
ਲੋਕ ਸਭਾ ਚੋਣਾਂ ਦੇ ਨਤੀਜੇ ਕਾਂਗਰਸ ਲਈ ਬੇਹੱਦ ਨਿਰਾਸ਼ਾਜਨਕ ਰਹੇ।
ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦੇ ਨਤੀਜੇ ਕਾਂਗਰਸ ਲਈ ਬੇਹੱਦ ਨਿਰਾਸ਼ਾਜਨਕ ਰਹੇ। ਬੀਤੀਆਂ ਆਮ ਚੋਣਾਂ ਵਿਚ ਮਹਿਜ਼ 44 ਸੀਟਾਂ 'ਤੇ ਸਿਮਟਣ ਵਾਲੀ ਪਾਰਟੀ ਇਸ ਵਾਰ ਸਿਰਫ 50 ਸੀਟਾਂ 'ਤੇ ਹੀ ਅੱਗੇ ਚੱਲ ਰਹੀ ਹੈ। ਕਾਂਗਰਸ ਲਈ ਇਹ ਨਤੀਜਾ ਇਸ ਲਈ ਚਿੰਤਾਜਨਕ ਹੈ ਕਿਉਂਕਿ ਅਪਣੀ ਸੱਤਾ ਵਾਲੇ ਕਰਨਾਟਕ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਵੀ ਇਸ ਨੂੰ ਬੁਰੀ ਤਰ੍ਹਾਂ ਹਾਰ ਮਿਲੀ ਹੈ। ਇਸ ਤੋਂ ਇਲਾਵਾ ਯੂਪੀ 'ਚ ਪ੍ਰਿਯੰਕਾ ਗਾਂਧੀ ਨੂੰ ਪੂਰਬੀ ਯੂਪੀ ਅਤੇ ਜੋਤੀਰਾਦਿਤਿਆ ਸਿੰਧੀਆ ਨੂੰ ਵੈਸਟ ਯੂਪੀ ਦੀ ਕਮਾਨ ਸੌਂਪੇ ਜਾਣ ਦਾ ਫਾਰਮੂਲਾ ਵੀ ਢਹਿ ਢੇਰੀ ਹੋ ਕੇ ਰਹਿ ਗਿਆ। ਇੱਥੋਂ ਤਕ ਕਿ ਕਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਸਥਿਤੀ ਕਾਂਗਰਸ ਮੁਕਤ ਵਰਗੀ ਹੋ ਗਈ ਹੈ।
Lok Sabha Election
ਆਓ ਜਾਣਦੇ ਹਾਂ ਕਿ ਕਿਹੜੇ ਸੂਬੇ ਹੋਏ ਕਾਂਗਰਸ ਮੁਕਤ-
ਜੰਮੂ ਕਸ਼ਮੀਰ : ਇੱਥੇ ਕਾਂਗਰਸ ਨੂੰ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇੱਥੋਂ ਦੀਆਂ ਕੁੱਲ 6 ਸੀਟਾਂ ਵਿਚੋਂ 3 'ਤੇ ਭਾਜਪਾ ਅੱਗੇ ਹੈ ਜਦਕਿ 3 ਸੀਟਾਂ ਨੈਸ਼ਨਲ ਕਾਨਫਰੰਸ ਦੇ ਖ਼ਾਤੇ ਵਿਚ ਜਾਂਦੀਆਂ ਦਿਸ ਰਹੀਆਂ ਹਨ ਅਤੇ ਮਹਿਬੂਬਾ ਮੁਫ਼ਤੀ ਦੀ ਪੀਡੀਪੀ ਵੀ ਇੱਥੇ ਬੁਰੀ ਤਰ੍ਹਾਂ ਹਾਰੀ ਹੈ।
