਰ ਉਪਰ ਇੱਕ ਸਰਵੇਖਣ ਕੀਤਾ ਹੈ। ਇਸ ਸਰਵੇ ਵਿਚ ਸ਼ਾਮਲ ਲੋਕ ਸ਼ਹਿਰੀ ਅਤੇ ਪੇਂਡੂ ਦੋਹਾਂ ਇਲਾਕਿਆਂ ਨਾਲ ਸਬੰਧਿਤ ਸਨ। ਰਿਪੋਰਟ ਅਨੁਸਾਰ ਪੁਛਲੇ ਤਿੰਨ ਸਾਲਾਂ ਵਿਚ ਸਮਾਰਟਫੋਨ 'ਤੇ ਇੰਟਰਨੇਟ ਦੀ ਵਰਤੋਂ ਵਿਚ ਵਾਧਾ ਹੋਇਆ ਹੈ। 10 ਵਿਚੋਂ 9 ਵਿਅਕਤੀ ਖ਼ਬਰਾਂ ਲਈ ਸੋਸ਼ਲ ਮੀਡੀਆ ਅਤੇ ਮੈਸੇਜਿੰਗ ਐਪਸ ਦੀ ਵਰਤੋਂ ਕਰ ਰਹੇ ਹਨ।
ਤਿੰਨ ਚੌਥਾਈ ਲੋਕ ਸਿੱਧਾ ਸਰਚ ਇੰਜਣ 'ਤੇ ਹੀ ਖ਼ਬਰਾਂ ਭਾਲਦੇ ਹਨ ਜਦਕਿ 10 ਵਿਚੋਂ 7 ਲੋਕ ਅਜਿਹੇ ਹਨ ਜੋ ਨਿਊਜ਼ ਵੈਬਸਾਈਟਸ ਦੀ ਵਰਤੋਂ ਕਰਦੇ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਦੋ ਤਿਹਾਈ ਲੋਕ ਈ- ਮੇਲ 'ਤੇ ਖ਼ਬਰਾਂ ਪੜ੍ਹਦੇ ਹਨ ਪਰ ਇਹ ਨਿਯਮਤ ਤੌਰ 'ਤੇ ਨਹੀਂ ਹੈ। ਇਨ੍ਹਾਂ ਸਾਰਿਆਂ ਤੋਂ ਬਾਅਦ ਵੀ ਭਰੋਸੇਯੋਗਤਾ ਦੇ ਮਾਮਲੇ ਵਿਚ ਉਹ ਅਖ਼ਬਾਰਾਂ ਨੂੰ ਹੀ ਸਭ ਤੋਂ ਵੱਧ ਵਿਸ਼ਵਾਸਯੋਗ ਮੰਨਦੇ ਹਨ। ਇੰਟਰਨੇਟ ਯੂਜ਼ਰਸ ਨੇ ਕਿਹਾ ਕਿ ਉਹ ਇੰਟਰਨੇਟ ਸਰਵਿਸ ਪ੍ਰੋਵਾਈਡਰਾਂ 'ਤੇ ਆਪਣੇ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਸਰਕਾਰੀ ਏਜੰਸੀਆਂ 'ਤੇ ਜ਼ਿਆਦਾ ਭਰੋਸਾ ਕਰਦੇ ਹਨ।
46% ਲੋਕਾਂ ਨੇ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਕਰਨਾ ਗ਼ਲਤ ਹੈ ਕਿ ਸੋਸ਼ਲ ਮੀਡੀਆ 'ਤੇ ਕੀ ਪੋਸਟ ਕੀਤਾ ਜਾਵੇ ਅਤੇ ਕੀ ਪੋਸਟ ਨਾ ਕੀਤਾ ਜਾਵੇ। ਲੋਕ ਮੰਨਦੇ ਹਨ ਕਿ ਸਰਕਾਰ ਜਾਣਕਾਰੀ ਦਾ ਸਰਵੀਲੈਂਸ ਕਰ ਰਹੀ ਹੈ। ਰਿਪੋਰਟ ਅਨੁਸਾਰ 49 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਲੋਕ ਇੰਟਰਨੈਟ 'ਤੇ ਕੀ ਕਰ ਰਹੇ ਹਨ ਇਸ ਉਪਰ ਵੀ ਅੱਖ ਰੱਖੀ ਜਾ ਰਹੀ ਹੈ।
ਫ਼ੋਨ 'ਤੇ ਕੀਤੀ ਜਾਂਦੀ ਗੱਲਬਾਤ ਸਮੇਤ ਸੋਸ਼ਲ ਮੀਡੀਆ 'ਤੇ ਰੱਖੀ ਜਾਂਦੀ ਨਜ਼ਰ ਨੂੰ ਲੋਕ ਬਿਲਕੁਲ ਗ਼ਲਤ ਮੰਨਦੇ ਹਨ। ਦੱਸ ਦੇਈਏ ਕਿ ਇਹ ਸਰਵੇਖਣ ਪੰਜਾਬ, ਦਿੱਲੀ, ਬਿਹਾਰ, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਤੇਲੰਗਾਨਾ, ਅਸਾਮ, ਹਰਿਆਣਾ, ਕਰਨਾਟਕ, ਕੇਰਲ, ਬੰਗਾਲ ਅਤੇ ਓਡੀਸ਼ਾ ਵਿਚ ਹੋਇਆ ਹੈ।