
ਧੂੜ ਨੂੰ ਦਬਾਉਣ ਵਾਲੇ ਪਾਊਡਰ ਦੀ ਵਰਤੋਂ ਕੀਤੀ ਜਾਵੇਗੀ: ਵਾਤਾਵਰਣ ਮੰਤਰੀ
ਨਵੀਂ ਦਿੱਲੀ: ਦਿੱਲੀ ’ਚ ਹਵਾ ਦੀ ਕੁਆਲਿਟੀ ’ਚ ਸੋਮਵਾਰ ਨੂੰ ਮਾਮੂਲੀ ਸੁਧਾਰ ਹੋਇਆ ਅਤੇ ਇਸ ਨੂੰ ‘ਖ਼ਰਾਬ’ ਸ਼੍ਰੇਣੀ ’ਚ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਦਾ ਵੱਧ ਤੋਂ ਵੱਧ ਤਾਪਮਾਨ 31.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਆਮ ਹੈ। ਰਾਜਧਾਨੀ ਦਾ 24 ਘੰਟੇ ਦਾ ਔਸਤ ਏਅਰ ਕੁਆਲਿਟੀ ਇੰਡੈਕਸ (AQI ) ਐਤਵਾਰ ਨੂੰ 313 ’ਤੇ ਪਹੁੰਚ ਗਿਆ, ਜੋ ਸ਼ਨਿਚਰਵਾਰ ਨੂੰ 248 ਸੀ। ਦਿੱਲੀ ’ਚ ਹਵਾ ਦੀ ਕੁਆਲਿਟੀ 17 ਮਈ ਨੂੰ ‘ਬਹੁਤ ਖਰਾਬ’ ਵਜੋਂ ਦਰਜ ਕੀਤੀ ਗਈ ਸੀ ਜਦੋਂ AQI 336 ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਨੇ ਕਿਹਾ ਕਿ ਸੋਮਵਾਰ ਨੂੰ 24 ਘੰਟਿਆਂ ਦਾ ਔਸਤ AQI 263 ਸੀ ਜਦੋਂ ਕਿ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 17.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਇਸ ਮੌਸਮ ਦਾ ਆਮ ਤਾਪਮਾਨ ਹੈ। ਨਮੀ ਦਾ ਪੱਧਰ 44 ਫ਼ੀ ਸਦੀ ਤੋਂ 94 ਫ਼ੀ ਸਦੀ ਦੇ ਵਿਚਕਾਰ ਸੀ।
ਉਧਰ ਅੱਜ ਦਿਨ ਸਮੇਂ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿਚ ਮੌਜੂਦਾ 13 ਸਭ ਤੋਂ ਵੱਧ ਪ੍ਰਦੂਸ਼ਿਤ ਖੇਤਰਾਂ ਤੋਂ ਇਲਾਵਾ ਅੱਠ ਹੋਰ ਅਜਿਹੇ ਖੇਤਰਾਂ ਦੀ ਪਛਾਣ ਕੀਤੀ ਹੈ ਅਤੇ ਪ੍ਰਦੂਸ਼ਣ ਦੇ ਸਰੋਤਾਂ ਨੂੰ ਰੋਕਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਰਾਸ਼ਟਰੀ ਰਾਜਧਾਨੀ ਵਿੱਚ ਪ੍ਰਦੂਸ਼ਣ ਘਟਾਉਣ ਦੇ ਉਪਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ 28 ਵਿਭਾਗਾਂ ਨਾਲ ਮੀਟਿੰਗ ਤੋਂ ਬਾਅਦ ਬੋਲਦਿਆਂ, ਰਾਏ ਨੇ ਕਿਹਾ ਕਿ ਸਰਕਾਰ ਨੇ ਧੂੜ ਪ੍ਰਦੂਸ਼ਣ ਨੂੰ ਰੋਕਣ ਲਈ ਧੂੜ ਦਬਾਉਣ ਵਾਲੇ ਪਾਊਡਰ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ।
