ਪਰਵਾਰ ਨੇ ਭੱਜ ਕੇ ਬਚਾਈ ਅਪਣੀ ਜਾਨ, ਬਜ਼ੁਰਗ ਹੋਣ ਕਾਰਨ ਭੱਜ ਨਾ ਸਕੀ ਐਸ. ਇਕਬੇਤੋਂਬੀ ਮੇਈਬੀ
ਇੰਫ਼ਾਲ: ਮਣੀਪੁਰ ’ਚ ਪਿਛਲੇ ਡੇਢ ਮਹੀਨੇ ਤੋਂ ਜਾਰੀ ਨਸਲੀ ਹਿੰਸਾ ਕਿੰਨੀ ਭਿਆਨਕ ਸੀ, ਇਸ ਦਾ ਵੇਰਵੇ ਹੌਲੀ-ਹੌਲੀ ਸਾਹਮਣੇ ਆ ਰਿਹਾ ਹੈ। 4 ਮਈ ਨੂੰ ਕਾਂਗਕੋਪਾਈ ਜ਼ਿਲ੍ਹੇ ’ਚ ਦੋ ਔਰਤਾਂ ਨੂੰ ਨਗਨ ਕਰ ਕੇ ਪਰੇਡ ਕਰਵਾਉਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਉਣ ਮਗਰੋਂ ਕਾਂਗਚਿੰਗ ਜ਼ਿਲ੍ਹੇ ਤੋਂ ਇਕ ਹੋਰ ਰੌਂਗੜੇ ਖੜੇ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮਣੀਪੁਰ ਦੇ ਕਾਕਚਿੰਗ ਜ਼ਿਲ੍ਹੇ ’ਚ ਕੁਝ ਹਥਿਆਰਬੰਦ ਲੋਕਾਂ ਨੇ 80 ਸਾਲਾਂ ਦੀ ਇਕ ਬਜ਼ੁਰਗ ਔਰਤ ਨੂੰ ਉਸ ਦੇ ਘਰ ’ਚ ਬੰਦ ਕਰ ਕੇ ਸਾੜ ਕੇ ਮਾਰ ਦਿਤਾ।
ਮੇਈਤੀ ਭਾਈਚਾਰੇ ਨਾਲ ਸਬੰਧਤ ਐਸ. ਇਬੇਤੋਂਬੀ ਮੇਈਬੀ ਆਜ਼ਾਦੀ ਘੁਲਾਟੀਏ ਐਸ. ਚੂਰਾਚਾਂਦ ਸਿੰਘ ਦੀ ਪਤਨੀ ਸੀ। ਐਸ. ਚੂਰਾਚਾਂਦ ਸਿੰਘ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਪਿੱਛ ਜਿਹੇ ਸਰੋਊ ਪੁਲਿਸ ਥਾਣੇ ’ਚ ਦਰਜ ਐਫ਼.ਆਈ.ਆਰ. ਅਨੁਸਾਰ ਹਥਿਆਰਬੰਦ ਹਮਲਾਵਰਾਂ ਨੇ 28 ਮਈ ਨੂੰ ਐਸ. ਇਕਬੇਤੋਂਬੀ ਮੇਈਬੀ ਨੂੰ ਉਸ ਦੇ ਘਰ ’ਚ ਬੰਦ ਕਰ ਕੇ ਘਰ ਨੂੰ ਬਾਹਰੋਂ ਅੱਗ ਲਾ ਦਿਤੀ ਸੀ।
