
ਭਲਕੇ 23 ਨਵੰਬਰ ਨੂੰ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ, ਜੋ 15 ਦਸੰਬਰ ਤਕ ਚੱਲੇਗਾ
Wedding Season: ਦੀਵਾਲੀ ਦੇ ਤਿਉਹਾਰੀ ਸੀਜ਼ਨ ਵਿਚ ਰਿਕਾਰਡ ਵਿਕਰੀ ਤੋਂ ਬਾਅਦ ਕਾਰੋਬਾਰੀ ਭਾਈਚਾਰਾ 23 ਨਵੰਬਰ ਤੋਂ ਸ਼ੁਰੂ ਹੋ ਰਹੇ ਵਿਆਹਾਂ ਦੇ ਸੀਜ਼ਨ ਵਿਚ ਖਪਤਕਾਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਵਪਾਰੀਆਂ ਦੇ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਨੇ ਉਮੀਦ ਜਤਾਈ ਹੈ ਕਿ 23 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਵਿਆਹਾਂ ਦੇ ਸੀਜ਼ਨ ਵਿਚ ਦੇਸ਼ ਭਰ ਵਿਚ ਲਗਭਗ 38 ਲੱਖ ਵਿਆਹ ਹੋਣਗੇ, ਜਿਸ ਨਾਲ ਲਗਭਗ 4.74 ਲੱਖ ਕਰੋੜ ਰੁਪਏ ਦਾ ਵਪਾਰ ਹੋਵੇਗਾ।
ਕੈਟ ਨੇ ਕਿਹਾ ਕਿ ਇਸ ਸੀਜ਼ਨ 'ਚ ਵਿਆਹ ਸ਼ਾਪਿੰਗ ਅਤੇ ਖਪਤਕਾਰਾਂ ਦੁਆਰਾ ਵੱਖ-ਵੱਖ ਸੇਵਾਵਾਂ ਦੀ ਖਰੀਦਦਾਰੀ ਨਾਲ ਸਬੰਧਤ ਖਰਚਾ ਪਿਛਲੇ ਸਾਲ ਦੇ ਮੁਕਾਬਲੇ ਲਗਭਗ 1 ਲੱਖ ਕਰੋੜ ਰੁਪਏ ਵੱਧ ਹੈ। ਇਹ ਅਨੁਮਾਨ ਵੱਖ-ਵੱਖ ਸੂਬਿਆਂ ਦੇ 30 ਸ਼ਹਿਰਾਂ ਵਿਚ ਵਪਾਰਕ ਸੰਸਥਾਵਾਂ ਅਤੇ ਵਸਤੂਆਂ ਅਤੇ ਸੇਵਾਵਾਂ ਦੇ ਹਿੱਸੇਦਾਰਾਂ ਤੋਂ ਪ੍ਰਾਪਤ ਅੰਕੜਿਆਂ 'ਤੇ ਅਧਾਰਤ ਹਨ।
ਕੈਟ ਦੇ ਸਕੱਤਰ ਜਨਰਲ ਪ੍ਰਵੀਨ ਖੰਡੇਲਵਾਲ ਨੇ ਦਸਿਆ, "ਅੰਦਾਜ਼ਾ ਹੈ ਕਿ ਇਸ ਸਮੇਂ (23 ਨਵੰਬਰ-15 ਦਸੰਬਰ) ਦੌਰਾਨ ਲਗਭਗ 38 ਲੱਖ ਵਿਆਹ ਹੋਣਗੇ ਅਤੇ ਕੁੱਲ ਖਰਚਾ ਲਗਭਗ 4.7 ਲੱਖ ਕਰੋੜ ਰੁਪਏ ਹੋਵੇਗਾ।" ਉਨ੍ਹਾਂ ਕਿਹਾ, “ਪਿਛਲੇ ਸਾਲ ਲਗਭਗ 32 ਲੱਖ ਵਿਆਹ ਹੋਏ ਅਤੇ ਕੁੱਲ ਖਰਚਾ 3.75 ਲੱਖ ਕਰੋੜ ਰੁਪਏ ਸੀ। ਇਸ ਲਈ, ਇਸ ਸਾਲ (ਖਰਚ) ਵਿਚ ਲਗਭਗ 1 ਲੱਖ ਕਰੋੜ ਰੁਪਏ ਦੇ ਵਾਧੇ ਦੀ ਉਮੀਦ ਹੈ ਜੋ ਕਿ ਭਾਰਤੀ ਅਰਥਵਿਵਸਥਾ ਅਤੇ ਪ੍ਰਚੂਨ ਵਪਾਰ ਲਈ ਇਕ ਚੰਗਾ ਸੰਕੇਤ ਹੈ।
ਕੈਟ ਨੇ ਦਸਿਆ ਕਿ ਭਲਕੇ 23 ਨਵੰਬਰ ਨੂੰ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ, ਜੋ 15 ਦਸੰਬਰ ਤਕ ਚੱਲੇਗਾ। ਨਵੰਬਰ ਵਿਚ ਵਿਆਹ ਦੀਆਂ ਤਰੀਕਾਂ 23,24,27,28,29 ਹਨ, ਜਦਕਿ ਦਸੰਬਰ ਵਿਚ ਵਿਆਹ ਦੀਆਂ ਤਰੀਕਾਂ 3,4,7,8,9 ਅਤੇ 15 ਹਨ। ਖੰਡੇਲਵਾਲ ਨੇ ਕਿਹਾ ਕਿ ਇਸ ਸੀਜ਼ਨ 'ਚ ਇਕੱਲੇ ਦਿੱਲੀ 'ਚ ਚਾਰ ਲੱਖ ਵਿਆਹ ਹੋਣ ਦੀ ਉਮੀਦ ਹੈ , ਜਿਸ ਨਾਲ ਲਗਭਗ 1.25 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਉਮੀਦ ਹੈ।
(For more news apart from Wedding Season Anticipates Nearly Rs 5 Lakh Crore Business , stay tuned to Rozana Spokesman)