
ਅਧਿਆਪਕ ਸਮੇਤ ਸਕੂਲ ਦਾ ਪ੍ਰਿੰਸੀਪਲ ਵੀ ਗ੍ਰਿਫਤਾਰ
Maharashtra News : ਮਹਾਰਾਸ਼ਟਰ ਦੇ ਪੁਣੇ ਦਿਹਾਤੀ ਦੀ ਦੌਂਦ ਤਹਿਸੀਲ ਦੇ ਇੱਕ ਪਿੰਡ ਵਿੱਚ 42 ਸਾਲਾ ਅਧਿਆਪਕ ਨੇ 13 ਸਾਲਾ ਵਿਦਿਆਰਥਣ ਦਾ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕੀਤਾ ਹੈ। ਉਸ ਨੇ ਸਕੂਲੀ ਵਿਦਿਆਰਥਣ ਨੂੰ ਵਟਸਐਪ ਚੈਟ 'ਤੇ ਅਸ਼ਲੀਲ ਮੈਸੇਜ ਭੇਜੇ ਅਤੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ। ਇਸ ਮਾਮਲੇ ਵਿੱਚ ਪੁਣੇ ਦਿਹਾਤੀ ਪੁਲਿਸ ਨੇ ਉਕਤ ਅਧਿਆਪਕ ਅਤੇ ਸਕੂਲ ਦੇ ਪ੍ਰਿੰਸੀਪਲ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ ਅਧਿਆਪਕ ਨੇ 15 ਅਗਸਤ ਤੋਂ ਪਹਿਲਾਂ ਵਿਦਿਆਰਥਣ ਨੂੰ ਅਸ਼ਲੀਲ ਮੈਸੇਜ ਭੇਜੇ ਸਨ। ਜਦੋਂ ਵਿਦਿਆਰਥਣ ਦੇ ਪਿਤਾ ਨੇ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਤਾਂ ਪ੍ਰਿੰਸੀਪਲ ਨੇ ਉਸ ਦੀ ਸ਼ਿਕਾਇਤ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਇਸ ਕਾਰਨ ਪ੍ਰਿੰਸੀਪਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਣੇ ਦਿਹਾਤੀ ਪੁਲਿਸ ਨੇ ਮਾਮਲੇ ਦਾ ਖੁਦ ਨੋਟਿਸ ਲਿਆ ਅਤੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਲੜਕੀ ਦੇ ਪਿੰਡ ਦਾ ਦੌਰਾ ਕੀਤਾ।
ਪੁਣੇ ਦਿਹਾਤੀ ਪੁਲਿਸ ਦੇ ਐਸਪੀ ਪੰਕਜ ਦੇਸ਼ਮੁਖ ਨੇ ਦੱਸਿਆ ਕਿ ਪਿਤਾ ਦੀ ਸ਼ਿਕਾਇਤ ਤੋਂ ਬਾਅਦ ਤੁਰੰਤ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਨੇ ਅਧਿਆਪਕ ਅਤੇ ਪ੍ਰਿੰਸੀਪਲ ਦੋਵਾਂ ਖ਼ਿਲਾਫ਼ ਭਾਰਤੀ ਦੰਡ ਵਿਧਾਨ (ਆਈਪੀਸੀ) ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ (ਪੋਕਸੋ) ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਬਦਲਾਪੁਰ ਦੇ ਇੱਕ ਸਕੂਲ ਵਿੱਚ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਲੋਕ ਸੜਕਾਂ 'ਤੇ ਆ ਗਏ ਸਨ। ਮਹਾਰਾਸ਼ਟਰ ਵਿੱਚ ਹਾਲ ਹੀ ਵਿੱਚ ਕਈ ਮਾਮਲੇ ਸਾਹਮਣੇ ਆਏ ਹਨ। ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਸਾਰੇ ਆਰੋਪੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।