
ਉੱਤਰ ਪ੍ਰਦੇਸ਼ ’ਚ ਝਾਂਸੀ ਦੇ ਚਿਰਗਾਂਵ ਥਾਣਾ ਖੇਤਰ ’ਚ ਇਕ ਹੀ ਪਰਵਾਰ ਦੇ ਤਿੰਨ ਮੈਂਬਰਾਂ ਨੇ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਦਸਿਆ
ਝਾਂਸੀ, 22 ਮਈ : ਉੱਤਰ ਪ੍ਰਦੇਸ਼ ’ਚ ਝਾਂਸੀ ਦੇ ਚਿਰਗਾਂਵ ਥਾਣਾ ਖੇਤਰ ’ਚ ਇਕ ਹੀ ਪਰਵਾਰ ਦੇ ਤਿੰਨ ਮੈਂਬਰਾਂ ਨੇ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਦਸਿਆ ਕਿ ਚਿਰਗਾਂਵ ਥਾਣਾ ਖੇਤਰ ਵਾਸੀ ਅਰਵਿੰਦ ਪਾਂਡੇ (42), ਪਤਨੀ ਰੇਖਾ (40) ਅਤੇ ਬੇਟੇ ਨੈਤਿਕ ਪਾਂਡੇ ਉਰਫ ਛੋਟੂ (10) ਨੇ ਸਮੂਹਕ ਰੂਪ ਨਾਲ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਿਸ ਨੂੰ ਉਥੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ, ਜਿਸ ਅਨੁਸਾਰ ਕਰੀਬ ਢਾਈ ਮਹੀਨੇ ਪਹਿਲਾਂ ਅਪਣੀ ਬੇਟੀ ਨੈਂਸੀ ਪਾਂਡੇ ਦੀ ਮੌਤ ਨਾਲ ਪੂਰਾ ਪਰਵਾਰ ਸਦਮੇ ’ਚ ਸੀ। ਨੈਂਸੀ ਪੇਪਰ ਦੇਣ ਜਾ ਰਹੀ ਸੀ ਅਤੇ ਉਸ ਤੋਂ ਪਹਿਲਾਂ ਉਸ ਨੂੰ ਉਲਟੀ ਹੋਈ ਅਤੇ ਉਹ ਖ਼ਤਮ ਹੋ ਗਈ। ਨੈਂਸੀ ਦੀ ਮੌਤ ਤੋਂ ਬਾਅਦ ਪੂਰਾ ਪਰਵਾਰ ਡੂੰਘੇ ਦੁਖ ’ਚ ਸੀ ਅਤੇ ਇਸੇ ਸਦਮੇ ਦੀ ਸਥਿਤੀ ’ਚ ਅੱਜ ਤਿੰਨਾਂ ਨੇ ਮਿਲ ਕੇ ਖ਼ੁਦਕੁਸ਼ੀ ਕਰ ਲਈ। ਅਰਵਿੰਦ ਅਤੇ ਰੇਖਾ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਪਰ ਜਦੋਂ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਨੈਤਿਕ ਦੇ ਸਾਹ ਚੱਲ ਰਹੇ ਸਨ। ਉਸ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਪਰ ਰਸਤੇ ’ਚ ਉਸ ਦੀ ਵੀ ਮੌਤ ਹੋ ਗਈ। (ਏਜੰਸੀ)