
ਇਕ ਨਵੀਂ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਪਿਛਲੇ 5 ਸਾਲਾਂ ਵਿਚ ਦੇਸ਼ ‘ਚ ਨੌਕਰੀ ਕਰਨ ਵਾਲਿਆਂ ਦੀ ਸੰਖਿਆ ਘਟ ਹੋ ਗਈ ਹੈ।
ਨਵੀਂ ਦਿੱਲੀ : ਇਕ ਨਵੀਂ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਪਿਛਲੇ 5 ਸਾਲਾਂ ਵਿਚ ਦੇਸ਼ ‘ਚ ਨੌਕਰੀ ਕਰਨ ਵਾਲਿਆਂ ਦੀ ਸੰਖਿਆ ਘਟ ਹੋ ਗਈ ਹੈ। 2011-2012 ਤੋਂ 2017-2018 ਦੌਰਾਨ ਕਰੀਬ 2 ਕਰੋੜ ਪੁਰਸ਼ਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਇਹ ਜਾਣਕਾਰੀ ਨੈਸ਼ਨਲ ਸੈਂਪਲਸ ਸਰਵੇ ਆਫਿਸ (NSSO) ਦੀ ਰਿਪੋਰਟ ਤੋਂ ਸਾਹਮਣੇ ਆਈ ਹੈ।
NSSO ਦੀ ਰਸਮੀਂ ਕਿਰਤ ਸ਼ਕਤੀ ਸਰਵੇਖਣ (PLFS) 2017-2018 ਦੀ ਰਿਪੋਰਟ ਦੀ ਸਮੀਖਿਆ ਤੋਂ ਪਤਾ ਚਲਦਾ ਹੈ ਕਿ 2017-2018 ਦੌਰਾਨ ਦੇਸ਼ ਵਿਚ ਕੇਵਲ 28.6 ਪੁਰਸ਼ ਹੀ ਕੰਮ ਕਰ ਰਹੇ ਹਨ, ਜਦਕਿ ਸਾਲ 2011-2012 ਵਿਚ ਇਹ ਸੰਖਿਆ 30.4 ਕਰੋੜ ਸੀ। ਇਸ ਰਿਪੋਰਟ ਨੂੰ ਹਾਲੇ ਤੱਕ ਜਨਤਕ ਨਹੀਂ ਕੀਤਾ ਗਿਆ ਹੈ। ਸਾਲ 1993-1994 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਭਾਰਤ ਵਿਚ ਪੁਰਸ਼ ਕਰਮਚਾਰੀਆਂ ਦੀ ਸੰਖਿਆ ਘਟੀ ਹੈ। ਉਸ ਦੌਰਾਨ 21.9 ਕਰੋੜ ਲੋਕ ਕੰਮ ਕਰ ਰਹੇ ਸਨ। ਇਹ ਆਂਕੜੇ ਜੁਲਾਈ 2017 ਤੋਂ ਜੂਨ 2018 ਦੌਰਾਨ ਇਕੱਠੇ ਕੀਤੇ ਗਏ ਹਨ।
ਸ਼ਹਿਰੀ ਅਤੇ ਗ੍ਰਾਮੀਣ ਇਲਾਕਿਆਂ ਵਿਚ ਪੁਰਸ਼ਾਂ ਵਿਚ ਬੇਰੁਜ਼ਗਾਰੀ ਦੀ ਦਰ ਅਨੁਪਾਤ 7.1 ਫੀਸਦੀ ਅਤੇ 5.8 ਫੀਸਦੀ ਹੈ। ਇਸ ਰਿਪੋਰਟ ਨੂੰ ਰਾਸ਼ਟਰੀ ਆਂਕੜਾ ਕਮਿਸ਼ਨ (NSC) ਵੱਲੋਂ ਮਨਜੂਰੀ ਵੀ ਮਿਲ ਗਈ ਹੈ, ਪਰ NSC ਦੇ ਦੋ ਮੁੱਖ ਅਧਿਕਾਰੀਆਂ ਦੇ ਅਸਤੀਫੇ ਤੋਂ ਬਾਅਦ ਸਰਕਾਰ ਨੇ ਇਸ ਨੂੰ ਆਪਣੇ ਕੋਲ ਰੱਖਿਆ ਹੋਇਆ ਹੈ।
