
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦੇਸ਼ ਨੂੰ ਚੀਨ ਨਾਲ ਦੋ-ਦੋ ਜੰਗਾਂ ਲੜਨੀਆਂ ਪੈ ਰਹੀਆਂ ਹਨ।
ਨਵੀਂ ਦਿੱਲੀ, 22 ਜੂਨ (ਅਮਨਦੀਪ ਸਿੰਘ) : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦੇਸ਼ ਨੂੰ ਚੀਨ ਨਾਲ ਦੋ-ਦੋ ਜੰਗਾਂ ਲੜਨੀਆਂ ਪੈ ਰਹੀਆਂ ਹਨ। ਪਹਿਲੀ ਜੰਗ ਸਰਹੱਦ ’ਤੇ ਚੀਨ ਵਿਰੁਧ ਸਾਡੇ ਫ਼ੌਜੀ ਲੜ ਰਹੇ ਹਨ ਤੇ ਦੂਜੀ ਜੰਗ ਕਰੋਨਾ ਨਾਲ ਦੇਸ਼ ਵਿਚ ਸਾਡੇ ਡਾਕਟਰ ਤੇ ਨਰਸਾਂ ਲੜ ਰਹੇ ਹਨ। ਸਾਨੂੰ ਹਰ ਤਰ੍ਹ੍ਹਾਂ ਦੀ ਪਾਰਟੀਬਾਜ਼ੀ ਤੇ ਸਿਆਸਤ ਤੋਂ ਉਪਰ ਉਠ ਕੇ ਦੋਵੇਂ ਜੰਗਾਂ ਲੜਨੀਆਂ ਹਨ ਤੇ ਚੀਨ ਨੂੰ ਹਰਾਉਣਾ ਹੈ।
ਅੱਜ ਆਨਲਾਈਨ ਪੱਤਰਕਾਰ ਮਿਲਣੀ ਦੌਰਾਨ ਕੇਜਰੀਵਾਲ ਨੇ ਕਿਹਾ, ਕੇਂਦਰ ਸਰਕਾਰ ਦੇ ਸਹਿਯੋਗ ਨਾਲ ਦਿੱਲੀ ਵਿਚ ਕਰੋਨਾ ਮਹਾਂਮਾਰੀ ਵਿਰੁਧ ਲੜਾਈ ਲੜੀ ਜਾ ਰਹੀ ਹੈ। ਹੁਣ ਦਿੱਲੀ ਵਿਚ ਟੈਸਟਿੰਗ ਤਿੰਨ ਗੁਣਾਂ ਕਰ ਦਿਤੀ ਗਈ ਤੇ ਹਰ ਰੋਜ਼ 18 ਹਜ਼ਾਰ ਕਰੋਨਾ ਦੇ ਟੈਸਟ ਕੀਤੇ ਜਾ ਰਹੇ ਹਨ, ਜੋ ਪਹਿਲਾਂ 5 ਹਜ਼ਾਰ ਕੀਤੇ ਜਾ ਰਹੇ ਸਨ। ਐਂਟੀਜਨ ਟੈਸਟ ਕੀਤੇ ਜਾ ਰਹੇ ਹਨ, ਜਿਸ ਵਿਚ 15 ਤੋਂ 30 ਮਿੰਟ ਵਿਚ ਰੀਪੋਰਟ ਆ ਜਾਂਦੀ ਹੈ।
ਪ੍ਰਾਈਵੇਟ ਲੈੱਬਾਂ ਜੋ ਹੇਰਾਫੇਰੀਆਂ ਕਰ ਰਹੀਆਂ ਸਨ, ਜੋ ਨੈਗਟਿਵ ਸਨ ਉਨ੍ਹਾਂ ਦੀ ਰੀਪੋਰਟ ਪੋਜ਼ਟਿਵ ਦਿਤੀ ਜਾ ਰਹੀ ਸੀ। ਲੈੱਬਾਂ ਨੂੰ ਸਖ਼ਤ ਤਾੜਨਾ ਕੀਤੀ ਜਾ ਚੁਕੀ ਹੈ। ਹੁਣ ਕਿਸੇ ਨੂੰ ਵੀ ਟੈਸਟ ਕਰਵਾਉਣ ਵਿਚ ਕੋਈ ਔਕੜ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਹਲਕੇ ਲੱਛਣਾਂ ਵਾਲੇ ਕਰੋਨਾ ਰੋਗੀਆਂ, (ਜਿਨ੍ਹਾਂ ਨੂੰ ਖੰਘ ਹੈ ਤੇ ਹਲਕਾ ਬੁਖ਼ਾਰ ਹੈ, ਤੇ ਜਿਨ੍ਹਾਂ ਦਾ ਘਰਾਂ ਵਿਚ ਹੀ ਇਲਾਜ ਕੀਤਾ ਜਾ ਰਿਹਾ ਹੈ), ਨੂੰ ਹੁਣ ਸਰਕਾਰ ਵਲੋਂ ਔਕਸੀ ਪਲੱਸ ਮੀਟਰ ਦਿਤੇ ਜਾਣਗੇ ਤਾ ਜੋ ਉਹ ਹਰ ਦੋ ਘੰਟੇ ਪਿਛੋਂ ਅਪਣੇ ਸਰੀਰ ਦੇ ਆਕਸੀਜਨ ਪੱਧਰ ਨੂੰ ਮਾਪ ਸਕਣ।
Arvind Kejriwal
ਜੇ ਆਕਸੀਜਨ ਘੱਟ ਹੁੰਦੀ ਹੈ ਤਾਂ ਉਨ੍ਹਾਂ ਨੂੰ ਹਸਪਤਾਲ ਪਹੁੰਚਣ ਤੋਂ ਪਹਿਲਾਂ ਘਰ ਵਿਚ ਹੀ ਸਾਡੇ ਵਲੋਂ ਜ਼ਿਲ੍ਹਾ ਪੱਧਰ ’ਤੇ ਰੱਖੇ ਗਏ ਆਕਸੀਜਨ ਚੜ੍ਹਾਉਣ ਵਾਲੇ ਤੁਰਤ ਘਰ ਪਹੁੰਚ ਕੇ, ਆਕਸੀਜਨ ਦੇ ਕੇ ਜਾਨ ਬਚਾ ਸਕਣ। ਠੀਕ ਹੋਣ ’ਤੇ ਰੋਗੀ ਔਕਸੀ ਮੀਟਰ ਵਾਪਸ ਕਰ ਦੇਣਗੇ। ਉਨ੍ਹਾਂ ਦਸਿਆ ਕਿ ਹਾਲ ਦੀ ਘੜੀ ਦਿੱਲੀ ਵਿਚ ਕੋਰੋਨਾ ਦੇ 25 ਹਜ਼ਾਰ ਸਰਗਰਮ ਰੋਗੀ ਹਨ, 33 ਹਜ਼ਾਰ ਰੋਗੀ ਠੀਕ ਹੋ ਚੁਕੇ ਹਨ, 6 ਹਜ਼ਾਰ ਰੋਗੀ ਹਸਪਤਾਲਾਂ ਵਿਚ ਦਾਖ਼ਲ ਹਨ ਅਤੇ 12 ਹਜ਼ਾਰ ਲੋਕ ਘਰਾਂ ਵਿਚ ਵੱਖਰੇ ਤੌਰ ’ਤੇ ਇਲਾਜ ਲੈ ਰਹੇ ਹਨ।
ਹਫ਼ਤਾ ਪਹਿਲਾਂ 24 ਹਜ਼ਾਰ ਰੋਗੀ ਸਨ, ਇਕ ਹਫ਼ਤੇ ਵਿਚ ਸਿਰਫ਼ 1 ਹਜ਼ਾਰ ਮਾਮਲੇ ਵਧੇ ਹਨ। ਇਸ ਹਿਸਾਬ ਨਾਲ ਜਿੰਨੇ ਰੋਗੀ ਠੀਕ ਹੋ ਰਹੇ ਹਨ, ਉਨੇ ਹੀ ਨਵੇਂ ਰੋਗੀ ਆ ਰਹੇ ਹਨ। ਪਿਛਲੇ 10 ਦਿਨਾਂ ਵਿਚ 23 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਲਈ ਸਿਰਫ਼ 900 ਵਾਧੂ ਬਿਸਤਰਿਆਂ ਦੀ ਹੀ ਲੋੜ ਪਈ ਹੈ, ਕਿਉਂਕਿ ਬਾਕੀ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਨੂੂੰ ਘਰਾਂ ਵਿਚ ਹੀ ਇਲਾਜ ਦਿਤਾ ਜਾ ਰਿਹਾ ਹੈ। ਹੁਣ ਤਕ ਹਸਪਤਾਲਾਂ ਵਿਚ 6200 ਬਿਸਤਰੇ ਭਰੇ ਹਨ ਤੇ 7 ਹਜ਼ਾਰ ਬਿਸਤਰੇ ਖ਼ਾਲੀ ਹਨ।