ਦੀਵਾਲੀ ਦੌਰਾਨ ਐਤਵਾਰ ਦੁਪਹਿਰ ਤੋਂ 26 ਅਕਤੂਬਰ ਤੱਕ ਤਿੰਨ ਦਿਨਾਂ ਲਈ ਯਾਤਰਾ ਰੋਕ ਦਿੱਤੀ ਜਾਵੇਗੀ।
ਹੈਦਰਾਬਾਦ - ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿਚ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਕਰਨਾਟਕ ਪੜਾਅ ਪੂਰਾ ਕਰਨ ਤੋਂ ਬਾਅਦ ਐਤਵਾਰ ਨੂੰ ਤੇਲੰਗਾਨਾ ਵਿਚ ਦਾਖ਼ਲ ਹੋ ਗਈ। ਜਿਵੇਂ ਹੀ ਯਾਤਰਾ ਰਾਜ ਵਿਚ ਦਾਖਲ ਹੋਈ, ਗਾਂਧੀ ਦਾ ਤੇਲੰਗਾਨਾ-ਕਰਨਾਟਕ ਸਰਹੱਦ 'ਤੇ ਕਾਂਗਰਸ ਦੀ ਤੇਲੰਗਾਨਾ ਇਕਾਈ ਦੇ ਨੇਤਾਵਾਂ ਦੁਆਰਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਰਾਹੁਲ ਗਾਂਧੀ ਦਾ ਲੋਕ ਸਭਾ ਮੈਂਬਰ ਅਤੇ ਤੇਲੰਗਾਨਾ ਵਿਚ ਪਾਰਟੀ ਮਾਮਲਿਆਂ ਦੇ ਇੰਚਾਰਜ ਮਾਨਿਕਮ ਟੈਗੋਰ, ਪ੍ਰਦੇਸ਼ ਕਾਂਗਰਸ ਪ੍ਰਧਾਨ ਏ ਰੇਵੰਤ ਰੈਡੀ ਅਤੇ ਪਾਰਟੀ ਦੇ ਕਈ ਨੇਤਾਵਾਂ ਨੇ ਸਵਾਗਤ ਕੀਤਾ। ਯਾਤਰਾ ਦੇ ਤੇਲੰਗਾਨਾ ਵਿਚ ਦਾਖ਼ਲ ਹੁੰਦੇ ਹੀ ਕ੍ਰਿਸ਼ਨਾ ਨਦੀ ਉੱਤੇ ਬਣੇ ਪੁਲ ’ਤੇ ਸੈਂਕੜੇ ਮਜ਼ਦੂਰ ਮੌਜੂਦ ਸਨ।
ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਵਾਇਨਾਡ ਤੋਂ ਸਾਂਸਦ ਗਾਂਧੀ ਨੇ ਤੇਲੰਗਾਨਾ ਵਿਚ ਥੋੜ੍ਹੀ ਜਿਹੀ ਸੈਰ ਕੀਤੀ ਅਤੇ ਫਿਰ ਰਾਜ ਦੇ ਨਰਾਇਣਪੇਟ ਜ਼ਿਲ੍ਹੇ ਦੇ ਗੁਡੇਬੇਲੁਰ ਵਿਚ ਰੁਕੇ। ਬਾਅਦ ਵਿਚ ਗਾਂਧੀ ਹੈਲੀਕਾਪਟਰ ਰਾਹੀਂ ਹੈਦਰਾਬਾਦ ਲਈ ਰਵਾਨਾ ਹੋਏ ਅਤੇ ਉਹ ਦਿੱਲੀ ਲਈ ਉਡਾਣ ਭਰਨਗੇ।
ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ (ਟੀ.ਪੀ.ਸੀ.ਸੀ.) ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਬਿਆਨ ਵਿਚ ਕਿਹਾ ਕਿ ਦੀਵਾਲੀ ਦੌਰਾਨ ਐਤਵਾਰ ਦੁਪਹਿਰ ਤੋਂ 26 ਅਕਤੂਬਰ ਤੱਕ ਤਿੰਨ ਦਿਨਾਂ ਲਈ ਯਾਤਰਾ ਰੋਕ ਦਿੱਤੀ ਜਾਵੇਗੀ। ਇਸ ਤੋਂ ਬਾਅਦ 27 ਅਕਤੂਬਰ ਦੀ ਸਵੇਰ ਨੂੰ ਗੁਡੇਬੇਲੂਰ ਤੋਂ ਯਾਤਰਾ ਮੁੜ ਸ਼ੁਰੂ ਹੋਵੇਗੀ। ਇਹ ਯਾਤਰਾ 7 ਨਵੰਬਰ ਨੂੰ ਮਹਾਰਾਸ਼ਟਰ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਮਕਥਲ ਪਹੁੰਚੇਗੀ। ਤੇਲੰਗਾਨਾ ਵਿਚ ਇਹ ਯਾਤਰਾ 16 ਦਿਨਾਂ ਤੱਕ ਚੱਲੇਗੀ। ਇਸ ਦੌਰਾਨ ਇਹ ਯਾਤਰਾ 19 ਵਿਧਾਨ ਸਭਾ ਅਤੇ ਸੱਤ ਸੰਸਦੀ ਹਲਕਿਆਂ ਵਿਚੋਂ ਦੀ ਲੰਘੇਗੀ ਅਤੇ 375 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।
ਰਾਹੁਲ ਗਾਂਧੀ ਹਰ ਰੋਜ਼ 20-25 ਕਿਲੋਮੀਟਰ ਦੀ 'ਪਦਯਾਤਰਾ' ਕਰਨਗੇ ਜਿਸ ਦੌਰਾਨ ਉਹ ਲੋਕਾਂ ਨਾਲ ਗੱਲਬਾਤ ਕਰਨਗੇ। ਉਹ ਬੁੱਧੀਜੀਵੀਆਂ, ਵੱਖ-ਵੱਖ ਭਾਈਚਾਰਿਆਂ ਦੇ ਆਗੂਆਂ, ਸਿਆਸਤਦਾਨਾਂ, ਖੇਡਾਂ, ਕਾਰੋਬਾਰੀ ਅਤੇ ਸਿਨੇਮਾ ਜਗਤ ਦੀਆਂ ਹਸਤੀਆਂ ਨਾਲ ਮੁਲਾਕਾਤ ਕਰਨਗੇ। TPCC ਨੇ ਦੱਸਿਆ ਕਿ ਰਾਹੁਲ ਗਾਂਧੀ ਤੇਲੰਗਾਨਾ ਦੇ ਕੁੱਝ ਪ੍ਰਾਰਥਨਾ ਹਾਲਾਂ, ਮਸਜਿਦਾਂ ਅਤੇ ਮੰਦਰਾਂ ਦਾ ਦੌਰਾ ਕਰਨਗੇ। ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਅੰਤਰ-ਧਾਰਮਿਕ ਅਰਦਾਸ ਵੀ ਕੀਤੀ ਜਾਵੇਗੀ।
'ਭਾਰਤ ਜੋੜੋ ਯਾਤਰਾ' 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ। ਤੇਲੰਗਾਨਾ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ, ਗਾਂਧੀ ਨੇ ਕੇਰਲ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿਚ ਇੱਕ ਪਦਯਾਤਰਾ ਕੀਤੀ ਸੀ।