
ਭਾਰਤ ’ਚ ਗਰਮਖਿਆਲੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਅਪਣੇ ਆਪਰੇਟਿਵਾਂ ਦਾ ਨੈੱਟਵਰਕ ਬਣਾਉਣ ਦਾ ਦੋਸ਼
16 ਹੋਰ ਭਗੌੜੇ ਅਤੇ ਗ੍ਰਿਫਤਾਰ ਦੋਸ਼ੀਆਂ ਦੇ ਬੀ.ਕੇ.ਆਈ. ਅਤੇ ਕੇ.ਟੀ.ਐਫ਼. ਨਾਲ ਸਬੰਧਾਂ ਦੀ ਵੀ ਜਾਂਚ ਜਾਰੀ
ਨਵੀਂ ਦਿੱਲੀ: ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਗੈਂਗਸਟਰ-ਗਰਮਖਿਆਲੀ ਗਠਜੋੜ ਮਾਮਲੇ ’ਚ ਪਾਬੰਦੀਸ਼ੁਦਾ ਗਰਮ ਖ਼ਿਆਲੀ ਸੰਗਠਨਾਂ, ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਅਤੇ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ.) ਨਾਲ ਜੁੜੇ ਤਿੰਨ ‘ਸੂਚੀਬੱਧ ਗਰਮਖਿਆਲੀਆਂ ’ ਸਮੇਤ ਨੌਂ ਜਣਿਆਂ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਹੈ। ਇਨ੍ਹਾਂ ’ਚ ਬੀ.ਕੇ.ਆਈ. ਦਾ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ, ਕੇ.ਟੀ.ਐਫ਼. ਦਾ ਅਰਸ਼ਦੀਪ ਸਿੰਘ ਉਰਫ਼ ਅਰਸ਼ ਅਤੇ ਬੀ.ਕੇ.ਆਈ. ਦਾ ਲਖਬੀਰ ਸਿੰਘ ਉਰਫ਼ ਲੰਡਾ ਸ਼ਾਮਲ ਹਨ। ਇਨ੍ਹਾਂ ’ਤੇ ਭਾਰਤ ’ਚ ਗਰਮਖਿਆਲੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਅਪਣੇ ਆਪਰੇਟਿਵਾਂ ਦਾ ਨੈੱਟਵਰਕ ਬਣਾਉਣ ਦਾ ਦੋਸ਼ ਹੈ।
ਐਨ.ਆਈ.ਏ. ਨੇ ਕਿਹਾ ਕਿ ਇਨ੍ਹਾਂ ਦੇ ਪਾਕਿਸਤਾਨ ਅਤੇ ਹੋਰ ਦੇਸ਼ਾਂ ’ਚ ਨਸ਼ਾ ਤਸਕਰਾਂ ਅਤੇ ਖਾਲਿਸਤਾਨੀ ਕਾਰਕੁਨਾਂ ਨਾਲ ਨਜ਼ਦੀਕੀ ਸੰਪਰਕ ਹਨ।
ਐਨ.ਆਈ.ਏ. ਨੇ ਕਿਹਾ, ‘‘ਭਾਰਤ ’ਚ ਗਰਮਖਿਆਲੀ ਗਤੀਵਿਧੀਆਂ, ਜਬਰੀ ਵਸੂਲੀ ਅਤੇ ਹਥਿਆਰਾਂ ਤੇ ਨਸ਼ਿਆਂ ਦੀ ਸਰਹੱਦ ਪਾਰੋਂ ਤਸਕਰੀ ਕਰਨ ਲਈ ਉਹ ਵਿਦੇਸ਼ਾਂ ’ਚ ਸਥਿਤ ਆਪਰੇਟਿਵਾਂ ਦੇ ਇਕ ਗੁੰਝਲਦਾਰ ਨੈਟਵਰਕ ਜ਼ਰੀਏ ਅਪਣੇ ਸਹਿਯੋਗੀਆਂ ਦੀਆਂ ਭਰਤੀਆਂ, ਪ੍ਰਚਾਰ ਅਤੇ ਪ੍ਰਬੰਧਨ ਕਰ ਰਹੇ ਹਨ। ਉਨ੍ਹਾਂ ਦੇ ਉੱਤਰੀ ਭਾਰਤ ’ਚ ਕੰਮ ਕਰ ਰਹੇ ਵੱਡੇ ਗਰੋਹਾਂ ਨਾਲ ਵੀ ਸਬੰਧ ਹਨ, ਜਿਸ ’ਚ ਸਥਾਨਕ ਗੈਂਗਸਟਰ, ਸੰਗਠਤ ਅਪਰਾਧਕ ਸਿੰਡੀਕੇਟ ਅਤੇ ਨੈੱਟਵਰਕ ਸ਼ਾਮਲ ਹਨ।’’