ਅੰਡੇਮਾਨ ਨਿਕੋਬਾਰ : ਕੇਂਦਰ ਸ਼ਾਸਤ ਅੰਡੇਮਾਨ ਨਿਕੋਬਾਰ ਦੀ ਇਕੋ ਇਕ ਸੀਟ 'ਤੇ ਵੀ ਭਾਜਪਾ ਅੱਗੇ ਚੱਲ ਰਹੀ ਹੈ। ਇਹ ਸੀਟ ਭਾਜਪਾ ਦੇ ਖ਼ਾਤੇ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਆਂਧਰਾ ਪ੍ਰਦੇਸ਼ : ਦੱਖਣ ਭਾਰਤ ਦੇ ਇਸ 25 ਸੀਟਾਂ ਵਾਲੇ ਅਹਿਮ ਸੂਬੇ ਵਿਚ 24 ਸੀਟਾਂ 'ਤੇ ਵਾਈਐਸਆਰ ਕਾਂਗਰਸ ਬਾਜ਼ੀ ਮਾਰਦੀ ਨਜ਼ਰ ਆ ਰਹੀ ਹੈ, ਜਦਕਿ ਇਕ ਸੀਟ ਟੀਡੀਪੀ ਦੇ ਖ਼ਾਤੇ ਵਿਚ ਗਈ। ਇਸ ਤਰ੍ਹਾਂ ਇਹ ਸੂਬਾ ਵੀ ਕਾਂਗਰਸ ਮੁਕਤ ਹੋ ਗਿਆ ਹੈ।
Lok Sabha Elections
ਅਰੁਣਾਚਲ ਪ੍ਰਦੇਸ਼ : ਚੀਨ ਦੀ ਸਰਹੱਦ ਨਾਲ ਲਗਦੇ ਇਸ ਪੂਰਬ ਉਤਰ ਸੂਬੇ ਦੀਆਂ ਦੋਵੇਂ ਸੀਟਾਂ 'ਤੇ ਭਾਜਪਾ ਜਿੱਤ ਦੇ ਬੇਹੱਦ ਨੇੜੇ ਹੈ। ਕਾਂਗਰਸ ਇੱਥੇ ਵੀ ਬੁਰੀ ਤਰ੍ਹਾਂ ਪੱਛੜ ਗਈ ਹੈ।
ਬਿਹਾਰ : 40 ਲੋਕ ਸਭਾ ਸੀਟਾਂ ਵਾਲੇ ਬਿਹਾਰ ਵਿਚ 16 ਸੀਟਾਂ 'ਤੇ ਭਾਜਪਾ ਬਾਜ਼ੀ ਮਾਰਦੀ ਨਜ਼ਰ ਆ ਰਹੀ ਹੈ ਜਦਕਿ ਉਸ ਦੀ ਸਹਿਯੋਗੀ ਜੇਡੀਯੂ ਵੀ 16 ਸੀਟਾਂ 'ਤੇ ਅੱਗੇ ਵਧਦੀ ਦਿਸ ਰਹੀ ਹੈ। ਰਾਮ ਵਿਲਾਸ ਪਾਸਵਾਨ ਦੀ ਲੋਜਪਾ 6 ਸੀਟਾਂ ਤੋਂ ਜਿੱਤ ਦੇ ਬੇਹੱਦ ਨੇੜੇ ਹਨ। ਉਥੇ ਹੀ ਕਾਂਗਰਸ ਨੂੰ ਇੱਥੇ ਸਿਰਫ਼ ਇਕ ਸੀਟ ਮਿਲਦੀ ਨਜ਼ਰ ਆ ਰਹੀ ਹੈ ਜਦਕਿ ਉਸ ਦੀ ਸਹਿਯੋਗੀ ਆਰਜੇਡੀ ਦੇ ਖ਼ਾਤੇ ਵੀ ਇਕ ਸੀਟ ਹੀ ਪੈਂਦੀ ਨਜ਼ਰ ਆ ਰਹੀ ਹੈ।
BJP
ਚੰਡੀਗੜ੍ਹ : ਕੇਂਦਰ ਸ਼ਾਸਤ ਪ੍ਰਦੇਸ਼ ਦੀ ਇਕੋ ਇਕ ਸੀਟ 'ਤੇ ਵੀ ਭਾਜਪਾ ਦੀ ਕਿਰਨ ਖੇਰ ਕਾਂਗਰਸ ਦੇ ਪਵਨ ਬਾਂਸਲ ਨੂੰ ਕੱਟਦੀ ਨਜ਼ਰ ਆ ਰਹੀ ਹੈ। ਜੇਕਰ ਅਜਿਹਾ ਹੋਇਆ ਤਾਂ ਕਿਰਨ ਦੀ ਇੱਥੋਂ ਲਗਾਤਾਰ ਦੂਜੀ ਜਿੱਤ ਹੋਵੇਗੀ।
ਦਾਦਰ ਅਤੇ ਨਗਰ ਹਵੇਲੀ : ਦਾਦਰ ਅਤੇ ਨਗਰ ਹਵੇਲੀ ਦੀ ਇਕ ਸੀਟ ਵੀ ਭਾਜਪਾ ਨੂੰ ਮਿਲ ਗਈ ਹੈ।
ਦਮਨ ਦੀਵ : ਇੱਥੋਂ ਵੀ ਇਕ ਹੀ ਸੀਟ ਹੈ ਜੋ ਭਾਜਪਾ ਦੇ ਖ਼ਾਤੇ ਵਿਚ ਪੈ ਗਈ ਹੈ। ਇੱਥੋਂ ਵੀ ਕਾਂਗਰਸ ਦਾ ਪੱਤਾ ਸਾਫ਼ ਹੈ।
ਗੁਜਰਾਤ : ਜੇਕਰ ਗੱਲ ਕਰੀਏ ਨਰਿੰਦਰ ਮੋਦੀ ਦੇ ਗ੍ਰਹਿ ਰਾਜ ਗੁਜਰਾਤ ਦੀ ਤਾਂ ਇੱਥੇ ਭਾਜਪਾ ਨੇ 26 ਦੀਆਂ 26 ਸੀਟਾਂ 'ਤੇ ਜਿੱਤ ਦਾ ਝੰਡਾ ਲਹਿਰਾਇਆ ਹੈ। ਕਾਂਗਰਸ ਦਾ ਇੱਥੇ ਪੂਰੀ ਤਰ੍ਹਾਂ ਸੂਪੜਾ ਸਾਫ਼ ਹੋ ਗਿਆ ਹੈ।
Congress BJP
ਹਰਿਆਣਾ : ਇੱਥੇ ਵੀ ਕਾਂਗਰਸ ਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ ਹੈ। 10 ਦੀਆਂ 10 ਸੀਟਾਂ 'ਤੇ ਭਾਜਪਾ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ।
ਹਿਮਾਚਲ ਪ੍ਰਦੇਸ਼ : ਇਸ ਸੂਬੇ ਨੂੰ ਵੀ ਭਾਜਪਾ ਨੇ ਫ਼ਤਿਹ ਕਰ ਲਿਆ ਹੈ। ਇੱਥੋਂ ਦੀਆਂ ਸਾਰੀਆਂ ਸੀਟਾਂ 'ਤੇ ਭਾਜਪਾ ਕਾਬਜ਼ ਹੋ ਗਈ ਜਦਕਿ ਕਾਂਗਰਸ ਨੂੰ ਇਕ ਵੀ ਸੀਟ ਨਹੀਂ ਮਿਲ ਸਕੀ।
ਉਤਰਾਖੰਡ : ਉਤਰ ਭਾਰਤ ਦੇ ਦੂਜੇ ਪਹਾੜੀ ਰਾਜ ਉਤਰਾਖੰਡ ਵਿਚ ਵੀ ਭਾਜਪਾ ਨੇ ਪੰਜ ਦੀਆਂ ਪੰਜ ਸੀਟਾਂ 'ਤੇ ਜਿੱਤ ਦਰਜ ਕਰਦਿਆਂ ਕਾਂਗਰਸ ਨੂੰ ਕਰਾਰੀ ਮਾਤ ਦਿੱਤੀ ਹੈ।
Rahul Gandhi- Narendra Modi
ਮੱਧ ਪ੍ਰਦੇਸ਼ : ਮੱਧ ਭਾਰਤ ਦੇ ਅਹਿਮ ਸੂਬੇ ਮੱਧ ਪ੍ਰਦੇਸ਼ ਵਿਚ ਭਾਵੇਂ ਇਸੇ ਦਸੰਬਰ ਵਿਚ ਹੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਜਿੱਤ ਕੇ ਸਰਕਾਰ ਬਣਾਈ ਹੈ ਪਰ ਲੋਕ ਸਭਾ ਦੀਆਂ 29 ਸੀਟਾਂ 'ਤੇ ਭਾਜਪਾ ਅੱਗੇ ਚੱਲ ਰਹੀ ਹੈ ਜਦਕਿ ਕਾਂਗਰਸ ਦੇ ਖ਼ਾਤੇ ਸਿਰਫ਼ ਇਕ ਸੀਟ ਪੈਂਦੀ ਦਿਸ ਰਹੀ ਹੈ।
