
ਕਿਹਾ, ਮਾਵਾਂ-ਭੈਣਾਂ ਜਾਗਰੂਕ ਅਤੇ ਇਕਜੁਟ ਹੋ ਗਏ ਹੋ, ਦੇਸ਼ ਦੀਆਂ ਇਹ ਸਾਰੀਆਂ ਸਿਆਸੀ ਪਾਰਟੀਆਂ ਤੁਹਾਡੇ ਤੋਂ ਡਰਦੀਆਂ ਹਨ
ਵਾਰਾਣਸੀ (ਯੂ.ਪੀ.): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਨਾਰੀ ਸ਼ਕਤੀ ਵੰਦਨ ਐਕਟ’ ਪਾਸ ਕਰਨ ਦਾ ਸਿਹਰਾ ਔਰਤਾਂ ਨੂੰ ਦਿੰਦੇ ਹੋਏ ਕਿਹਾ ਕਿ ਅਸੀਂ ਹਰ ਦੌਰ ਵਿਚ ਮਹਿਲਾ ਲੀਡਰਸ਼ਿਪ ਦੀ ਸ਼ਕਤੀ ਨੂੰ ਸਾਬਤ ਕੀਤਾ ਹੈ। ਪਿੱਛੇ ਜਿਹੇ ’ਚ ਸੰਸਦ ਅੰਦਰ ਸੰਵਿਧਾਨ (128ਵੀਂ ਸੋਧ) ਬਿਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਸ਼ਨਿਚਰਵਾਰ ਨੂੰ ਇਥੇ ਸੰਪੂਰਨਾਨੰਦ ਸੰਸਕ੍ਰਿਤ ਯੂਨੀਵਰਸਿਟੀ ਦੇ ਮੈਦਾਨ ’ਚ ‘ਨਾਰੀ ਸ਼ਕਤੀ ਵੰਦਨ ਸਮਾਗਮ’ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ‘ਔਰਤਾਂ ਦੀ ਅਗਵਾਈ ਬਾਕੀ ਦੁਨੀਆਂ ਲਈ ਇਕ ਆਧੁਨਿਕ ਪ੍ਰਬੰਧ ਹੋ ਸਕਦਾ ਹੈ, ਪਰ ਅਸੀਂ ਤਾਂ ਉਹ ਲੋਕ ਹਾਂ ਜੋ ਮਹਾਦੇਵ ਤੋਂ ਪਹਿਲਾਂ ਮਾਂ ਪਾਰਵਤੀ ਅਤੇ ਗੰਗਾ ਦੀ ਪੂਜਾ ਕਰਦੇ ਹਾਂ।’
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਸਾਡੀ ਇਹ ਕਾਸ਼ੀ ਰਾਣੀ ਲਕਸ਼ਮੀਬਾਈ ਵਰਗੀ ਬਹਾਦਰ ਔਰਤ ਦੀ ਜਨਮ ਭੂਮੀ ਵੀ ਹੈ। ਸੁਤੰਤਰਤਾ ਸੰਗਰਾਮ ’ਚ ਰਾਣੀ ਲਕਸ਼ਮੀ ਬਾਈ ਵਰਗੀ ਬਹਾਦਰ ਔਰਤ ਤੋਂ ਲੈ ਕੇ ਆਧੁਨਿਕ ਭਾਰਤ ’ਚ ਮਿਸ਼ਨ ਚੰਦਰਯਾਨ ਤਕ, ਅਸੀਂ ਹਰ ਦੌਰ ’ਚ ਔਰਤ ਲੀਡਰਸ਼ਿਪ ਦੀ ਤਾਕਤ ਨੂੰ ਸਾਬਤ ਕੀਤਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਰੀ ਸ਼ਕਤੀ ਵੰਦਨ ਐਕਟ ਇਕ ਦੂਰਦਰਸ਼ੀ ਕਾਨੂੰਨ ਹੈ। ਇਸ ਦੀ ਤਾਕਤ ਉਦੋਂ ਹੋਰ ਵਧੇਗੀ ਜਦੋਂ ਸਮਾਜ ਤੋਂ ਲੈ ਕੇ ਪਰਿਵਾਰ ਤਕ ਹਰ ਪੱਧਰ ’ਤੇ ਔਰਤਾਂ ਲਈ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਸਮਾਜ ਦੀ ਸਿਰਜਣਾ ਕਰਨੀ ਹੈ, ਜਿਸ ’ਚ ਔਰਤਾਂ ਨੂੰ ਅੱਗੇ ਵਧਣ ਲਈ ਕਿਸੇ ਦੀ ਮਦਦ ਦੀ ਲੋੜ ਨਾ ਪਵੇ। ਇਸ ਦੇ ਲਈ ਕਾਨੂੰਨੀ ਉਪਰਾਲੇ ਵੀ ਜ਼ਰੂਰੀ ਹਨ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨਾ ਵੀ ਜ਼ਰੂਰੀ ਹੈ।
ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਚਰਚਾ ਕੀਤੇ ਬਿਨਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਮਾਵਾਂ-ਭੈਣਾਂ ਦੀ ਸ਼ਕਤੀ ਮੇਰੀ ਸਭ ਤੋਂ ਵੱਡੀ ਸੁਰੱਖਿਆ ਢਾਲ ਹੈ। ਤੁਹਾਡਾ ਆਸ਼ੀਰਵਾਦ ਮੇਰੀ ਸਭ ਤੋਂ ਵੱਡੀ ਊਰਜਾ ਹੈ।’’ ਬਿਲ ਪਾਸ ਹੋਣ ਦਾ ਸਿਹਰਾ ਔਰਤਾਂ ਨੂੰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ‘‘ਕਿਉਂਕਿ ਤੁਸੀਂ ਮਾਵਾਂ-ਭੈਣਾਂ ਜਾਗਰੂਕ ਅਤੇ ਇਕਜੁਟ ਹੋ ਗਏ ਹੋ, ਦੇਸ਼ ਦੀਆਂ ਇਹ ਸਾਰੀਆਂ ਸਿਆਸੀ ਪਾਰਟੀਆਂ ਤੁਹਾਡੇ ਤੋਂ ਡਰਦੀਆਂ ਹਨ ਅਤੇ ਕੰਬ ਰਹੀਆਂ ਹਨ, ਇਸੇ ਲਈ ਇਹ ਬਿਲ ਪਾਸ ਕੀਤਾ ਗਿਆ ਹੈ। ਇਹ ਤੁਹਾਡੀ ਤਾਕਤ ਹੈ।’’
ਉਨ੍ਹਾਂ ਸੰਭਾਵਨਾ ਜ਼ਾਹਰ ਕਰਦਿਆਂ ਕਿਹਾ, ‘‘ਇਹ ਕਾਨੂੰਨ ਦੇਸ਼ ਦੀਆਂ ਔਰਤਾਂ ਦੇ ਵਿਕਾਸ ਲਈ ਨਵੇਂ ਰਾਹ ਖੋਲ੍ਹੇਗਾ। ਲੋਕ ਸਭਾ ਅਤੇ ਵਿਧਾਨ ਸਭਾ ’ਚ ਔਰਤਾਂ ਦੀ ਮੌਜੂਦਗੀ ਵਧੇਗੀ। ਇਸ ਪ੍ਰਾਪਤੀ ਲਈ ਮੈਂ ਤੁਹਾਨੂੰ ਅਤੇ ਦੇਸ਼ ਦੀਆਂ ਮਾਵਾਂ-ਭੈਣਾਂ ਨੂੰ ਕਾਸ਼ੀ ਦੀ ਪਵਿੱਤਰ ਧਰਤੀ ਤੋਂ ਵਧਾਈ ਦਿੰਦਾ ਹਾਂ।’’ ਮੋਦੀ ਨੇ ਕਿਹਾ ਕਿ ਪਿਛਲੇ ਨੌਂ ਸਾਲਾਂ ’ਚ ਅਸੀਂ ਔਰਤਾਂ ਦੇ ਪੂਰੇ ਜੀਵਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਕੇਂਦਰ ’ਚ ਰੱਖ ਕੇ ਕੰਮ ਕੀਤਾ ਹੈ। ਉਨ੍ਹਾਂ ਕਿਹਾ, ‘‘ਸਾਡੇ ਕੋਲ ਜਾਇਦਾਦ ਔਰਤਾਂ ਦੇ ਨਾਂ ’ਤੇ ਰੱਖਣ ਦੀ ਬਹੁਤ ਘੱਟ ਪਰੰਪਰਾ ਹੈ। ਕਾਰ, ਜ਼ਮੀਨ, ਦੁਕਾਨ ਸਭ ਕੁਝ ਮਰਦਾਂ ਦੇ ਨਾਂ ’ਤੇ ਖਰੀਦਿਆ ਗਿਆ ਪਰ ਮੋਦੀ ਨੇ ਆ ਕੇ ਮਾਂਵਾਂ, ਭੈਣਾਂ, ਧੀਆਂ ਦੇ ਨਾਂ ’ਤੇ ਜਾਇਦਾਦ ਦੀ ਪਰੰਪਰਾ ਸ਼ੁਰੂ ਕਰ ਦਿਤੀ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ’ਚ ਔਰਤਾਂ ਦੇ ਨਾਂ ’ਤੇ ਮਕਾਨ ਦੇਣ ਦਾ ਵੀ ਪ੍ਰਬੰਧ ਕੀਤਾ ਹੈ। ਇਸੇ ਕਾਰਨ ਅੱਜ ਕਾਸ਼ੀ ’ਚ ਹਜ਼ਾਰਾਂ ਔਰਤਾਂ ਦੇ ਨਾਂ ’ਤੇ ਮਕਾਨਾਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ। ਇਸ ਨਾਲ ਪਰਿਵਾਰ ਅਤੇ ਸਮਾਜ ਵਿਚ ਵੀ ਉਨ੍ਹਾਂ ਦੀ ਮਹੱਤਤਾ ਵਧ ਗਈ ਹੈ।’’
‘ਮਾਵਾਂ ਦੀ ਪੂਜਾ ਨਹੀਂ ਕਰਾਂਗੇ ਤਾਂ ਹੋਰ ਕੀ ਕਰਾਂਗੇ?’
ਵਿਰੋਧੀ ਪਾਰਟੀਆਂ ਖਾਸ ਕਰਕੇ ਕਾਂਗਰਸ ’ਤੇ ਹਮਲਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ‘‘ਇਸ ਕਾਨੂੰਨ ਨੂੰ ਨਾਰੀ ਸ਼ਕਤੀ ਵੰਦਨ ਐਕਟ ਦਾ ਨਾਂ ਦਿਤਾ ਗਿਆ ਹੈ। ਉਂਜ, ਕੁਝ ਲੋਕਾਂ ਨੂੰ ‘ਵੰਦਨ’ ਸ਼ਬਦ ਨਾਲ ਸਮੱਸਿਆ ਹੈ, ਹੁਣ ਮਾਵਾਂ ਦੀ ਪੂਜਾ ਨਹੀਂ ਕਰਾਂਗੇ ਤਾਂ ਕੀ ਕਰਾਂਗੇ?’’
ਕਾਂਗਰਸ ਸੰਸਦ ਰੰਜੀਤਾ ਰੰਜਨ ਨੇ ਵੀਰਵਾਰ ਨੂੰ ਸਦਨ ’ਚ ਬਿਲ ’ਤੇ ਚਰਚਾ ਕਰਦੇ ਹੋਏ ਇਸ ਦੇ ਨਾਂ ‘ਨਾਰੀ ਸ਼ਕਤੀ ਵੰਦਨ ਐਕਟ’ ’ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਬਰਾਬਰੀ ਔਰਤਾਂ ਦਾ ਸੰਵਿਧਾਨਕ ਅਧਿਕਾਰ ਹੈ ਅਤੇ ਇਸ ਨੂੰ ਦੈਵਿਕ ਜਾਂ ਪੂਜਾ ਨਾਲ ਜੋੜਨਾ ਠੀਕ ਨਹੀਂ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਵਿਅੰਗ ਕਰਦੇ ਹੋਏ ਕਿਹਾ, ‘‘ਇਹ ਲੋਕ ਨਹੀਂ ਸਮਝਦੇ ਕਿ ਔਰਤਾਂ ਦੀ ਪੂਜਾ ਅਤੇ ਸਨਮਾਨ ਕਰਨ ਦਾ ਕੀ ਮਤਲਬ ਹੈ ਪਰ ਸਾਨੂੰ ਅਜਿਹੀ ਨਕਾਰਾਤਮਕ ਸੋਚ ਤੋਂ ਬਚ ਕੇ ਅਪਣੇ ਟੀਚੇ ਵਲ ਵਧਣਾ ਹੋਵੇਗਾ।’’