
ਬਚਾਅ ਟੀਮ ‘ਟਨਲ ਬੋਰਿੰਗ ਮਸ਼ੀਨ’ ਦੀ ਥਾਂ ’ਤੇ ਪੁੱਜੀ, ਫਸੇ ਲੋਕਾਂ ’ਚ ਇਕ ਪੰਜਾਬੀ ਵੀ ਸ਼ਾਮਲ
ਨਾਗਰਕੁਰਨੂਲ (ਤੇਲੰਗਾਲਾ) : ਤੇਲੰਗਾਨਾ ’ਚ ਸਨਿਚਰਵਾਰ ਨੂੰ ਸ੍ਰੀਸ਼ੈਲਮ ਸੁਰੰਗ ਨਹਿਰ ਪ੍ਰਾਜੈਕਟ ਦੇ ਉਸਾਰੀ ਅਧੀਨ ਹਿੱਸੇ ਦੀ ਛੱਤ ਦਾ ਇਕ ਹਿੱਸਾ ਢਹਿ ਜਾਣ ਕਾਰਨ ਲਗਭਗ 14 ਕਿਲੋਮੀਟਰ ਅੰਦਰ ਜਿਸ ਥਾਂ ’ਤੇ ਅੱਠ ਲੋਕ ਫੱਸ ਗਏ ਸਨ, ਬਚਾਅ ਟੀਮ ਦੇ ਮੁਲਾਜ਼ਮ ਉਸ ਨਜ਼ਦੀਕ ਪਹੁੰਚ ਗਏ ਹਨ।
ਨਾਗਰਕੁਰਨੂਲ ਜ਼ਿਲ੍ਹੇ ਕੁਲੈਕਟਰ ਬੀ. ਸੰਤੋਸ਼ ਨੇ ਐਤਵਾਰ ਨੂੰ ਦਸਿਆ ਕਿ ਅੱਗੇ ਵਧਦਿਆਂ ਬਚਾਅ ਟੀਮ ਦੇ ਮੁਲਾਜ਼ਮ ਉਸ ਥਾਂ ’ਤੇ ਪਹੁੰਚ ਗਏ ਹਨ ਜਿੱਥੇ ਘਟਨਾ ਦੌਰਾਨ ਸੁਰੰਗ ਖੋਦਣ ਵਾਲੀ ਮਸ਼ੀਨ (ਟੀ.ਬੀ.ਐਸ.) ਕੰਮ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਹਾਲਾਂਕਿ ਗਾਦ ਕਾਰਨ ਅੱਗੇ ਵਧਣਾ ਚੁਨੌਤੀ ਹੈ।
ਫਸੇ ਹੋਏ 8 ਲੋਕਾਂ ’ਚੋਂ ਛੇ (ਦੋ ਇੰਜਨੀਅਰ ਅਤੇ ਚਾਰ ਮਜ਼ੂਰ) ‘ਜੈਪ੍ਰਕਾਸ਼ ਐਸੋਸੀਏਟਰ’ ਦੇ ਹਨ ਅਤੇ ਦੋ ਅਮਰੀਕੀ ਕੰਪਨੀ ਦੇ ਮੁਲਾਜ਼ਮ ਹਨ। ਫਸੇ ਲੋਕਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਮਨੋਜ ਕੁਮਾਰ ਅਤੇ ਸ੍ਰੀਨਿਵਾਸ, ਜੰਮੂ-ਕਸ਼ਮੀਰ ਦੇ ਸੰਨੀ ਸਿੰਘ, ਪੰਜਾਬ ਦੇ ਗੁਰਪ੍ਰੀਤ ਸਿੰਘ ਅਤੇ ਝਾਰਖੰਡ ਦੇ ਸੰਦੀਪ ਸਾਹੂ, ਜਗਤਾ ਜੇਸ, ਸੰਤੋਸ਼ ਸਾਹੂ ਅਤੇ ਅਨੁਜ ਸਾਹੂ ਵਜੋਂ ਹੋਈ ਹੈ।
