
ਰੇਲਵੇ ਵਿਚ ਸਨ ਦੋਵੇਂ ਮੁਲਾਜ਼ਮ
ਪਲਵਲ: ਹਰਿਆਣਾ ਦੇ ਪਲਵਲ 'ਚ ਨੈਸ਼ਨਲ ਹਾਈਵੇ-19 'ਤੇ ਅਲਹਾਪੁਰ ਫਲਾਈਓਵਰ ਨੇੜੇ ਇੱਟਾਂ ਨਾਲ ਭਰੀ ਇਕ ਟਰੈਕਟਰ-ਟਰਾਲੀ ਨਾਲ ਕਾਰ ਟਕਰਾ ਗਈ। ਹਾਦਸੇ ਵਿਚ ਕਾਰ ਵਿਚ ਸਵਾਰ ਦੋ ਐਲਐਨਟੀ ਰੇਲਵੇ ਮੁਲਾਜ਼ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਟਰੈਕਟਰ ਦੇ ਅਚਾਨਕ ਬ੍ਰੇਕ ਲੱਗਣ ਕਾਰਨ ਵਾਪਰਿਆ ਅਤੇ ਕਾਰ ਸਵਾਰਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਦੋਵਾਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿਤੀਆਂ ਗਈਆਂ ਹਨ। ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਨਹਿਰ 'ਚ ਡਿੱਗੇ ਫੋਨ ਨੂੰ ਕੱਢਣ ਲਈ ਮਾਰੀ ਛਾਲ, ਡੁੱਬਣ ਨਾਲ ਹੋਈ ਮੌਤ
ਪਲਵਲ ਸਿਟੀ ਥਾਣਾ ਇੰਚਾਰਜ ਰਵਿੰਦਰ ਕੁਮਾਰ ਅਨੁਸਾਰ ਅਸਾਵਤੀ ਪਿੰਡ ਦੇ ਰਹਿਣ ਵਾਲੇ ਰਾਜੇਸ਼ ਰਾਵਤ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਉਹ ਅਤੇ ਉਸ ਦਾ ਛੋਟਾ ਭਰਾ ਜਤਿੰਦਰ ਅਤੇ ਜਤਿੰਦਰ ਦਾ ਦੋਸਤ ਨਿਤਿਨ ਗੋਰੀਲਾ ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਆਏ ਸਨ। ਜਤਿੰਦਰ ਐਲਐਨਟੀ ਰੇਲਵੇ ਵਿੱਚ ਇੱਕ ਪ੍ਰਾਈਵੇਟ ਕਰਮਚਾਰੀ ਵਜੋਂ ਕੰਮ ਕਰਦਾ ਹੈ ਅਤੇ ਨਿਤਿਨ ਵੀ ਉਸਦੇ ਨਾਲ ਕੰਮ ਕਰਦਾ ਹੈ। ਦੋਵੇਂ ਦੋਸਤ ਸਨ।
ਇਹ ਵੀ ਪੜ੍ਹੋ: ਮੁਹਾਲੀ 'ਚ ਉਧਾਰ ਦਿਤੇ 1000 ਰੁਪਏ ਵਾਪਸ ਕਰਨ 'ਤੇ ਦੋਸਤ ਨੇ ਨੌਜਵਾਨ ਦਾ ਕੀਤਾ ਕਤਲ
ਦੇਰ ਰਾਤ ਕਰੀਬ 2-2.30 ਵਜੇ ਉਹ ਬਾਈਕ ਅਤੇ ਜਤਿੰਦਰ ਅਤੇ ਨਿਤਿਨ ਕਾਰ ਰਾਹੀਂ ਅਸਾਵਤੀ ਪਿੰਡ ਲਈ ਰਵਾਨਾ ਹੋਏ। ਕਾਰ ਅਲਹਾਪੁਰ ਫਲਾਈਓਵਰ ਤੋਂ ਹੇਠਾਂ ਉਤਰ ਰਹੀ ਸੀ, ਜਦੋਂ ਅੱਗੇ ਜਾ ਰਹੇ ਇੱਟਾਂ ਨਾਲ ਲੱਦੀ ਟਰੈਕਟਰ-ਟਰਾਲੀ ਦੇ ਡਰਾਈਵਰ ਨੇ ਹਾਈਵੇਅ 'ਤੇ ਅਚਾਨਕ ਬ੍ਰੇਕਾਂ ਲਗਾ ਦਿੱਤੀਆਂ। ਇਸ ਕਾਰਨ ਕਾਰ ਚਲਾ ਰਿਹਾ ਨਿਤਿਨ ਕਾਰ 'ਤੇ ਕਾਬੂ ਨਾ ਰੱਖ ਸਕਿਆ ਅਤੇ ਕਾਰ ਸਿੱਧੀ ਇੱਟਾਂ ਨਾਲ ਭਰੀ ਟਰਾਲੀ ਦੇ ਹੇਠਾਂ ਜਾ ਵੱਜੀ। ਰਾਹਗੀਰਾਂ ਦੀ ਮਦਦ ਨਾਲ ਦੋਵਾਂ ਨੂੰ ਕਾਰ 'ਚੋਂ ਬਾਹਰ ਕੱਢਿਆ ਗਿਆ। ਇਸ ਦੌਰਾਨ ਟਰੈਕਟਰ ਚਾਲਕ ਟਰਾਲੀ ਉੱਥੇ ਹੀ ਛੱਡ ਕੇ ਟਰੈਕਟਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।
ਹਾਦਸੇ ਦੀ ਸੂਚਨਾ 112 ਨੰਬਰ 'ਤੇ ਪੁਲਿਸ ਨੂੰ ਦਿਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਅਤੇ ਐਂਬੂਲੈਂਸ ਨੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ। ਹਾਦਸੇ 'ਚ ਜ਼ਖ਼ਮੀ ਜਤਿੰਦਰ ਅਤੇ ਨਿਤਿਨ ਦੋਵਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਮ੍ਰਿਤਕ ਜਤਿੰਦਰ ਦੇ ਵੱਡੇ ਭਰਾ ਰਾਜੇਸ਼ ਰਾਵਤ ਦੀ ਸ਼ਿਕਾਇਤ ’ਤੇ ਟਰੈਕਟਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।