
ਖਾਣਾ ਵਾਪਸ ਕਰਨ ਲਈ ਕੀਤੀ ਸੀ ਕਸਟਮਰ ਕੇਅਰ ਨੂੰ ਕਾਲ
ਪਟਨਾ : ਬਿਹਾਰ ਦੀ ਰਾਜਧਾਨੀ ਪਟਨਾ 'ਚ ਇਕ ਨੌਜਵਾਨ ਨਾਲ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਨੌਜਵਾਨ ਨੂੰ ਆਪਣੇ ਖਾਣੇ ਦਾ ਪੈਸਾ ਰਿਫੰਡ ਕਰਵਾਉਣਾ ਕਾਫ਼ੀ ਮਹਿੰਗਾ ਪੈ ਗਿਆ ਅਤੇ ਉਸ ਦੇ ਬੈਂਕ ਖਾਤੇ ਦਾ ਬੈਲੈਂਸ ਜ਼ੀਰੋ ਹੋ ਗਿਆ। ਨੌਜਵਾਨ ਨੇ ਖਾਣੇ ਦਾ 100 ਰੁਪਏ ਵਾਪਸ ਮੰਗਣ ਲਈ ਫ਼ੋਨ ਕੀਤਾ ਸੀ ਪਰ ਉਸ ਨਾਲ ਧੋਖਾਧੜੀ ਹੋ ਗਈ। ਜਿਸ ਨੌਜਵਾਨ ਨਾਲ ਇਹ ਘਟਨਾ ਵਾਪਰੀ ਉਸ ਦਾ ਨਾਂ ਵਿਸ਼ਣੂ ਹੈ ਅਤੇ ਉਹ ਇਕ ਇੰਜੀਨੀਅਰ ਹੈ।
Zomato
ਦਰਅਸਲ ਵਿਸ਼ਣੂ ਨੇ ਜੋਮੈਟੋ ਐਪ ਤੋਂ ਖਾਣਾ ਆਰਡਰ ਕੀਤਾ ਸੀ, ਜਿਸ ਤੋਂ ਬਾਅਦ ਡਿਲੀਵਰੀ ਬੁਆਏ ਉਨ੍ਹਾਂ ਦੇ ਘਰ ਖਾਣਾ ਦੇਣ ਪੁੱਜਾ ਤਾਂ ਵਿਸ਼ਣੂ ਨੇ ਖਾਣੇ ਦੀ ਗੁਣਵੱਤਾ ਨੂੰ ਖ਼ਰਾਬ ਦੱਸਦਿਆਂ ਉਸ ਨੂੰ ਖਾਣਾ ਵਾਪਸ ਲਿਜਾਣ ਲਈ ਕਿਹਾ। ਜਿਸ ਤੋਂ ਬਾਅਦ ਡਿਲੀਵਰੀ ਬੁਆਏ ਨੇ ਵਿਸ਼ਣੂ ਨੂੰ ਜੋਮੈਟੇ ਦੇ ਕਸਟਮਰ ਕੇਅਰ ਨਾਲ ਗੱਲ ਕਰਨ ਦੀ ਸਲਾਹ ਦਿੱਤੀ। ਵਿਸ਼ਣੂ ਨੇ ਡਿਲੀਵਰੀ ਬੁਆਏ ਦੇ ਕਹਿਣ 'ਤੇ ਗੂਗਲ 'ਤੇ ਜੋਮੈਟੇ ਕਸਟਮਰ ਕੇਅਰ ਦਾ ਨੰਬਰ ਸਰਚ ਕੀਤਾ। ਇਸ ਦੌਰਾਨ ਉਸ ਨੂੰ ਜਿਹੜਾ ਪਹਿਲਾ ਨੰਬਰ ਵਿਖਾਈ ਦਿੱਤਾ ਉਸ 'ਤੇ ਫ਼ੋਨ ਕੀਤਾ।
Online fraud
ਵਿਸ਼ਣੂ ਦੇ ਕਾਲ ਕਰਨ ਤੋਂ ਬਾਅਦ ਉਸ ਨੂੰ ਦੂਜੇ ਪਾਸਿਉਂ ਫ਼ੋਨ ਆਇਆ, ਜਿਸ ਨੇ ਖੁਦ ਨੂੰ ਜੋਮੈਟੋ ਕਸਟਮਰ ਕੇਅਰ ਐਗਜ਼ੀਕਿਊਟਿਵ ਦੱਸਦਿਆਂ ਕਿਹਾ ਕਿ ਰਿਫੰਡ ਦੀ ਪ੍ਰਕਿਰਿਆ ਸ਼ੁਰੂ ਹੋਣ 'ਤੇ ਤੁਹਾਡੇ ਖਾਤੇ 'ਚੋਂ 10 ਰੁਪਏ ਕੱਟਣਗੇ। ਕਾਲਰ ਨੇ ਵਿਸ਼ਣੂ ਨੂੰ ਇਕ ਲਿੰਕ ਭੇਜਿਆ ਅਤੇ ਵਿਸ਼ਣੂ ਨੂੰ 10 ਰੁਪਏ ਜਮਾਂ ਕਰਨ ਲਈ ਕਿਹਾ। ਬਗੈਰ ਲਿੰਕ ਨੂੰ ਪੜ੍ਹੇ ਵਿਸ਼ਣੂ ਨੇ ਲਿੰਕ 'ਤੇ ਕਲਿਕ ਕੀਤਾ ਅਤੇ 10 ਰੁਪਏ ਜਮਾਂ ਕਰਵਾ ਦਿੱਤੇ। ਕੁਝ ਦੇਰ ਬਾਅਦ ਹੀ ਕਈ ਸਾਰੇ ਟਰਾਂਜੈਕਸ਼ਨ ਹੋਏ ਅਤੇ ਖਾਤੇ 'ਚੋਂ 77 ਹਜ਼ਾਰ ਰੁਪਏ ਕੱਢ ਲਏ ਗਏ। ਇਸ ਤੋਂ ਬਾਅਦ ਵਿਸ਼ਣੂ ਦੇ ਖਾਤੇ 'ਚ ਇਕ ਵੀ ਰੁਪਇਆ ਨਹੀਂ ਬਚਿਆ। ਇਹ ਸਾਰੇ ਟਰਾਂਜੈਕਸ਼ਨ ਪੇਈਟੀਐਮ ਰਾਹੀਂ ਕੀਤੇ ਗਏ।