
ਕੇਂਦਰੀ ਖੇਤੀਬਾੜੀ ਅਤੇ ਖੇਤੀਬਾੜੀ ਭਲਾਈ, ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ੁਕਰਵਾਰ ਨੂੰ ਕਿਹਾ
ਨਵੀਂ ਦਿੱਲੀ, 22 ਮਈ : ਕੇਂਦਰੀ ਖੇਤੀਬਾੜੀ ਅਤੇ ਖੇਤੀਬਾੜੀ ਭਲਾਈ, ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਭਾਰਤ ਵਿਸ਼ਵ ਦੇ ਪੰਜ ਸਭ ਤੋਂ ਵੱਡੇ ਸ਼ਹਿਦ ਉਤਪਾਦਕ ਦੇਸ਼ਾਂ ਵਿਚ ਸ਼ਾਮਲ ਹੋ ਗਿਆ ਹੈ। ਦੇਸ਼ ’ਚ ਸ਼ਹਿਦ ਦੇ ਉਤਪਾਦਨ ਵਿਚ 2005-06 ਦੇ ਮੁਕਾਬਲੇ 242 ਫ਼ੀ ਸਦੀ ਦਾ ਵਾਧਾ ਹੋਇਆ ਹੈ।
ਤੋਮਰ ਨੇ ਕਿਹਾ ਕਿ, ‘‘ਸਰਕਾਰ ਕਿਸਾਨਾਂ ਦੀ ਆਮਦਨੀ ਵਧਾਉਣ ਲਈ ਮਧੂ ਮੱਖੀ ਪਾਲਣ ਨੂੰ ਉਤਸ਼ਾਹਤ ਕਰ ਰਹੀ ਹੈ ਅਤੇ ਸਰਕਾਰ ਵਲੋਂ ਸਵੈ-ਨਿਰਭਰ ਭਾਰਤ ਮੁਹਿੰਮ ਤਹਿਤ ਮਧੂ ਮੱਖੀ ਪਾਲਣ ਨੂੰ ਹੋਰ ਉਤਸ਼ਾਹਤ ਕਰਨ ਲਈ 500 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।’’ ਦੇਸ਼ ਵਿਚ ਮਧੂ ਮੱਖੀ ਪਾਲਕਾਂ ਦੀ ਸਖ਼ਤ ਮਿਹਨਤ ਸਦਕਾ ਭਾਰਤ ਦਾ ਨਾਂ ਵਿਸ਼ਵ ਦੇ ਪੰਜ ਸਭ ਤੋਂ ਵੱਡੇ ਸ਼ਹਿਦ ਉਤਪਾਦਕਾਂ ਵਿਚ ਸ਼ਾਮਲ ਕੀਤਾ ਗਿਆ ਹੈ। ”ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਾਲ 2005-06 ਦੇ ਮੁਕਾਬਲੇ ਹੁਣ ਸ਼ਹਿਦ ਉਤਪਾਦਨ ਵਿਚ 242 ਫ਼ੀ ਸਦੀ ਦਾ ਵਾਧਾ ਹੋਇਆ ਹੈ ਜਦੋਂਕਿ ਇਸ ਦੀ ਬਰਾਮਦ 265 ਫ਼ੀ ਸਦੀ ਵਧੀ ਹੈ।
File photo
ਉਨ੍ਹਾਂ ਕਿਹਾ ਕਿ ਮਧੂ ਮੱਖੀ ਪਾਲਣ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ’ਚ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ। ਖੇਤੀ ਮੰਤਰੀ ਨੇ ਇਹ ਗੱਲ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (ਐਨਸੀਡੀਸੀ) ਵਲੋਂ ‘ਮਿੱਠੀ ¬ਕ੍ਰਾਂਤੀ ਅਤੇ ਸਵੈ-ਨਿਰਭਰ ਭਾਰਤ’ ਦੇ ਵਿਸ਼ੇ ’ਤੇ ਆਯੋਜਿਤ ਇਕ ਵੈਬਿਨਾਰ ਵਿਚ ਕਹੀ। ਇਸ ਵੈਬਿਨਾਰ ਦਾ ਆਯੋਜਨ ਐਨਸੀਡੀਸੀ ਦੁਆਰਾ ਨੈਸ਼ਨਲ ਬੀ ਬੋਰਡ, ਪੱਛਮੀ ਬੰਗਾਲ ਸਰਕਾਰ, ਉਤਰਾਖੰਡ ਸਰਕਾਰ ਅਤੇ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਐਗਰੀਕਲਚਰਲ ਸਾਇੰਸ ਐਂਡ ਟੈਕਨੋਲੋਜੀ, ਕਸ਼ਮੀਰ ਦੇ ਸਹਿਯੋਗ ਨਾਲ ਮਿਲ ਕੇ ਕੀਤਾ ਗਿਆ ਸੀ।
(ਪੀਟੀਆਈ)