
ਵਿਦਿਆਰਥਣ ਨੇ ਮੁੱਖ ਮੰਤਰੀ ਸਿਧਾਰਮਈਆ ਨੂੰ ਮੁਫਤ ਬੱਸ ਟਿਕਟਾਂ ਤੋਂ ਬਣੀ ਮਾਲਾ ਭੇਟ ਕੀਤੀ
ਹਸਨ (ਕਰਨਾਟਕ): ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਨੇ ਕਾਨੂੰਨ ਦੇ ਪਹਿਲੇ ਸਾਲ ਦੀ ਇਕ ਵਿਦਿਆਰਥਣ ਵਲੋਂ ਮੁਫ਼ਤ ਬੱਸ ਟਿਕਟਾਂ ਦੀ ਮਾਲਾ ਭੇਟ ਕੀਤੇ ਜਾਣ ’ਤੇ ਬਹੁਤ ਖੁਸ਼ ਹੋਏ। ਵਿਦਿਆਰਥਣ ਨੇ ਕਾਂਗਰਸ ਦੇ ਪੰਜ ਪ੍ਰਮੁੱਖ ਚੋਣ ਵਾਅਦਿਆਂ ਵਿਚੋਂ ਇਕ ਸ਼ਕਤੀ ਗਾਰੰਟੀ ਯੋਜਨਾ ਸ਼ੁਰੂ ਕਰਨ ਲਈ ਧੰਨਵਾਦ ਦੇ ਪ੍ਰਤੀਕ ਵਜੋਂ ਸਿੱਧਰਮਈਆ ਨੂੰ ਮਾਲਾ ਭੇਟ ਕੀਤੀ। ਪਿਛਲੇ ਸਾਲ ਜੂਨ ’ਚ ਸ਼ੁਰੂ ਕੀਤੀ ਗਈ ਇਹ ਯੋਜਨਾ ਸੂਬੇ ਦੀਆਂ ਗੈਰ-ਲਗਜ਼ਰੀ ਸਰਕਾਰੀ ਬੱਸਾਂ ’ਚ ਔਰਤਾਂ ਨੂੰ ਮੁਫਤ ਸਫ਼ਰ ਲਈ ਸਮਰੱਥ ਬਣਾਉਂਦੀ ਹੈ।
ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਸ ਸਕੀਮ ਦੇ ਸ਼ੁਰੂ ਹੋਣ ਤੋਂ ਬਾਅਦ 194.39 ਕਰੋੜ ਰੁਪਏ ਮੁਫਤ ਸਫ਼ਰ ਕੀਤੇ ਗਏ ਹਨ ਅਤੇ ਸਰਕਾਰੀ ਖਜ਼ਾਨੇ ’ਤੇ 4,673.56 ਕਰੋੜ ਰੁਪਏ ਦਾ ਬੋਝ ਪਿਆ ਹੈ। ਜੈਸ਼੍ਰੀ ਨੇ ਸੋਮਵਾਰ ਸ਼ਾਮ ਨੂੰ ਇਸ ਜ਼ਿਲ੍ਹੇ ਦੇ ਅਰਸੀਕੇਰੇ ਵਿਖੇ ਇਕ ਚੋਣ ਰੈਲੀ ਦੌਰਾਨ ਸਿੱਧਰਮਈਆ ਨੂੰ ਇਕ ਮਾਲਾ ਭੇਟ ਕੀਤੀ ਸੀ। ਸਿਧਾਰਮਈਆ ਨੂੰ ਮਾਲਾ ਭੇਟ ਕਰਦਿਆਂ ਜੈਸ਼੍ਰੀ ਨੇ ਕਿਹਾ, ‘‘ਤੁਸੀਂ ਮੈਨੂੰ ਬੱਸਾਂ ’ਚ ਮੁਫਤ ਯਾਤਰਾ ਕਰਨ ਦੀ ਸਹੂਲਤ ਦਿਤੀ ਤਾਂ ਜੋ ਮੈਂ ਕਾਨੂੰਨ ਦੀ ਪੜ੍ਹਾਈ ਕਰ ਸਕਾਂ।’’
ਸਿਧਾਰਮਈਆ ਦੇ ਦਫਤਰ ਵਲੋਂ ਜਾਰੀ ਇਕ ਬਿਆਨ ਵਿਚ ਜੈਸ਼੍ਰੀ ਦੇ ਹਵਾਲੇ ਨਾਲ ਕਿਹਾ ਗਿਆ, ‘‘ਇਸ ਲਈ ਮੈਂ ਸਾਰੀਆਂ ਮੁਫਤ ਬੱਸ ਟਿਕਟਾਂ ਇਕੱਠੀਆਂ ਕੀਤੀਆਂ ਸਨ ਅਤੇ ਉਨ੍ਹਾਂ ਤੋਂ ਇਹ ਮਾਲਾ ਬਣਾਈ। ਮੈਂ ਇਸ ਨੂੰ ਤੁਹਾਨੂੰ ਦੇਣ ਲਈ ਮਹੀਨਿਆਂ ਤੋਂ ਉਡੀਕ ਕਰ ਰਹੀ ਸੀ। ਜਦੋਂ ਮੈਨੂੰ ਪਤਾ ਲੱਗਾ ਕਿ ਤੁਸੀਂ ਅੱਜ ਅਰਸੀਕੇਰੇ ਆ ਰਹੇ ਹੋ, ਤਾਂ ਮੈਂ ਇਹ ਮਾਲਾ ਲੈ ਕੇ ਇੱਥੇ ਆਈ।’’ ਮੁੱਖ ਮੰਤਰੀ ਇਸ ਤੋਂ ਬਹੁਤ ਪ੍ਰਭਾਵਤ ਹੋਏ ਅਤੇ ਉਨ੍ਹਾਂ ਨੇ ਇਸ ਨੂੰ ਅਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੀ ਮਾਲਾ ਵਜੋਂ ਮਨਜ਼ੂਰ ਕੀਤਾ।
ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਕਾਂਗਰਸ ਦੀ ਗਰੰਟੀ ਸਕੀਮ ਦੀ ਵਿਰੋਧੀ ਧਿਰ ਵਲੋਂ ਆਲੋਚਨਾ ਕੀਤੇ ਜਾਣ ’ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਾਨੂੰਨ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਕ ਵਧੀਆ ਵਕੀਲ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਗੁਮਰਾਹ ਲੋਕਾਂ ਨੂੰ ਸਹੀ ਰਸਤਾ ਵਿਖਾਉਣਾ ਚਾਹੁੰਦੀ ਹੈ ਜੋ ਲੜਕੀਆਂ ’ਤੇ ਗਰੰਟੀ ਸਕੀਮਾਂ ਕਾਰਨ ਭਟਕਣ ਦਾ ਦੋਸ਼ ਲਗਾਉਂਦੇ ਹਨ।