ਬਚਾਅ ਮੁਹਿੰਮ ਦੀ ਨਿਗਰਾਨੀ ਕਰ ਰਹੇ ਕੁਲੈਕਟਰ ਨੇ ਕਿਹਾ ਕਿ ਐਨ.ਡੀ.ਆਰ.ਐਫ਼. ਦੀਆਂ ਚਾਰ ਟੀਮਾਂ - ਇਕ ਹੈਦਰਾਬਾਦ ਤੋਂ ਅਤੇ ਤਿੰਨ ਵਿਜੈਵਾੜਾ ਤੋਂ - ਜਿਨ੍ਹਾਂ ’ਚ 138 ਮੈਂਬਰ ਹਨ, ਫ਼ੌਜ ਦੇ 24 ਮੁਲਾਜ਼ਮ, ਐਸ.ਡੀ.ਆਰ.ਐਫ਼. ਦੇ ਮੁਲਾਜ਼ਮ, ਐਸ.ਸੀ.ਸੀ.ਐਲ. ਦੇ 23 ਮੈਂਬਰ ਉਪਕਰਨਾਂ ਨਾਲ ਬਚਾਅ ਮੁਹਿੰਮ ’ਚ ਲੱਗੇ ਹੋਏ ਹਨ।
ਉਨ੍ਹਾਂ ਕਿਹਾ ਕਿ ਸੁਰੰਗ ’ਚ ਆਕਸੀਜਨ ਅਤੇ ਬਿਜਲੀ ਦੀ ਸਪਲਾਈ ਮੁਹਈਆ ਕਰਵਾ ਦਿਤੀ ਗਈ ਹੈ ਅਤੇ ਪਾਣੀ ਦੀ ਨਿਕਾਸੀ ਅਤੇ ਗਾਦ ਕੱਢਣ ਦਾ ਕੰਮ ਵੀ ਚਲ ਰਿਹਾ ਹੈ। ਸੰਤੋਸ਼ ਨੇ ਕਿਹਾ, ‘‘ਅਜੇ ਤਕ ਸਾਡਾ ਫਸੇ ਹੋਏ ਲੋਕਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਬਚਾਅ ਮੁਲਾਜ਼ਮ ਅੰਦਰ ਜਾ ਕੇ ਵੇਖਣਗੇ ਅਤੇ ਫਿਰ ਸਾਨੂੰ ਕੁੱਝ ਦੱਸ ਸਕਣਗੇ।’’
ਐਨ.ਡੀ.ਆਰ.ਐਫ਼. ਦੇ ਇਕ ਅਧਿਕਾਰੀ ਨੇ ਕਿਹਾ, ‘‘13.5 ਕਿਲੋਮੀਟਰ ਦੇ ਬਿੰਦੂ ਤੋਂ ਬਿਲਕੁਲ ਪਹਿਲਾਂ ਦੋ ਕਿਲੋਮੀਟਰ ਤਕ ਪਾਣੀ ਭਰਿਆ ਹੋਇਆ ਹੈ। ਇਹ ਇਕ ਚੁਨੌਤੀਪੂਰਨ ਕੰਮ ਹੈ ਅਤੇ ਇਸ ਕਾਰਨ ਸਾਡੇ ਭਾਰੀ ਉਪਕਰਨ ਆਖ਼ਰੀ ਬਿੰਦੁ ਤਕ ਨਹੀਂ ਪਹੁੰਚ ਪਾ ਰਹੇ ਹਨ। ਪਾਣੀ ਕਢਣਾ ਹੋਵੇਗਾ, ਜਿਸ ਨਾਲ ਉਪਕਰਨ ਅੱਗੇ ਤਕ ਪਹੁੰਚ ਸਕਣਗੇ। ਇਸ ਤੋਂ ਬਾਅਦ ਹੀ ਮਲਕਬਾ ਹਟਾਉਣ ਦਾ ਕੰਮ ਸ਼ੁਰੂ ਹੋ ਸਕਦਾ ਹੈ।’’
ਕੁਲੈਕਟਰ ਨੇ ਦਸਿਆ ਕਿ 13.5 ਕਿਲੋਮੀਟਰ ਦੂਰ ਪਹੁੰਚਣ ਮਗਰੋਂ ਟੀਮ ਨੇ ਫਸੇ ਹੋਏ ਲੋਕਾਂ ਆਵਾਜ਼ ਲਗਾਈ ਪਰ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਸ ਬਿੰਦੂ ਤੋਂ ਬਾਅਦ ਅਜੇ ਵੀ 200 ਮੀਟਰ ਦਾ ਹਿੱਸਾ ਹੈ ਅਤੇ ਉਨ੍ਹਾਂ ਕੋਲ ਪਹੁੰਚਣ ਤੋਂ ਬਾਅਦ ਹੀ ਸਥਿਤੀ ਦਾ ਪਤਾ ਲੱਗ ਸਕੇਗਾ।