
ਚੰਨ ’ਤੇ ਸਫ਼ਲਤਾਪੂਰਵਕ ਉਤਰਿਆ ‘ਵਿਕਰਮ’, ਰੋਵਰ ‘ਪ੍ਰਗਿਆਨ’ ਦਖਣੀ ਧਰੁਵੀ ਖੇਤਰ ਦਾ ਘੁਮ ਕੇ ਵਿਗਿਆਨਕ ਪ੍ਰਯੋਗ ਕਰੇਗਾ
ਬੇਂਗਲੁਰੂ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਤੀਜੀ ਚੰਨ ਮੁਹਿੰਮ ਚੰਦਰਯਾਨ-3 ਦਾ ਲੈਂਡਰ ਮਾਡਿਊਲ (ਐਲ.ਐਮ.) ਬੁਧਵਾਰ ਸ਼ਾਮ ਨੂੰ ਚੰਦਰਮਾ ਦੀ ਸਤ੍ਹਾ ’ਤੇ ਸਫ਼ਲਤਾਪੂਰਵਕ ਉਤਰ ਗਿਆ।
ਇਸ ਤੋਂ ਬਾਅਦ ਭਾਰਤ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ ਅਤੇ ਧਰਤੀ ਦੇ ਇਕਲੌਤੇ ਕੁਦਰਤੀ ਉਪਗ੍ਰਹਿ ਦੇ ਦਖਣੀ ਧਰੁਵ ਤਕ ਪੁੱਜਣ ਵਾਲਾ ਪਹਿਲਾ ਦੇਸ਼, ਜੋ ਹੁਣ ਤਕ ਅਛੂਤਾ ਰਿਹਾ ਹੈ।
ਐਲ.ਐਮ. ’ਚ ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਹਨ। ਸਫ਼ਲਤਾਪੂਰਵਕ ਉਤਰਨ ਤੋਂ ਬਾਅਦ ਰੋਵਰ ‘ਪ੍ਰਗਿਆਨ’ ਦਖਣੀ ਧਰੁਵੀ ਖੇਤਰ ਦਾ ਘੁਮ ਕੇ ਵਿਗਿਆਨਕ ਪ੍ਰਯੋਗ ਕਰੇਗਾ।
600 ਕਰੋੜ ਰੁਪਏ ਦਾ ਚੰਦਰਯਾਨ-3 ਮਿਸ਼ਨ 14 ਜੁਲਾਈ ਨੂੰ ਲਾਂਚ ਵਹੀਕਲ ਮਾਰਕ-III (LVM-III) ਰਾਕੇਟ ਰਾਹੀਂ ਲਾਂਚ ਕੀਤਾ ਗਿਆ ਸੀ ਅਤੇ ਹੁਣ ਤਕ 41 ਦਿਨਾਂ ਦਾ ਸਫ਼ਰ ਤੈਅ ਕਰ ਚੁਕਾ ਹੈ।
ਇਸਰੋ ਦੇ ਵਿਗਿਆਨੀਆਂ ਤੋਂ ਇਲਾਵਾ ਯੂਰਪੀ ਪੁਲਾੜ ਏਜੰਸੀ (ਈ.ਐਸ.ਏ) ਦੇ ਅਧਿਕਾਰੀ ਵੀ ਚੰਦਰਯਾਨ-3 ਮਿਸ਼ਨ ਦੇ ‘ਲੈਂਡਰ ਮਾਡਿਊਲ’ ਦੀ ਨਿਗਰਾਨੀ ਕਰ ਰਹੇ ਹਨ। ਇਕ ਸੀਨੀਅਰ ਵਿਗਿਆਨੀ ਨੇ ਬੁਧਵਾਰ ਨੂੰ ਇਹ ਦਸਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਨ ’ਤੇ ਚੰਦਰਯਾਨ-3 ਦੀ ਲੈਂਡਿੰਗ ਤੋਂ ਪਹਿਲਾਂ ਵੀਡੀਉ ਲਿੰਕ ਜ਼ਰੀਏ ਇਸਰੋ ਦੇ ਵਿਗਿਆਨੀਆਂ ਨਾਲ ਜੁੜੇ ਅਤੇ ਚੰਦਰਯਾਨ-3 ਮਿਸ਼ਨ ਦੇ ਸਫ਼ਲ ਹੋਣ ਲਈ ਵਧਾਈ ਦਿਤੀ।