
ਪ੍ਰਵਾਸੀ ਭਾਰਤੀ ਸੰਮੇਲਨ 'ਚ ਪ੍ਰਧਾਨ ਮੰਤਰੀ ਨੇ ਕਾਂਗਰਸ 'ਤੇ ਲਾਇਆ ਨਿਸ਼ਾਨਾ.......
ਵਾਰਾਣਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪ੍ਰਵਾਸੀ ਭਾਰਤੀਆਂ ਨੂੰ ਭਾਰਤ ਦਾ ਬਰਾਂਡ ਅੰਬੈਸੇਡਰ ਦਸਦਿਆਂ ਕਿਹਾ ਕਿ ਉਹ ਦੇਸ਼ ਦੀਆਂ ਸਮੱਰਥਾਵਾਂ ਦੇ ਪ੍ਰਤੀਕ ਹਨ। ਪ੍ਰਧਾਨ ਮੰਤਰੀ ਨੇ ਅਪਣੇ ਸੰਸਦੀ ਖੇਤਰ ਵਾਰਾਣਸੀ 'ਚ 15ਵੇਂ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਦੇ ਉਦਘਾਟਨ ਦੌਰਾਨ ਇਹ ਗੱਲ ਕਹੀ। ਉਨ੍ਹਾਂ ਇੱਥੇ ਹਾਜ਼ਰ ਲੋਕਾਂ ਨੂੰ ਕਿਹਾ, ''ਮੈਂ ਪ੍ਰਵਾਸੀ ਭਾਰਤੀਆਂ ਨੂੰ ਭਾਰਤ ਦਾ ਬਰਾਂਡ ਅੰਬੈਸਡਰ ਮੰਨਦਾ ਹਾਂ। ਉਹ ਸਾਡੀਆਂ ਸਮਰੱਥਾਵਾਂ ਅਤੇ ਯੋਗਤਾਵਾਂ ਦਾ ਪ੍ਰਤੀਕ ਹਨ।'' ਉਨ੍ਹਾਂ ਕਿਹਾ ਕਿ ਭਾਰਤੀ ਮੂਲ ਦੇ ਲੋਕ ਮਾਰੀਸ਼ਸ, ਪੁਰਤਗਾਲ ਅਤੇ ਆਇਰਲੈਂਡ ਵਰਗੇ ਦੇਸ਼ਾਂ ਦੀ ਅਗਵਾਈ ਕਰ ਰਹੇ ਹਨ।
ਮੋਦੀ ਨੇ ਇਸ ਮੌਕੇ ਕਾਂਗਰਸ ਪਾਰਟੀ 'ਤੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਇਸ ਬਿਮਾਰੀ ਨੂੰ ਪਛਾਣ ਕੇ ਵੀ ਲੰਮੇ ਸਮੇਂ ਤਕ ਇਸ ਨਾਲ ਨਜਿੱਠਣ ਲਈ ਕੋਈ ਕਦਮ ਨਹੀਂ ਚੁਕਿਆ, ਜਦਕਿ ਭਾਜਪਾ ਨੇ ਸਾਢੇ ਚਾਰ ਸਾਲਾਂ 'ਚ '85 ਫ਼ੀ ਸਦੀ ਲੁੱਟ' ਨੂੰ ਖ਼ਤਮ ਕਰ ਦਿਤਾ ਹੈ।
ਰਾਜੀਵ ਗਾਂਧੀ ਦਾ ਨਾਂ ਲਏ ਬਗ਼ੈਰ ਮੋਦੀ ਨੇ ਉਨ੍ਹਾਂ ਦੀ ਉਸ ਟਿਪਣੀ ਦਾ ਜ਼ਿਕਰ ਕੀਤਾ ਜਿਸ 'ਚ ਉਨ੍ਹਾਂ ਕਿਹਾ ਸੀ
ਕਿ ਇਕ ਰੁਪਏ 'ਚੋਂ ਸਿਰਫ਼ 15 ਪੈਸੇ ਹੀ ਲੋਕਾਂ ਤਕ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਇਸ 'ਲੀਕੇਜ' ਨੂੰ ਰੋਕਣ ਲਈ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 'ਭਾਰਤ ਕਦੇ ਬਦਲ ਨਹੀਂ ਸਕਦਾ' ਦੀ ਮਾਨਸਿਕਤਾ ਨੂੰ ਬਦਲਿਆ। ਉਨ੍ਹਾਂ ਕਿਹਾ ਕਿ ਭਾਰਤ ਦੇ ਯੋਗਦਾਨ ਨੂੰ ਕੌਮਾਂਤਰੀ ਪੱਧਰ 'ਤੇ ਪਛਾਣਿਆ ਜਾ ਰਿਹ ਹੈ, ਵਿਸ਼ੇਸ਼ ਕਰ ਕੇ ਵਾਤਾਵਰਣ ਬਾਬਤ ਉਨ੍ਹਾਂ ਦੀ ਭੂਮਿਕਾ। (ਪੀਟੀਆਈ)