ਚੂਰਾਚਾਂਦ ਸਿੰਘ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਾਲੀ ਆਜ਼ਾਦ ਹਿੰਦ ਫ਼ੌਜ ਦੇ ਮੈਂਬਰ ਸਨ, ਜਿਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਨੇ ਸਨਮਾਨਤ ਕੀਤਾ ਸੀ ਅਤੇ ਉਨ੍ਹਾਂ ਨੂੰ ਆਲ ਇੰਡੀਆ ਫ਼ਾਰਵਰਡ ਬਲਾਕ ਵਲੋਂ ਅਪ੍ਰੈਲ 1997 ’ਚ ਨੇਤਾਜੀ ਐਵਾਰਡ ਵੀ ਦਿਤਾ ਗਿਆ ਸੀ। ਇਬੇਤੋਂਬੀ ਮੇਈਬੀ ਦੀਆਂ ਸੜੀਆਂ ਹੱਡੀਆਂ, ਅੱਧਸੜੀਆਂ ਤਸਵੀਰਾਂ, ਮੈਡਲ, ਚੂਰਾਚਾਂਦ ਸਿੰਘ ਨੂੰ ਮਿਲੇ ਯਾਦਗਾਰੀ ਚਿੰਨ੍ਹ, ਕਈ ਕੀਮਤੀ, ਘਰੇਲੂ ਸਾਮਾਨ, ਸੜਿਆ ਘਰ ਅਤੇ ਕੰਧਾਂ ’ਤੇ ਗੋਲੀਆਂ ਦੇ ਨਿਸ਼ਾਨ ਮਣੀਪੁਰ ’ਚ ਪਿਛਲੇ ਡੇਢ ਮਹੀਨਿਆਂ ਦੌਰਾਨ ਵਾਪਰੀ ਭਿਆਨਕ ਹਿੰਸਾ ਦੀ ਗਵਾਹੀ ਭਰ ਰਹੇ ਹਨ।
ਇਬੇਤੋਂਬੀ ਮੇਈਬੀ ਦੀ ਨੂੰਹ ਐਸ. ਤੰਪਾਕਸਾਨਾ ਨੇ ਕਿਹਾ, ‘‘ਜਦੋਂ ਹਥਿਆਰਬੰਦ ਹਮਲਾਵਰਾਂ ਨੇ ਸਾਡੇ ਘਰ ’ਤੇ ਹਮਲਾ ਕੀਤਾ ਤਾਂ ਮੇਰੀ ਸੱਸ ਨੇ ਮੈਨੂੰ ਅਤੇ ਹੋਰ ਗੁਆਂਢੀਆਂ ਨੂੰ ਭੱਜ ਜਾਣ ਲਈ ਕਿਹਾ। ਉਸ ਨੇ ਕਿਹਾ ਕਿ ਹਮਲਾਵਰਾਂ ਵਲੋਂ ਉਥੋਂ ਚਲੇ ਜਾਣ ਮਗਰੋਂ ਉਸ ਨੂੰ ਆ ਕੇ ਲੈ ਜਾਇਓ। ਬਜ਼ੁਰਗ ਹੋਣ ਕਾਰਨ ਉਸ ਦਾ ਚਲਣਾ-ਫਿਰਨਾ ਮੁਸ਼ਕਲ ਸੀ, ਜਿਸ ਕਾਰਨ ਉਹ ਭੱਜ ਨਹੀਂ ਸਕੀ। ਮੈਂ ਅਤੇ ਸਾਡੇ ਤਿੰਨ ਹੋਰ ਗੁਆਂਢੀ ਪਰਵਾਰ ਭੱਜਣ ’ਚ ਸਫ਼ਲ ਰਹੇ।’’
ਉਨ੍ਹਾਂ ਕਿਹਾ ਕਿ ਕੁਝ ਘੰਟਿਆਂ ਮਗਰੋਂ ਉਸ ਨੇ ਇਬੇਤੋਂਬੀ ਮੇਈਬੀ ਦੇ ਇਕ ਰਿਸ਼ਤੇਦਾਰ ਪ੍ਰੇਮਕਾਂਤਾ ਮੈਤੇਈ ਨੂੰ ਕਿਹਾ ਕਿ ਇਬੇਤੋਂਬੀ ਮੇਈਬੀ ਨੂੰ ਬਚਾ ਕੇ ਲਿਆਵ। ਪਰ ਜਦੋਂ ਪ੍ਰੇਮਕਾਂਤਾ ਉਥੇ ਪੁੱਜਿਆ ਤਾਂ ਸਾਡਾ ਘਰ ਸੜ ਚੁਕਿਆ ਸੀ ਅਤੇ ਬਜ਼ੁਰਗ ਔਰਤ ਦੀ ਸੜਨ ਕਾਰਨ ਮੌਤ ਹੋ ਗਈ ਸੀ। ਹਮਲਾਵਰ ਉਸ ਸਮੇਂ ਵੀ ਉਥੇ ਹੀ ਸਨ ਜਿਨ੍ਹਾਂ ਦੀ ਗੋਲੀਬਾਰੀ ਕਾਰਨ ਇਬੇਤੋਂਬੀ ਮੇਈਬੀ ਨੂੰ ਬਚਾਉਣ ਲਈ ਆਏ ਲੋਕਾਂ ਨੂੰ ਭਜਣਾ ਪਿਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਪਣੀ ਜਾਨ ਬਚਾਉਣ ਲਈ ਦੋ ਕਿਲੋਮੀਟਰ ਤਕ ਭੱਜਣ ਤੋਂ ਬਾਅਦ ਇਕ ਸਥਾਨਕ ਵਿਧਾਇਕ ਦੇ ਘਰ ਸ਼ਰਨ ਲਈ। ਸਰੋਊ ਪਿੰਡ ਨਸਲੀ ਹਿੰਸਾ ਨਾਲ ਸਭ ਤੋਂ ਵੱਧ ਪ੍ਰਭਾਵਤ ਇਲਾਕਿਆਂ ’ਚੋਂ ਇਕ ਸੀ। ਪਿੰਡ ਤੋਂ ਥੋੜ੍ਹੀ ਦੂਰ ਸਥਿਤ ਸਰੋਊ ਦੀ ਮਾਰਕੀਟ ਹੁਣ ਖੰਡਰ ਜਿਹਾ ਜਾਪਦਾ ਹੈ। ਪਿੰਡ ’ਚ ਰਹਿਣ ਵਾਲੇ ਸਾਰੇ ਲੋਕ ਇਸ ਵੇਲੇ ਸ਼ਰਨਾਰਥੀ ਕੈਂਪਾਂ ’ਚ ਰਹਿ ਰਹੇ ਹਨ।
ਮਣੀਪੁਰ ’ਚ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੇਈਤੀ ਲੋਕਾਂ ਦੀ ਮੰਗ ਵਿਰੁਧ ਪਹਾੜੀ ਜ਼ਿਲ੍ਹਿਆਂ ’ਚ ਤਿੰਨ ਮਈ ਨੂੰ ‘ਆਦਿਵਾਸੀ ਇਕਜੁਟਤਾ ਮਾਰਚ’ ਕਰਵਾਉਣ ਤੋਂ ਬਾਅਦ ਸੂਬੇ ’ਚ ਭੜਕੀ ਨਸਲੀ ਹਿੰਸਾ ’ਚ ਹੁਣ ਤਕ 160 ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ। ਮਣੀਪੁਰ ਦੀ ਆਬਾਦੀ ’ਚ ਮੇਈਤੀ ਲੋਕਾਂ ਦੀ ਗਿਣਤੀ ਲਗਭਗ 53 ਫ਼ੀ ਸਦੀ ਹੈ ਅਤੇ ਉਹ ਜ਼ਿਆਦਾਤਰ ਇੰਫ਼ਾਲ ਵਾਦੀ ’ਚ ਰਹਿੰਦੇ ਹਨ, ਜਦਕਿ ਨਗਾ ਅਤੇ ਕੁਕੀ ਵਰਗੇ ਆਦਿਵਾਸੀਆਂ ਦੀ ਆਬਾਦੀ 40 ਫ਼ੀ ਸਦੀ ਹੈ ਅਤੇ ਉਹ ਪਹਾੜੀ ਜ਼ਿਲ੍ਹਿਆਂ ’ਚ ਰਹਿੰਦੇ ਹਨ। ਸਥਾਨਕ ਆਗੂਆਂ ਦਾ ਕਹਿਣਾ ਹੈ ਕਿ ਅਜੇ ਵੀ ਕਈ ਦਿਲਕੰਬਾਊ ਘਟਨਾਵਾਂ ਹਨ ਜੋ ਸਾਹਮਣੇ ਨਹੀਂ ਆ ਸਕੀਆਂ ਹਨ।