
ਤਾਮਿਲਨਾਡੂ ਦੇ ਅਨਿਕਡੂ ਪਿੰਡ ਵਿਚ ਅਜਿਹੀ ਪਛੜੀ ਹੋਈ ਸੋਚ ਕਾਰਨ ਮਾਹਵਾਰੀ ਦੌਰਾਨ ਬੱਚੀ ਨੂੰ ਦਰਦਨਾਕ ਮੌਤ ਦਾ ਸਾਹਮਣਾ ਕਰਨਾ ਪੈ ਗਿਆ।
ਤਾਮਿਲਨਾਡੂ, ( ਭਾਸ਼ਾ ) : ਕਿਸ਼ੋਰ ਅਵਸਥਾ ਦੌਰਾਨ ਲੜਕੀਆਂ ਵਿਚ ਮਾਹਵਾਰੀ ਆਉਣਾ ਸਾਧਾਰਣ ਗੱਲ ਹੈ। ਪਰ ਰੂੜੀਵਾਦੀ ਸੋਚ ਕਾਰਨ ਅਜੇ ਵੀ ਕੁਝ ਲੋਕ ਇਸ ਪ੍ਰਤੀ ਅਪਣੀ ਸੋਚ ਬਦਲਣ ਨੂੰ ਤਿਆਰ ਨਹੀਂ ਹਨ। ਤਾਮਿਲਨਾਡੂ ਦੇ ਅਨਿਕਡੂ ਪਿੰਡ ਵਿਚ ਅਜਿਹੀ ਪਛੜੀ ਹੋਈ ਸੋਚ ਕਾਰਨ ਮਾਹਵਾਰੀ ਦੌਰਾਨ ਬੱਚੀ ਨੂੰ ਦਰਦਨਾਕ ਮੌਤ ਦਾ ਸਾਹਮਣਾ ਕਰਨਾ ਪੈ ਗਿਆ। ਮਾਹਵਾਰੀ ਦੌਰਾਨ ਅੱਜ ਵੀ ਭਾਰਤ ਦੇ ਕੁਝ ਹਿੱਸਿਆਂ ਵਿਚ ਔਰਤਾਂ ਨੂੰ ਘਰ ਤੋਂ ਬਾਹਰ ਵੱਖ ਰੱਖਿਆ ਜਾਂਦਾ ਹੈ। ਅਨਿਕਡੂ ਪਿੰਡ ਵਿਚ ਰਹਿਣ ਵਾਲੀ 12 ਸਾਲਾਂ ਦੀ ਬੱਚੀ ਵਿਜਯਾ ਨੂੰ ਪਹਿਲੀ ਵਾਰ ਮਾਹਵਾਰੀ ਹੋਈ
ਅਤੇ ਇਸ ਦੌਰਾਨ ਪਰਵਾਰ ਵਾਲਿਆਂ ਨੇ ਉਸ ਨੂੰ ਘਰ ਦੇ ਅੰਦਰ ਆਉਣ ਨਹੀਂ ਦਿਤਾ। ਅਪਣੇ ਘਰ ਦੇ ਕੋਲ ਬਣੀ ਹੋਈ ਇਕ ਛੋਟੀ ਜਿਹੀ ਝੌਂਪੜੀ ਵਿਚ ਉਸ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ। ਕਿਉਂਕਿ ਸਮਾਜ ਦੇ ਨਿਯਮਾਂ ਮੁਤਾਬਕ ਵਿਜਯਾ ਨੂੰ ਲਗਭਗ 16 ਦਿਨ ਤੱਕ ਉਸੇ ਝੌਂਪੜੇ ਵਿਚ ਰਹਿਣਾ ਸੀ। ਉਸ ਰਾਤ ਮੌਸਮ ਵਿਭਾਗ ਵੱਲੋਂ ਤੂਫਾਨ ਦੇ ਖਤਰੇ ਕਾਰਨ ਪਹਿਲਾਂ ਤੋ ਹੀ ਚਿਤਾਵਨੀ ਜਾਰੀ ਕੀਤੀ ਗਈ ਸੀ ਕਿ ਖਰਾਬ ਮੌਸਮ ਕਾਰਨ ਲੋਕ ਘਰ ਤੋਂ ਬਾਹਰ ਨਾ ਨਿਕਲਣ। ਉਸ ਰਾਤ ਤੇਜ ਹਵਾਵਾਂ ਚਲਣ ਲੱਗੀਆਂ।
ਅਜਿਹਾ ਹੋਣ ਦੇ ਬਾਵਜੂਦ ਵੀ ਲੜਕੀ ਨੂੰ ਉਸ ਦੇ ਪਰਵਾਰ ਵਾਲਿਆਂ ਨੇ ਝੌਂਪੜੇ ਵਿਚ ਇਕੱਲਾ ਛੱਡ ਦਿਤਾ। ਹਵਾ ਇੰਨੀ ਤੇਜ ਸੀ ਕਿ ਝੌਂਪੜੀ ਦੇ ਨੇੜੇ ਇਕ ਨਾਰੀਅਲ ਦਾ ਦਰਖਤ ਉਖੜ ਗਿਆ ਅਤੇ ਸਿੱਧੇ ਝੌਂਪੜੀ ਦੇ ਉਪਰ ਜਾ ਡਿੱਗਾ। ਵਿਜਯਾ ਚੁਪਚਾਪ ਉਸ ਝੌਂਪੜੀ ਵਿਚ ਸੁੱਤੀ ਪਈ ਸੀ। ਦਰਖ਼ਤ ਦੇ ਅਚਾਨਕ ਝੌਂਪੜੀ 'ਤੇ ਡਿੱਗ ਜਾਣ ਨਾਲ ਉਸ ਦੇ ਹੇਠਾਂ ਆ ਕੇ ਉਸ ਦੀ ਮੌਤ ਹੋ ਗਈ।
ਸਵੇਰ ਲੋਕਾਂ ਨੇ ਵਿਜਯਾ ਨੂੰ ਮ੍ਰਿਤ ਪਾਇਆ। ਉਸ ਦੀ ਕੋਈ ਗਲਤੀ ਨਹੀਂ ਸੀ ਫਿਰ ਵੀ ਜਾਗਰੁਕਤਾ ਦੀ ਕਮੀ ਅਤੇ ਤੰਗ ਮਾਨਸਿਕਤਾ ਕਾਰਨ ਇਸ ਮਾਸੂਮ ਬੱਚੀ ਨੂੰ ਅਪਣੀ ਜਾਨ ਗਵਾਉਣੀ ਪਈ। ਇਸ ਘਟਨਾ ਨੇ ਇਕ ਵਾਰ ਫਿਰ ਤੋਂ ਸਮਾਜ ਵਿਚ ਇਹ ਸਵਾਲ ਖੜਾ ਕਰ ਦਿਤਾ ਹੈ ਕਿ ਅਜਿਹੇ ਰੀਤੀ-ਰਿਵਾਜ ਕੀ ਕਿਸੇ ਦੀ ਜਿੰਦਗੀ ਤੋਂ ਵੱਧ ਨੇ?