
ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਦੇ ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਵਿਵਾਦਮਈ ਵੀਡੀਉ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦੋਸ਼ ਲਾਇਆ.........
ਭੋਪਾਲ : ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਦੇ ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਵਿਵਾਦਮਈ ਵੀਡੀਉ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਸੂਬੇ ਦੀਆਂ ਆਉਣ ਵਾਲੀਆਂ ਚੋਣਾਂ 'ਚ ਫ਼ਿਰਕੂ ਧਰੁਵੀਕਰਨ ਦੇ ਹਥਕੰਡੇ ਅਪਣਾ ਰਹੀ ਹੈ। ਇਸ ਵੀਡੀਉ 'ਚ ਕਮਲਨਾਥ ਕਥਿਤ ਤੌਰ 'ਤੇ ਇਹ ਕਹਿੰਦਿਆਂ ਸੁਣਾਈ ਦੇ ਰਹੇ ਹਨ ਕਿ 'ਜੇ ਚੋਣਾਂ 'ਚ ਮੁਸਲਮਾਨਾਂ ਦੇ 90 ਫ਼ੀ ਸਦੀ ਵੋਟ ਨਾ ਪਏ ਤਾਂ ਕਾਂਗਰਸ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ।'
ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ, ''ਸੂਬੇ ਦੀਆਂ ਚੋਣਾਂ 'ਚ ਵੋਟਰਾਂ ਨੂੰ ਠੱਗਣ ਲਈ ਕਾਂਗਰਸ ਨੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੂੰ ਪਿਛਲੇ ਦਿਨੀਂ ਫ਼ੈਂਸੀ ਡਰੈੱਸ ਹਿੰਦੂਵਾਦ ਦਾ ਪ੍ਰਦਰਸ਼ਨ ਕਰਦਿਆਂ ਵੇਖਿਆ ਗਿਆ ਹੈ। ਪਰ ਕਮਲਨਾਥ ਦੇ ਤਾਜ਼ਾ ਵੀਡੀਉ ਨਾਲ ਕਾਂਗਰਸ ਦਾ ਚਾਲ, ਚਰਿੱਤਰ ਅਤੇ ਚਿਹਰਾ
ਸਾਹਮਣੇ ਆ ਗਿਆ ਹੈ।'' ਉਨ੍ਹਾਂ ਕਿਹਾ, ''ਬੰਦ ਕਮਰੇ 'ਚ ਇਕ ਫ਼ਿਰਕੇ ਵਿਸ਼ੇਸ਼ ਦੇ ਲੋਕਾਂ ਨਾਲ ਚਰਚਾ ਦੌਰਾਨ ਕਮਲਨਾਥ ਦੇ ਵਿਵਾਦਮਈ ਬੋਲ ਨਾਲ ਤਸਦੀਕ ਹੋ ਗਿਆ ਹੈ ਕਿ ਸੂਬੇ ਦੀਆਂ ਵਿਧਾਨ ਸਭਾ ਚੋਣਾਂ 'ਚ ਨਿਰਾਸ਼ ਹੋ ਚੁੱਕੀ ਕਾਂਗਰਸ ਫ਼ਿਰਕੂ ਧਰੁਵੀਕਰਨ ਦੇ ਹਥਕੰਡੇ ਅਪਣਾ ਰਹੀ ਹੈ
ਅਤੇ ਅਪਣੇ ਫ਼ਾਇਦੇ ਲਈ ਦੋ ਵਰਗਾਂ ਵਿਚਕਾਰ ਖਾਈ ਪੈਦਾ ਕਰਨਾ ਚਾਹੁੰਦੀ ਹੈ।'' ਉਧਰ ਸੂਬਾ ਕਾਂਗਰਸ ਦੀ ਮੀਡੀਆ ਵਿਭਾਗ ਦੀ ਪ੍ਰਧਾਨ ਸ਼ੋਭਾ ਓਝਾ ਨੇ ਦੋਸ਼ ਲਾਇਆ ਕਿ ਭਾਜਪਾ ਦੇ 'ਡਰਟੀ ਟ੍ਰਿਕਸ ਡਿਪਾਰਟਮੈਂਟ' ਨੇ ਕਮਲਨਾਥ ਦੇ ਵੀਡੀਉ 'ਚ ਕੱਟ-ਵੱਢ ਕਰ ਕੇ ਇਸ ਦਾ ਚੋਣਵਾ ਹਿੱਸਾ ਸੋਸ਼ਲ ਮੀਡੀਆ 'ਤੇ ਪਾਇਆ ਹੈ। ਉਨ੍ਹਾਂ ਕਿਹਾ ਕਿ ਕਮਲਨਾਥ ਹਰ ਜਾਤ ਅਤੇ ਫ਼ਿਰਕੇ ਦੇ ਲੋਕਾਂ ਨੂੰ ਮਿਲ ਕੇ ਅਪੀਲ ਕਰ ਰਹੇ ਹਨ ਕਿ ਉਹ 28 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਵੱਧ ਤੋਂ ਵੱਧ ਵੋਟਾਂ ਪਾਉਣ। (ਪੀਟੀਆਈ)