
ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੰਦਰ ਸਿਆਸਤ 'ਚ ਉਤਰਦੇ ਹੋਏ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਅੱਜ ਐਲਾਨ ਕੀਤਾ..............
ਲਖਨਊ : ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੰਦਰ ਸਿਆਸਤ 'ਚ ਉਤਰਦੇ ਹੋਏ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਅੱਜ ਐਲਾਨ ਕੀਤਾ ਕਿ ਜੇ ਉਹ ਸੱਤਾ 'ਚ ਆਏ ਤਾਂ ਸੂਬੇ 'ਚ ਭਗਵਾਨ ਵਿਸ਼ਣੂ ਦੇ ਨਾਂ 'ਤੇ ਇਕ ਵਿਸ਼ਾਲ ਸ਼ਹਿਰ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਕੰਬੋਡੀਆ ਦੇ ਅੰਗਕੋਰਵਾਟ ਮੰਦਰ ਦੀ ਤਰਜ਼ 'ਤੇ ਇਕ ਵਿਸ਼ਾਲ ਮੰਦਰ ਬਣਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਅਤੇ ਉੱਤਰ ਪ੍ਰਦੇਸ਼ ਦੇ ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੇ ਪਿਛਲੇ ਹਫ਼ਤੇ ਰਾਮ ਮੰਦਰ ਦਾ ਮੁੱਦਾ ਚੁਕਦਿਆਂ ਕਿਹਾ ਸੀ ਕਿ ਅਯੁੱਧਿਆ 'ਚ ਮੰਦਰ ਦੀ ਉਸਾਰੀ ਲਈ ਕਾਨੂੰਨੀ ਰਸਤਾ ਅਪਣਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਅਖਿਲੇਸ਼ ਦਾ ਇਹ ਬਿਆਨ ਆਇਆ ਹੈ।
ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, ''ਅਸੀਂ ਲਾਇਨ ਸਫ਼ਾਰੀ (ਇਟਾਵਾ) ਨੇੜੇ 2 ਹਜ਼ਾਰ ਏਕੜ 'ਚ ਭਗਵਾਨ ਵਿਸ਼ਣੂ ਦੇ ਨਾਂ ਦਾ ਇਕ ਸ਼ਹਿਰ ਵਿਕਸਤ ਕਰਾਂਗੇ। ਸਾਡੇ ਕੋਲ ਚੰਬਲ ਦੇ ਬੀਹੜ 'ਚ ਜ਼ਿਆਦਾ ਜ਼ਮੀਨ ਹੈ ਅਤੇ ਅਸੀਂ ਉਥੇ ਅੰਗਕੋਰਵਾਟ ਮੰਦਰ ਦੀ ਤਰਜ਼ 'ਤੇ ਭਗਵਾਨ ਵਿਸ਼ਣੂ ਦਾ ਵਿਸ਼ਾਲ ਮੰਦਰ ਬਣਾਵਾਂਗੇ।'' (ਪੀਟੀਆਈ)