ਮਹਾਰਾਸ਼ਟਰ : ਇਸ ਸੂਬੇ ਦੀਆਂ 48 ਸੀਟਾਂ ਵਿਚੋਂ ਕਾਂਗਰਸ ਨੂੰ ਮਹਿਜ਼ ਇਕ ਸੀਟ ਹੀ ਮਿਲਦੀ ਨਜ਼ਰ ਆ ਰਹੀ ਹੈ ਜਦਕਿ ਭਾਜਪਾ 23 'ਤੇ ਅੱਗੇ ਹੈ। ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ 18 ਸੀਟਾਂ 'ਤੇ ਅੱਗੇ ਨਜ਼ਰ ਆ ਰਹੀ ਹੈ। ਕਾਂਗਰਸ ਗਠਜੋੜ ਸਹਿਯੋਗੀ ਐਨਸੀਪੀ ਨੂੰ ਮਹਿਜ਼ 3 ਸੀਟਾਂ ਮਿਲਦੀਆਂ ਦਿਸ ਰਹੀਆਂ ਹਨ।
ਮਨੀਪੁਰ : ਇਥੋਂ ਦੀਆਂ ਕੁੱਲ ਦੋ ਸੀਟਾਂ ਵਿਚੋਂ ਇਕ 'ਤੇ ਭਾਜਪਾ ਅਤੇ ਇਕ 'ਤੇ ਨਾਗਾ ਪੀਪਲਜ਼ ਫਰੰਟ ਨੂੰ ਜਿੱਤ ਮਿਲਦੀ ਦਿਸ ਰਹੀ ਹੈ ਜਦਕਿ ਕਾਂਗਰਸ ਦਾ ਇੱਥੇ ਸਫ਼ਾਇਆ ਹੋ ਗਿਆ ਹੈ।
Rahul Gandhi
ਮਿਜ਼ੋਰਮ : ਇਸ ਸੂਬੇ ਦੀ ਇਕੋ ਇਕ ਸੀਟ 'ਤੇ ਮਿਜ਼ੋ ਨੈਸ਼ਨਲ ਫਰੰਟ ਨੂੰ ਜਿੱਤ ਮਿਲਦੀ ਨਜ਼ਰ ਆ ਰਹੀ ਹੈ।
ਓਡੀਸ਼ਾ : ਇੱਥੇ ਭਾਜਪਾ ਦੀ 7 ਸੀਟਾਂ 'ਤੇ ਬੜ੍ਹਤ ਕਾਇਮ ਹੈ ਜਦਕਿ 14 ਸੀਟਾਂ 'ਤੇ ਸੂਬੇ ਦੀ ਸੱਤਾਧਾਰੀ ਪਾਰਟੀ ਬੀਜੇਡੀ ਅੱਗੇ ਚੱਲ ਰਹੀ ਹੈ। ਕਦੇ ਇਸ ਸੂਬੇ ਵਿਚ ਮੁੱਖ ਵਿਰੋਧੀ ਧਿਰ ਰਹੀ ਕਾਂਗਰਸ ਨੂੰ ਇੱਥੇ ਇਕ ਵੀ ਸੀਟ ਨਹੀਂ ਮਿਲ ਸਕੀ।
ਦਿੱਲੀ : ਰਾਜਧਾਨੀ ਦਿੱਲੀ ਵਿਚ ਵੀ ਕਾਂਗਰਸ ਅਤੇ ਆਪ ਦੋਵਾਂ ਦਾ ਸੂਪੜਾ ਸਾਫ਼ ਹੁੰਦਾ ਦਿਸ ਰਿਹਾ ਹੈ ਜਦਕਿ ਭਾਜਪਾ ਨੂੰ 7 ਦੀਆਂ 7 ਸੀਟਾਂ ਮਿਲਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਇਨ੍ਹਾਂ ਸਾਰੀਆਂ ਸੀਟਾਂ 'ਤੇ ਭਾਜਪਾ ਉਮੀਦਵਾਰ ਕਾਫ਼ੀ ਅੱਗੇ ਹਨ।
BJP
ਰਾਜਸਥਾਨ : ਇੱਥੇ ਵੀ ਭਾਜਪਾ ਨੇ ਕਾਂਗਰਸ ਦਾ ਸਫ਼ਾਇਆ ਕਰ ਦਿੱਤਾ ਹੈ। ਭਾਜਪਾ 24 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਜਦਕਿ ਉਸ ਦੀ ਸਹਿਯੋਗੀ ਰਾਸ਼ਟਰੀ ਲੋਕਤੰਤਰਿਕ ਪਾਰਟੀ ਇਕ ਸੀਟ 'ਤੇ ਅੱਗੇ ਚੱਲ ਰਹੀ ਹੈ।
ਸਿਕਿੱਮ : ਪੂਰਬ-ਉਤਰ ਸੂਬੇ ਸਿਕਿੱਮ ਦੀ ਇਕੋ ਇਕ ਸੀਟ ਤੋਂ ਸਿਕਿੱਮ ਕ੍ਰਾਂਤੀਕਾਰੀ ਮੋਰਚਾ ਅੱਗੇ ਚੱਲ ਰਿਹਾ ਹੈ।
ਤ੍ਰਿਪੁਰਾ : ਇੱਥੋਂ ਦੀਆਂ ਦੋਵੇਂ ਲੋਕ ਸਭਾ ਸੀਟਾਂ ਵੀ ਭਾਜਪਾ ਦੇ ਹੱਥ ਆਉਂਦੀਆਂ ਜਾਪਦੀਆਂ ਹਨ ਕਿਉਂਕਿ ਭਾਜਪਾ ਦੋਵੇਂ ਸੀਟਾਂ 'ਤੇ ਕਾਫ਼ੀ ਅੱਗੇ ਚੱਲ ਰਹੀ ਹੈ।
ਉਤਰ ਪ੍ਰਦੇਸ਼ : ਦੇਸ਼ ਦੀਆਂ ਸਭ ਤੋਂ ਜ਼ਿਆਦਾ 80 ਸੀਟਾਂ ਵਾਲੇ ਸੂਬੇ ਉਤਰ ਪ੍ਰਦੇਸ਼ ਵਿਚ ਵੀ ਇਕ ਤਰ੍ਹਾਂ ਨਾਲ ਕਾਂਗਰਸ ਦਾ ਸੂਪੜਾ ਸਾਫ਼ ਹੁੰਦਾ ਦਿਸ ਰਿਹਾ ਹੈ। ਇੱਥੇ ਸਿਰਫ਼ ਰਾਏਬਰੇਲੀ ਦੀ ਇਕ ਸੀਟ ਤੋਂ ਹੀ ਕਾਂਗਰਸ ਅੱਗੇ ਚੱਲ ਰਹੀ ਹੈ ਜੋ ਗਾਂਧੀ-ਨਹਿਰੂ ਪਰਿਵਾਰ ਦਾੀ ਰਵਾਇਤੀ ਸੀਟ ਮੰਨੀ ਜਾਂਦੀ ਹੈ ਜਦਕਿ 59 'ਤੇ ਭਾਜਪਾ, 6 ਸੀਟਾਂ 'ਤੇ ਸਪਾ ਅਤੇ 12 ਸੀਟਾਂ 'ਤੇ ਬਸਪਾ ਅੱਗੇ ਚੱਲ ਰਹੀ ਹੈ।
Punjab Congress
ਪੱਛਮ ਬੰਗਾਲ : ਇੱਥੋਂ ਦੀਆਂ 42 ਸੀਟਾਂ ਵਿਚੋਂ 19 ਸੀਟਾਂ 'ਤੇ ਭਾਜਪਾ ਜਿੱਤ ਵੱਲ ਵਧ ਰਹੀ ਹੈ ਜਦਕਿ 22 ਸੀਟਾਂ 'ਤੇ ਤ੍ਰਿਣਮੂਲ ਕਾਂਗਰਸ ਅੱਗੇ ਚੱਲ ਰਹੀ ਹੈ। ਕਾਂਗਰਸ ਦੇ ਖ਼ਾਤੇ ਮਹਿਜ਼ ਇਕ ਸੀਟ ਹੀ ਪੈਂਦੀ ਨਜ਼ਰ ਆ ਰਹੀ ਹੈ।
ਦੇਸ਼ ਭਰ ਵਿਚੋਂ ਇਕ ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ਕਾਂਗਰਸ ਨੂੰ ਸ਼ਾਨਦਾਰ ਜਿੱਤ ਹਾਸਲ ਹੋਈ ਹੈ। ਇੱਥੋਂ ਦੀਆਂ 13 ਸੀਟਾਂ ਵਿਚੋਂ ਕਾਂਗਰਸ ਨੂੰ 8 ਸੀਟਾਂ ਮਿਲੀਆਂ ਹਨ ਜਦਕਿ ਅਕਾਲੀ-ਭਾਜਪਾ 4 ਅਤੇ ਆਮ ਆਦਮੀ ਪਾਰਟੀ ਨੂੰ ਇਕ ਸੀਟ ਹਾਸਲ ਹੋਈ ਹੈ।