
ਕਿਹਾ ਕਿ ਭਾਰਤ 'ਚ ਅਜਿਹਾ ਕੋਈ ਨਿਯਮ ਨਹੀਂ ਹੈ
ਸ਼ਿਲਾਂਗ - ਮੇਘਾਲਿਆ 'ਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਰਨੈਸਟ ਮੌਰੀ ਨੇ ਵੀਰਵਾਰ ਨੂੰ ਕਿਹਾ ਕਿ ਸੂਬੇ 'ਚ 'ਬੀਫ਼ ਖਾਣ 'ਤੇ ਕੋਈ ਪਾਬੰਦੀ ਨਹੀਂ' ਹੈ, ਅਤੇ ਉਹ ਇਸ ਦਾ ਸੇਵਨ ਵੀ ਕਰਦੇ ਹਨ। ਮੌਰੀ ਨੇ ਬੀਫ਼ ਖਾਣਾ ਉੱਥੋਂ ਦੇ ਲੋਕਾਂ ਦੀ 'ਜੀਵਨਸ਼ੈਲੀ' ਕਿਹਾ ਜਿਸ ਨੂੰ 'ਕੋਈ ਵੀ ਰੋਕ ਨਹੀਂ ਸਕਦਾ'।
"ਮੈਂ ਦੂਜੇ ਸੂਬਿਆਂ ਵੱਲੋਂ ਪਾਸ ਕੀਤੇ ਮਤਿਆਂ 'ਤੇ ਕੋਈ ਬਿਆਨ ਨਹੀਂ ਦੇ ਸਕਦਾ। ਅਸੀਂ ਮੇਘਾਲਿਆ ਵਿੱਚ ਹਾਂ, ਹਰ ਕੋਈ ਬੀਫ਼ ਖਾਂਦਾ ਹੈ, ਅਤੇ ਇੱਥੇ ਕੋਈ ਪਾਬੰਦੀ ਨਹੀਂ ਹੈ। ਹਾਂ, ਮੈਂ ਵੀ ਬੀਫ਼ ਖਾਂਦਾ ਹਾਂ। ਮੇਘਾਲਿਆ ਵਿੱਚ ਕੋਈ ਪਾਬੰਦੀ ਨਹੀਂ ਹੈ। ਇਹ ਲੋਕਾਂ ਦੀ ਜੀਵਨ ਸ਼ੈਲੀ ਹੈ। ਇਸ ਨੂੰ ਕੋਈ ਨਹੀਂ ਰੋਕ ਸਕਦਾ। ਭਾਰਤ ਵਿੱਚ ਵੀ ਅਜਿਹਾ ਕੋਈ ਨਿਯਮ ਨਹੀਂ ਹੈ। ਕੁਝ ਸੂਬਿਆਂ ਨੇ ਕੁਝ ਐਕਟ ਪਾਸ ਕੀਤੇ ਹਨ। ਮੇਘਾਲਿਆ ਵਿੱਚ ਸਾਡੇ ਕੋਲ ਇੱਕ ਬੁੱਚੜਖਾਨਾ ਹੈ, ਜਿੱਥੇ ਹਰ ਕੋਈ ਗਾਂ ਜਾਂ ਸੂਰ ਨੂੰ ਲੈ ਕੇ ਜਾਂਦਾ ਹੈ, ਅਤੇ ਇਨ੍ਹਾਂ ਦਾ ਮਾਸ ਬਜ਼ਾਰ ਵਿੱਚ ਆਉਂਦਾ ਹੈ। ਇਹ ਸਵੱਛ ਵੀ ਹੋਵੇਗਾ। ਇਸ ਲਈ ਲੋਕਾਂ ਦੀ ਆਦਤ ਹੈ।" ਮਾਵਰੀ ਨੇ ਕਿਹਾ।
ਇਸ ਵਾਰ ਮੇਘਾਲਿਆ ਵਿਧਾਨ ਸਭਾ ਚੋਣਾਂ 'ਚ ਭਾਜਪਾ ਵੱਲੋਂ ਹੂੰਝਾ ਫ਼ੇਰੂ ਜਿੱਤ ਦੀ ਪੁਸ਼ਟੀ ਕਰਦੇ ਹੋਏ, ਮਾਵਰੀ ਨੇ 'ਭਗਵਾ ਪਾਰਟੀ' 'ਤੇ ਈਸਾਈ-ਵਿਰੋਧੀ ਹੋਣ ਦੇ ਦੋਸ਼ਾਂ ਨੂੰ ਰੱਦ ਕੀਤਾ ਅਤੇ ਇਸ ਨੂੰ 'ਸਿਆਸੀ ਪ੍ਰਚਾਰ' ਕਰਾਰ ਦਿੱਤਾ।
ਉਸ ਨੇ ਦਾਅਵਾ ਕੀਤਾ, "ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਸਰਕਾਰ ਦੇ ਨੌਂ ਸਾਲਾਂ ਦੌਰਾਨ ਦੇਸ਼ ਵਿੱਚ ਕਿਸੇ ਵੀ ਚਰਚ 'ਤੇ ਹਮਲਾ ਨਹੀਂ ਹੋਇਆ, ਤੇ ਨਾ ਹੀ ਕਿਸੇ ਚਰਚ ਨੂੰ ਨਿਸ਼ਾਨਾ ਬਣਾਇਆ ਗਿਆ।
ਉਸ ਨੇ ਅੱਗੇ ਕਿਹਾ ਕਿ ਗੋਆ, ਨਾਗਾਲੈਂਡ ਵਰਗੇ ਸੂਬੇ ਇਸ ਗੱਲ ਦਾ ਸਬੂਤ ਹਨ ਕਿ ਭਾਜਪਾ ਈਸਾਈ ਵਿਰੋਧੀ ਨਹੀਂ ਹੈ। ਉਸ ਨੇ ਕਿਹਾ, "ਮੈਂ ਵੀ ਇੱਕ ਈਸਾਈ ਹਾਂ ਅਤੇ ਉਹ ਕਦੇ ਵੀ ਮੈਨੂੰ ਚਰਚ ਨਾ ਜਾਣ ਲਈ ਨਹੀਂ ਕਹਿੰਦੇ…।"
"ਇਸ ਵਾਰ ਮੇਘਾਲਿਆ ਦੇ ਲੋਕ ਬਦਲਾਅ ਚਾਹੁੰਦੇ ਹਨ। ਸਾਡੇ ਸਰਵੇਖਣ ਅਨੁਸਾਰ, ਅਸੀਂ ਦੋਹਰੇ ਅੰਕਾਂ ਵਿੱਚ ਸੀਟਾਂ ਹਾਸਲ ਕਰਾਂਗੇ ਅਤੇ ਸਰਕਾਰ ਬਣਾਵਾਂਗੇ।"
ਸੂਬੇ 'ਚ ਸੋਮਵਾਰ ਨੂੰ ਚੋਣਾਂ ਹੋਣਗੀਆਂ।