ਇਹ ਵੀ ਪੜ੍ਹੋ: ਚਸ਼ਮਦੀਦ ਗਵਾਹ ਨਾ ਹੋਣ 'ਤੇ ਜੁਰਮ ਦੀ ਮਨਸ਼ਾ ਸਾਬਤ ਕਰਨਾ ਜ਼ਰੂਰੀ : ਸੁਪ੍ਰੀਮ ਕੋਰਟ
ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਜਾਂਚ ’ਚ ਬੀ.ਕੇ.ਆਈ. ਅਤੇ ਕੇ.ਟੀ.ਐਫ਼. ਲਈ ਫੰਡ ਇਕੱਠਾ ਕਰਨ ਦੀ ਇਕ ਗੁੰਝਲਦਾਰ ਵਿਧੀ ਦਾ ਵੀ ਪ੍ਰਗਟਾਵਾ ਹੋਇਆ ਹੈ। ਫ਼ੰਡ ਭਾਰਤ ਅਧਾਰਤ ਅਪਣੇ ਸਹਿਯੋਗੀਆਂ ਨੂੰ ਰਸਮੀ ਅਤੇ ਗ਼ੈਰ-ਰਸਮੀ ਦੋਹਾਂ ਤਰੀਕਿਆਂ ਜ਼ਰੀਏ ਭੇਜਿਆ ਜਾ ਰਿਹਾ ਸੀ। ਐਮ.ਟੀ.ਐਸ.ਐਸ. ਜਾਂ ਹੋਰ ਸਾਧਨਾਂ ਦੀ ਵਰਤੋਂ ਇਸ ਤਰੀਕੇ ਨਾਲ ਕੀਤੀ ਜਾ ਰਹੀ ਸੀ ਕਿ ਫੰਡ ਭੇਜਣ ਵਾਲੇ ਜਾਂ ਪ੍ਰਾਪਤ ਕਰਨ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰਹੇ ਸੀ।
ਇਸ ਤੋਂ ਇਲਾਵਾ ਐਨ.ਆਈ.ਏ. 16 ਹੋਰ ਭਗੌੜੇ ਅਤੇ ਗ੍ਰਿਫਤਾਰ ਦੋਸ਼ੀਆਂ ਦੇ ਬੀ.ਕੇ.ਆਈ. ਅਤੇ ਕੇ.ਟੀ.ਐਫ਼. ਨਾਲ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ।
ਐਨ.ਆਈ.ਏ. ਵਲੋਂ ਚਾਰਜਸ਼ੀਟ ਕੀਤੇ ਗਏ ਹੋਰ ਵਿਦੇਸ਼ੀ ਅਧਾਰਤ ਬੇ.ਕੇ.ਆਈ. ਮੈਂਬਰਾਂ ’ਚ ਅਮਰੀਕਾ ਅਧਾਰਤ ਹਰਜੋਤ ਸਿੰਘ, ਨਾਭਾ ਜੇਲ੍ਹ ਬਰੇਕ ਕਾਂਡ ਦਾ ਭਗੌੜਾ ਦੋਸ਼ੀ ਅਤੇ ਇਸ ਸਮੇਂ ਸ਼ੱਕੀ ਤੌਰ ’ਤੇ ਨੇਪਾਲ ’ਚ ਰਹਿ ਰਿਹਾ ਕਸ਼ਮੀਰ ਸਿੰਘ ਗਲਵੱਡੀ ਅਤੇ ਲੰਡਾ ਦਾ ਭਰਾ ਤਰਸੇਮ ਸਿੰਘ ਸ਼ਾਮਲ ਹਨ, ਜੋ ਇਸ ਸਮੇਂ ਦੁਬਈ ’ਚ ਰਹਿ ਰਿਹਾ ਹੈ।
ਗੁਰਜੰਟ ਸਿੰਘ ਇਸ ਸਮੇਂ ਆਸਟਰੇਲੀਆ ’ਚ ਰਹਿ ਰਿਹਾ ਹੈ ਅਤੇ ਕੇ.ਟੀ.ਐਫ. ਦੇ ਵਿਦੇਸ਼ ਅਧਾਰਤ ਮੈਂਬਰਾਂ ’ਚੋਂ ਇਕ ਹੈ ਜਿਸ ਨੂੰ ਚਾਰਜਸ਼ੀਟ ਕੀਤਾ ਗਿਆ ਹੈ।