NSSO
ਅਸਤੀਫਾ ਦੇਣ ਵਾਲੇ ਅਧਿਕਾਰੀਆਂ ਵਿਚ NSC ਦੇ ਚੇਅਰਮੈਨ ਪੀਸੀ ਮੋਹਨਨ ਵੀ ਸ਼ਾਮਿਲ ਹਨ। ਇਸ ਰਿਪੋਰਟ ਵਿਚ ਖੇਤੀਬਾੜੀ ਖੇਤਰ ਦੇ ਕਰਮਚਾਰੀਆਂ ਦੀ ਗਿਣਤੀ ਵਿਚ ਆਈ ਭਾਰੀ ਗਿਰਾਵਟ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਦੌਰਾਨ ਗ੍ਰਾਮੀਣ ਭਾਰਤ ਵਿਚ 3 ਕਰੋੜ ਤੋਂ ਵੱਧ ਮੌਸਮੀ ਕਰਮਚਾਰੀਆਂ ਦੀ ਨੌਕਰੀ ਗਈ ਹੈ। ਸਾਲ 2011-2012 ਵਿਚ ਗ੍ਰਾਮੀਣ ਮੌਸਮੀ ਕਰਮਚਾਰੀਆਂ ਦੀ ਸੰਖਿਆ 10.9 ਕਰੋੜ ਸੀ। ਸਾਲ 2017-18 ਵਿਚ ਇਹ 3.2 ਕਰੋੜ ਘਟ ਕੇ 7.7 ਕਰੋੜ ਹੀ ਰਹਿ ਗਈ ਹੈ। ਇਹ ਗਿਰਾਵਟ ਕਰੀਬ 30 ਫੀਸਦੀ ਦੀ ਹੈ।
ਸਰਕਾਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਆਂਕੜੇ ‘ਤੇ ਕੋਈ ਰਾਜਨੀਤਿਕ ਦਬਾਅ ਨਹੀਂ ਹੁੰਦਾ ਹੈ, ਪਰ ਦੁਨੀਆ ਦੇ 108 ਅਰਥ-ਸ਼ਾਸਤਰੀਆਂ ਨੇ ਪਿਛਲੇ ਹਫਤੇ ਮੋਦੀ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਸੀ। ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਦੀ ਖਰਾਬ ਸਥਿਤੀ ਦੱਸਣ ਵਾਲੇ ਆਂਕੜਿਆਂ ਨੂੰ ਲੁਕਾ ਕੇ ਰੱਖਣਾ ਸਹੀ ਨਹੀਂ ਹੈ।
ਸਰਕਾਰ ਦਾ ਪੱਖ ਰੱਖਦੇ ਹੋਏ ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਇਕ ਟੀਵੀ ਇੰਟਰਵਿਊ ਵਿਚ ਕਿਹਾ ਕਿ ਆਰਥਿਕ ਸਰਵੇਖਣ ਵਿਚ ਸੋਧਾਂ ਤੱਥਾਂ ਦੇ ਅਧਾਰ ‘ਤੇ ਕੀਤੀਆਂ ਜਾਂਦੀਆਂ ਹਨ। ਉਹਨਾਂ ਕਿਹਾ, ‘ਅਪਵਾਦ ਹਰ ਜਗ੍ਹਾ ਹਨ, ਪਰ ਸੋਧ ਦਾ ਅਧਾਰ ਵਾਸਤਵਿਕ ਆਂਕੜੇ ਹੀ ਹਨ’।