ਸਿਫ਼ਰ ਅਤੇ 50 ਦੇ ਵਿਚਕਾਰ AQI ‘ਚੰਗਾ’ ਮੰਨਿਆ ਜਾਂਦਾ ਹੈ, 51 ਤੋਂ 100 ‘ਤਸੱਲੀਬਖਸ਼’, 101 ਤੋਂ 200 ਵਿਚਕਾਰ ‘ਦਰਮਿਆਨਾ’ ਹੈ, 201 ਤੋਂ 300 ‘ਖ਼ਰਾਬ’ ਹੁੰਦਾ ਹੈ। 301 ਤੋਂ 400 ‘ਬਹੁਤ ਖ਼ਰਾਬ’ ਅਤੇ 401 ਤੋਂ 500 ‘ਗੰਭੀਰ’ ਮੰਨਿਆ ਜਾਂਦਾ ਹੈ। ਅੰਦਾਜ਼ੇ ਮੁਤਾਬਕ ਮੰਗਲਵਾਰ ਅਤੇ ਬੁਧਵਾਰ ਨੂੰ ਹਵਾ ਦਾ ਮਿਆਰ ‘ਬਹੁਤ ਖਰਾਬ’ ਸ਼੍ਰੇਣੀ ’ਚ ਰਹਿ ਸਕਦਾ ਹੈ। 26 ਅਕਤੂਬਰ ਨੂੰ ਵੀ ਹਵਾ ਦਾ ਮਿਆਰ ‘ਬਹੁਤ ਖਰਾਬ’ ਸ਼੍ਰੇਣੀ ’ਚ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਮੰਗਲਵਾਰ ਨੂੰ ਅਸਮਾਨ ਮੁੱਖ ਤੌਰ ’ਤੇ ਸਾਫ ਰਹੇਗਾ ਅਤੇ ਸਵੇਰੇ ਧੁੰਦ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 32 ਡਿਗਰੀ ਸੈਲਸੀਅਸ ਅਤੇ 17 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
ਸੀਨੀਅਰ ਅਧਿਕਾਰੀਆਂ ਦੇ ਮੀਟਿੰਗ ’ਚ ਨਾ ਆਉਣ ਤੋਂ ਨਾਰਾਜ਼ ਰਾਏ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ
ਦਿੱਲੀ ਵਿਚ ਪ੍ਰਦੂਸ਼ਣ ਕੰਟਰੋਲ ਉਪਾਵਾਂ ਦੀ ਸਮੀਖਿਆ ਕਰਨ ਲਈ ਬੁਲਾਈ ਗਈ ਮੀਟਿੰਗ ਵਿਚ ਸੋਮਵਾਰ ਨੂੰ ਸੀਨੀਅਰ ਅਧਿਕਾਰੀਆਂ ਦੀ ਗੈਰਹਾਜ਼ਰੀ ਤੋਂ ਨਾਰਾਜ਼ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਹਵਾ ਦੇ ਮੁੱਦੇ ਪ੍ਰਤੀ ਸੰਵੇਦਨਸ਼ੀਲ ਅਧਿਕਾਰੀਆਂ ਦੀ ਨਿਯੁਕਤੀ ਕਰਨ ਦੀ ਬੇਨਤੀ ਕੀਤੀ।
ਰਾਏ ਨੇ ਕਿਹਾ ਕਿ ਇਸ ਮੁੱਦੇ ਨੂੰ ਹੱਲ ਕਰਨ ਲਈ ਜਲਦੀ ਤੋਂ ਜਲਦੀ ਨੈਸ਼ਨਲ ਕੈਪੀਟਲ ਪਬਲਿਕ ਸਰਵਿਸ ਅਥਾਰਟੀ (ਐੱਨ.ਸੀ.ਸੀ.ਐੱਸ.ਏ.) ਦੀ ਮੀਟਿੰਗ ਬੁਲਾਈ ਜਾਣੀ ਚਾਹੀਦੀ ਹੈ। NCCSA ਤਬਾਦਲੇ, ਪੋਸਟਿੰਗ ਅਤੇ ਅਨੁਸ਼ਾਸਨੀ ਕਾਰਵਾਈ ਸਮੇਤ ਸੇਵਾ ਦੇ ਮਾਮਲਿਆਂ ’ਤੇ ਫੈਸਲਾ ਲੈਂਦਾ ਹੈ। ਅੱਜ ਸਬੰਧਤ ਵਿਭਾਗਾਂ ਨਾਲ ਹੋਈ ਮੀਟਿੰਗ ਤੋਂ ਬਾਅਦ ਰਾਏ ਨੇ ਅਫਸੋਸ ਜ਼ਾਹਰ ਕੀਤਾ ਕਿ ਕਈ ਵਿਭਾਗਾਂ ਦੇ ਮੁਖੀ ਮੀਟਿੰਗ ’ਚ ਸ਼ਾਮਲ ਨਹੀਂ ਹੋਏ ਅਤੇ ਹੋਰ ਸੀਨੀਅਰ ਅਧਿਕਾਰੀ ਉਨ੍ਹਾਂ ਦੇ ਵਿਭਾਗਾਂ ਵਲੋਂ ਵਿਗੜ ਰਹੀ ਹਵਾ ਦੀ ਕੁਆਲਿਟੀ ਅਤੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ਤੋਂ ਅਣਜਾਣ ਨਜ਼ਰ ਆਏ।