ਐਨ.ਆਈ.ਏ. ਵਲੋਂ ਚਾਰਜਸ਼ੀਟ ਕੀਤੇ ਗਏ ਹੋਰ ਮੁਲਜ਼ਮਾਂ ’ਚ ਦੀਪਕ ਰੰਗਾ ਅਤੇ ਲੱਕੀ ਖੋਖਰ ਉਰਫ ਡੇਨਿਸ ਸ਼ਾਮਲ ਹਨ, ਜਿਨ੍ਹਾਂ ਨੂੰ ਭਾਰਤ ’ਚ ਗਰਮਖਿਆਲੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਿਦੇਸ਼ੀ ਅਧਾਰਤ ਹੈਂਡਲਰਾਂ ਵਲੋਂ ਭਰਤੀ ਕੀਤਾ ਗਿਆ ਸੀ। ਮੁਲਜ਼ਮ ਦੀਪਕ ਰੰਗਾ ਨੂੰ ਮਈ 2022 ਵਿਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ, ਮੋਹਾਲੀ, ਪੰਜਾਬ ’ਤੇ ਆਰ.ਪੀ.ਜੀ. ਹਮਲੇ ਨੂੰ ਅੰਜਾਮ ਦੇਣ ਲਈ ਹਰਵਿੰਦਰ ਰਿੰਦਾ ਅਤੇ ਲੰਡਾ ਨੇ ਹੀ ਕਿਹਾ ਸੀ।
ਇਹ ਵੀ ਪੜ੍ਹੋ: ਰੈਸਟੋਰੈਂਟ ਦੇ ਕਰਿੰਦਿਆਂ ਨੇ ਹੀ ਕੀਤਾ ਰੈਸਟੋਰੈਂਟ ਮਾਲਕ ਦਾ ਕਤਲ
ਕੌਣ ਨੇ ਚਾਰਜਸ਼ੀਟ ’ਚ ਸੂਚੀਬੱਧ ਗਰਮਖਿਆਲੀ ਰਿੰਦਾ, ਅਰਸ਼ ਅਤੇ ਲੰਡਾ?
ਐਨ.ਆਈ.ਏ. ਅਨੁਸਾਰ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਇਕ ਸਾਬਕਾ ਗੈਂਗਸਟਰ ਹੈ ਜੋ ਹੁਣ ਬੀ.ਕੇ.ਆਈ. ਦਾ ਪ੍ਰਮੁੱਖ ਮੈਂਬਰ ਅਤੇ ਖਾਲਿਸਤਾਨੀ ਆਪਰੇਟਿਵ ਬਣ ਗਿਆ ਹੈ। ਸਾਲ 2018-19 ’ਚ, ਉਹ ਗੈਰ-ਕਾਨੂੰਨੀ ਤੌਰ ’ਤੇ ਪਾਕਿਸਤਾਨ ਭੱਜ ਗਿਆ ਸੀ ਅਤੇ ਇਸ ਸਮੇਂ ਆਈ.ਐਸ.ਆਈ. ਦੀ ਸਰਪ੍ਰਸਤੀ ਹੇਠ ਉਥੇ ਰਹਿ ਰਿਹਾ ਹੈ, ਅਤੇ ਭਾਰਤ ਵਿਰੁਧ ਗਰਮਖਿਆਲੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਿਚ ਸ਼ਾਮਲ ਹੈ।
ਰਿੰਦਾ ਵੱਖ-ਵੱਖ ਅਪਰਾਧਾਂ ਜਿਵੇਂ ਕਿ ਹਥਿਆਰਾਂ, ਗੋਲਾ ਬਾਰੂਦ ਵਿਸਫੋਟਕਾਂ ਅਤੇ ਪਾਕਿਸਤਾਨ ਤੋਂ ਭਾਰਤ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ, ਬੀ.ਕੇ.ਆਈ. ਦੇ ਕਾਰਕੁਨਾਂ ਦੀ ਭਰਤੀ, ਕਤਲ, ਪੰਜਾਬ ਅਤੇ ਮਹਾਰਾਸ਼ਟਰ ਰਾਜਾਂ ’ਚ ਜਬਰਨ ਵਸੂਲੀ ਰਾਹੀਂ ਬੀ.ਕੇ.ਆਈ. ਲਈ ਫੰਡ ਇਕਠਾ ਕਰਨ ’ਚ ਸ਼ਾਮਲ ਹੈ। ਉਹ ਮਈ 2022 ’ਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਆਰ.ਪੀ.ਜੀ. ਹਮਲੇ ਸਮੇਤ ਕਈ ਗਰਮਖਿਆਲੀ ਗਤੀਵਿਧੀਆਂ ’ਚ ਸ਼ਾਮਲ ਰਿਹਾ ਹੈ, ਅਤੇ ਭਾਰਤ ਸਰਕਾਰ ਵਲੋਂ 2023 ’ਚ ਇਕ ‘ਵਿਅਕਤੀਗਤ ਗਰਮਖਿਆਲੀ ’ ਐਲਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਮੀਤ ਪ੍ਰਧਾਨ ਜੈ ਇੰਦਰ ਕੌਰ ਨੇ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ
ਮੁਲਜ਼ਮ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਭਾਰਤ ਦਾ ਇਕ ਬਦਨਾਮ ਗੈਂਗਸਟਰ ਸੀ ਜੋ ਕੈਨੇਡਾ ਚਲਾ ਗਿਆ ਸੀ। ਕੈਨੇਡਾ ’ਚ, ਡੱਲਾ ਹਰਦੀਪ ਸਿੰਘ ਨਿੱਝਰ ਦੇ ਸੰਪਰਕ ’ਚ ਆਇਆ, ਜੋ ਕਿ ਪਾਬੰਦੀਸ਼ੁਦਾ ਗਰਮਖਿਆਲੀ ਸੰਗਠਨ ਕੇ.ਟੀ.ਐਫ. ਦਾ ਮੁਖੀ ਸੀ। ਇਹ ਦੋਵੇਂ ਕੇ.ਟੀ.ਐਫ. ਲਈ ਫੰਡ ਇਕਠਾ ਕਰਨ ਅਤੇ ਪੰਜਾਬ ’ਚ ਵਪਾਰੀਆਂ ਅਤੇ ਖਾਸ ਭਾਈਚਾਰਿਆਂ ਦੇ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਲਈ ਨੌਜਵਾਨਾਂ ਦੀ ਭਰਤੀ ਕਰਨ ਅਤੇ ਗਰਮਖਿਆਲੀ ਗਰੋਹਾਂ ਦੇ ਗਠਨ ’ਚ ਰੁੱਝੇ ਹੋਏ ਸਨ। ਭਾਰਤ ਸਰਕਾਰ ਨੇ ਡੱਲਾ ਨੂੰ 2023 ’ਚ ‘ਵਿਅਕਤੀਗਤ ਗਰਮਖਿਆਲੀ’ ਐਲਾਨ ਕੀਤਾ ਹੈ।
ਲਖਬੀਰ ਸਿੰਘ ਸੰਧੂ ਉਰਫ ਲੰਡਾ ਸ਼ੁਰੂ ’ਚ ਅਪਰਾਧਿਕ ਅਤੇ ਗੈਂਗਸਟਰਾਂ ਨਾਲ ਸਬੰਧਤ ਗਤੀਵਿਧੀਆਂ ’ਚ ਸ਼ਾਮਲ ਸੀ। 2017 ’ਚ ਉਹ ਕੈਨੇਡਾ ਲਈ ਰਵਾਨਾ ਹੋ ਗਿਆ ਅਤੇ ਉਥੋਂ ਅਪਣੀਆਂ ਗਤੀਵਿਧੀਆਂ ਜਾਰੀ ਰਖੀਆਂ। ਉਹ ਬੀ.ਕੇ.ਆਈ. ਦੇ ਗਰਮਖਿਆਲੀ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਦੇ ਸੰਪਰਕ ’ਚ ਆਇਆ ਅਤੇ ਬੀ.ਕੇ.ਆਈ. ਲਈ ਕੰਮ ਕਰਨਾ ਸ਼ੁਰੂ ਕਰ ਦਿਤਾ। ਲੰਡਾ ਮਈ 2022 ’ਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਆਰ.ਪੀ.ਜੀ. ਹਮਲੇ ਅਤੇ ਦਸੰਬਰ, 2022 ਵਿਚ ਤਰਨਤਾਰਨ ਦੇ ਸਰਹਾਲੀ ਪੁਲਿਸ ਸਟੇਸ਼ਨ ’ਤੇ ਆਰ.ਪੀ.ਜੀ. ਹਮਲੇ ਸਮੇਤ ਕਈ ਗਰਮਖਿਆਲੀ ਘਟਨਾਵਾਂ ’ਚ ਮੁੱਖ ਮੁਲਜ਼ਮ ਰਿਹਾ ਹੈ। ਉਹ ਅਗਸਤ, 2022 ਵਿਚ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦਿਲਬਾਗ ਸਿੰਘ ਨੂੰ ਮਾਰਨ ਦੀ ਸਾਜ਼ਸ਼ ਦਾ ਮੁੱਖ ਸਾਜ਼ਸ਼ਘਾੜਾ ਵੀ ਸੀ।