
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਏ ਇਕ ਮੁਕਾਬਲੇ 'ਚ ਤਿੰਨ ਅਤਿਵਾਦੀ ਮਾਰੇ ਗਏ......
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਏ ਇਕ ਮੁਕਾਬਲੇ 'ਚ ਤਿੰਨ ਅਤਿਵਾਦੀ ਮਾਰੇ ਗਏ। ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਤਿਵਾਦੀਆਂ ਦੀ ਹਾਜ਼ਰੀ ਦੀ ਸੂਚਨਾ 'ਤੇ ਸੁਰੱਖਿਆ ਬਲਾਂ ਨੇ ਹੇਫ਼ ਇਲਾਕੇ 'ਚ ਘੇਰਾਬੰਦੀ ਕੀਤੀ ਅਤੇ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਕਿਹਾ ਕਿ ਤਲਾਸ਼ੀ ਮੁਹਿੰਮ ਦੌਰਾਨ ਅਤਿਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਅਧਿਕਾਰੀ ਨੇ ਕਿਹਾ ਕਿ ਸੱਤ ਘੰਟੇ ਤਕ ਚੱਲੇ ਮੁਕਾਬਲੇ 'ਚ ਤਿੰਨ ਅਤਿਵਾਦੀ ਮਾਰੇ ਗਏ। ਮਾਰੇ ਗਏ ਅਤਿਵਾਦਿਆਂ ਵਿਚ ਇਕ ਆਈ.ਪੀ.ਐੱਸ ਦਾ ਭਰਾ ਵੀ ਸ਼ਾਮਲ ਸੀ।
ਉਨ੍ਹਾਂ ਕਿਹਾ ਕਿ ਮੁਕਾਬਲੇ ਵਾਲੀ ਥਾਂ ਤੋਂ ਹਥਿਆਰ, ਗੋਲਾ-ਬਾਰੂਦ ਅਤੇ ਕੁੱਝ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਗਏ। ਬਾਅਦ 'ਚ ਮੁਕਾਬਲੇ ਵਾਲੀ ਥਾਂ ਕੋਲ ਸਥਾਨਕ ਲੋਕਾਂ ਅਤੇ ਸੁਰੱਖਿਆ ਬਲਾਂ ਵਿਚਕਾਰ ਸੰਘਰਸ਼ ਛਿੜ ਗਿਆ। ਮੁਕਾਬਲੇ ਦੌਰਾਨ ਚਾਰ ਪੱਤਰਕਾਰਾਂ ਨੂੰ ਛੱਰੇ ਲੱਗੇ। ਕਈ ਪੱਤਰਕਾਰ ਜਥੇਬੰਦੀਆਂ ਅਤੇ ਕਾਂਗਰਸ ਤੇ ਪੀ.ਡੀ.ਪੀ. ਸਮੇਤ ਸਿਆਸੀ ਪਾਰਟੀਆਂ ਨੇ ਪੱਤਰਕਾਰਾਂ 'ਤੇ 'ਹਮਲੇ' ਦੀ ਨਿੰਦਾ ਕੀਤੀ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਜੀ.ਏ. ਮੀਰ ਨੇ ਕਿਹਾ, ''ਫ਼ੋਟੋ ਪੱਤਰਕਾਰਾਂ 'ਤੇ ਹਮਲੇ ਨਾਮਨਜ਼ੂਰ ਅਤੇ ਨਿੰਦਣਯੋਗ ਹਨ ਅਤੇ ਇਹ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਹੈ। (ਪੀਟੀਆਈ)