
ਮੇਘਾਲਿਆ ਵਿਚ ਵਿਰੋਧੀ ਧਿਰ ਕਾਂਗਰਸ ਨੇ ਵਿਧਾਨ ਸਭਾ ਵਿਚ ਸੱਭ ਤੋਂ ਵੱਡੀ ਪਾਰਟੀ ਦਾ ਦਰਜਾ ਉਸ ਵਕਤ ਖੋ ਦਿਤਾ ਜਦ ਉਸ ਦੇ ਵਿਧਾਇਕ ਮਾਰਟਿਨ ਡਾਂਗੋ......
ਸ਼ੀਲਾਂਗ : ਮੇਘਾਲਿਆ ਵਿਚ ਵਿਰੋਧੀ ਧਿਰ ਕਾਂਗਰਸ ਨੇ ਵਿਧਾਨ ਸਭਾ ਵਿਚ ਸੱਭ ਤੋਂ ਵੱਡੀ ਪਾਰਟੀ ਦਾ ਦਰਜਾ ਉਸ ਵਕਤ ਖੋ ਦਿਤਾ ਜਦ ਉਸ ਦੇ ਵਿਧਾਇਕ ਮਾਰਟਿਨ ਡਾਂਗੋ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਵਿਧਾਇਕ ਦੇ ਅਸਤੀਫ਼ੇ ਮਗਰੋਂ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ ਘੱਟ ਕੇ 20 ਰਹਿ ਗਈ ਹੈ ਜੋ ਸੱਤਾਧਿਰ ਨੈਸ਼ਨਲ ਪੀਪਲਜ਼ ਪਾਰਟੀ ਦੇ ਬਰਾਬਰ ਹੈ।
ਐਨਪੀਪੀ ਇਸ ਉੱਤਰ-ਪੂਰਬੀ ਰਾਜ ਵਿਚ ਭਾਜਪਾ ਅਤੇ ਕੁੱਝ ਹੋਰ ਖੇਤਰੀ ਪਾਰਟੀਆਂ ਨਾਲ ਮਿਲ ਕੇ ਗਠਜੋੜ ਸਰਕਾਰ ਚਲਾ ਰਹੀ ਹੈ। ਡਾਂਗੋ ਨੇ ਕਲ ਦੇਰ ਰਾਤ ਅਪਣਾ ਅਸਤੀਫ਼ਾ ਵਿਧਾਨ ਸਭਾ ਸਪੀਕਰ ਡੋਨਕੁਪਰ ਰਾਏ ਦੀ ਮੌਜੂਦਗੀ ਵਿਚ ਡਿਪਟੀ ਸਪੀਕਰ ਟਿਮੋਥੀ ਡੀ ਸ਼ਿਰਾ ਨੂੰ ਸੌਂਪਿਆ ਸੀ। ਉਨ੍ਹਾਂ ਅਸਤੀਫ਼ਾ ਪੱਤਰ ਵਿਚ ਲਿਖਿਆ ਹੈ, 'ਮੈਂ 21 ਜੂਨ 2018 ਤੋਂ ਰਾਣੀਕੋਰ ਵਿਧਾਨ ਸਭਾ ਖੇਤਰ ਤੋਂ ਵਿਧਾਨ ਸਭਾ ਵਿਚ ਅਪਣੀ ਸੀਟ ਤੋਂ ਅਸਤੀਫ਼ਾ ਦਿੰਦਾ ਹਾਂ।
' ਡਾਂਗੋ ਨੇ ਸੂਬਾ ਕਾਂਗਰਸ ਦੇ ਪ੍ਰਧਾਨ ਨੂੰ ਵਿਧਾਇਕ ਅਹੁਦਾ ਅਤੇ ਨਾਲ ਹੀ ਪਾਰਟੀ ਦੀ ਮੁਢਲੀ ਮੈਂਬਰੀ ਤੋਂ ਅਸਤੀਫ਼ਾ ਦੇਣ ਦੇ ਅਪਣੇ ਫ਼ੈਸਲੇ ਬਾਰੇ ਵੀ ਜਾਣੂੰ ਕਰਾਇਆ। ਡਾਂਗੋ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਦਖਣੀ ਪਛਮੀ ਖਾਸੀ ਹਿੱਲਜ਼ ਜ਼ਿਲ੍ਹੇ ਦੇ ਰਾਣੀਕੋਰ ਤੋਂ ਵਿਧਾਨ ਸਭਾ ਵਿਚ ਪੰਜ ਵਾਰ ਕਾਂਗਰਸ ਦੀ ਪ੍ਰਤੀਨਿਧਤਾ ਕਰ ਚੁਕੇ ਡਾਂਗੋ ਸ਼ਾਇਦ ਸੱਤਾਧਿਰ ਐਨਪੀਪੀ ਵਿਚ ਸ਼ਾਮਲ ਹੋ ਜਾਣ। (ਏਜੰਸੀ)