
ਸੁਪਰੀਮ ਕੋਰਟ ਦੇ ਚਿੰਨ੍ਹ ਅਤੇ ‘ਨਿਆਂ ਦੀ ਦੇਵੀ’ ਦੀ ਮੂਰਤੀ ’ਚ ਤਬਦੀਲੀਆਂ ਅਤੇ ਜੱਜਾਂ ਦੀ ਲਾਇਬ੍ਰੇਰੀ ’ਚ ਇਕ ਅਜਾਇਬ ਘਰ ਸਥਾਪਤ ਕਰਨ ਦੇ ਪ੍ਰਸਤਾਵ ਦਾ ਵਿਰੋਧ ਕੀਤਾ
ਨਵੀਂ ਦਿੱਲੀ : ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਨੇ ਬਾਰ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਸੁਪਰੀਮ ਕੋਰਟ ਵਲੋਂ ਹਾਲ ਹੀ ’ਚ ਕੀਤੇ ਗਏ ਇਕਪਾਸੜ ਬਦਲਾਵਾਂ ’ਤੇ ਚਿੰਤਾ ਜ਼ਾਹਰ ਕੀਤੀ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਪਿਛਲੇ ਦਿਨੀਂ ਇਸ ਦੇ ਚਿੰਨ੍ਹ ਅਤੇ ‘ਨਿਆਂ ਦੀ ਦੇਵੀ’ ਦੀ ਮੂਰਤੀ ’ਚ ਤਬਦੀਲੀਆਂ ਕੀਤੀਆਂ ਸਨ। ਕਮੇਟੀ ਇਸ ਗੱਲ ’ਤੇ ਜ਼ੋਰ ਦਿਤਾ ਹੈ ਕਿ ਉਹ ਨਿਆਂ ਦੇ ਪ੍ਰਸ਼ਾਸਨ ’ਚ ਬਰਾਬਰ ਦੀ ਹਿੱਸੇਦਾਰ ਹੈ ਪਰ ਇਨ੍ਹਾਂ ਤਬਦੀਲੀਆਂ ਬਾਰੇ ਉਸ ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ ਅਤੇ ਉਹ ਇਨ੍ਹਾਂ ਦੇ ਪਿੱਛੇ ਦੇ ਕਾਰਨਾਂ ਤੋਂ ਅਣਜਾਣ ਹਨ।
ਇਸ ਤੋਂ ਇਲਾਵਾ, ਕਮੇਟੀ ਨੇ ਸਾਬਕਾ ਜੱਜਾਂ ਦੀ ਲਾਇਬ੍ਰੇਰੀ ’ਚ ਇਕ ਅਜਾਇਬ ਘਰ ਸਥਾਪਤ ਕਰਨ ਦੇ ਪ੍ਰਸਤਾਵ ਦਾ ਵਿਰੋਧ ਵੀ ਕੀਤਾ ਹੈ। ਉਨ੍ਹਾਂ ਨੇ ਮੌਜੂਦਾ ਕੈਫੇਟੇਰੀਆ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਬਾਰ ਮੈਂਬਰਾਂ ਲਈ ਲਾਇਬ੍ਰੇਰੀ ਅਤੇ ਕੈਫੇ ਕਮ ਲਾਊਂਜ ਦੀ ਬੇਨਤੀ ਕੀਤੀ ਸੀ। ਉਨ੍ਹਾਂ ਦੇ ਇਤਰਾਜ਼ਾਂ ਦੇ ਬਾਵਜੂਦ ਮਿਊਜ਼ੀਅਮ ਦਾ ਕੰਮ ਸ਼ੁਰੂ ਹੋ ਗਿਆ ਹੈ। ਕਮੇਟੀ ਸਰਬਸੰਮਤੀ ਨਾਲ ਅਜਾਇਬ ਘਰ ਦਾ ਵਿਰੋਧ ਕਰਦੀ ਹੈ ਅਤੇ ਮੈਂਬਰਾਂ ਲਈ ਲਾਇਬ੍ਰੇਰੀ ਅਤੇ ਕੈਫੇ ਕਮ ਲਾਊਂਜ ਦੀ ਅਪਣੀ ਮੰਗ ਨੂੰ ਦੁਹਰਾਉਂਦੀ ਹੈ।
ਕਮੇਟੀ ਨੇ ਇਸ ਬਾਰੇ ਇਕ ਮਤਾ ਵੀ ਪਾਸ ਕੀਤਾ ਜਿਸ ’ਤੇ ਬਾਰੇ ਐਸੋਸੀਏਸ਼ਨ ਦੇ ਪ੍ਰਧਾਨ ਕਪਿਲ ਸਿੱਬਲ, ਉਪ ਪ੍ਰਧਾਨ ਰਚਨਾ ਸ੍ਰੀਵਾਸਤਵ, ਸਕੱਤਰ ਵਿਕਰਾਂਤ ਯਾਦਵ, ਸੰਯੁਕਤ ਸਕੱਤਰ ਡਾ. ਸੰਦੀਪ ਸਿੰਘ ਸਮੇਤ ਕਮੇਟੀ ਦੇ 21 ਅਹੁਦੇਦਾਰਾਂ ਦੇ ਨਾਂ ਸਨ।