
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਮੁੱਦਿਆਂ 'ਤੇ ਕੇਂਦਰ ਸਰਕਾਰ ਨੂੰ ਘੇਰਿਆ।
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ 'ਚ 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ ਕਰਦੇ ਹੋਏ ਸੱਤਾਧਾਰੀ ਭਾਰਤੀ ਜਨਤਾ ਪਾਰਟੀ 'ਤੇ ਤਿੱਖੇ ਹਮਲੇ ਕੀਤੇ। ਉਹਨਾਂ ਦੋਸ਼ ਲਗਾਇਆ ਕਿ ਭਾਜਪਾ ਪਹਿਲਾਂ ਨੌਜਵਾਨਾਂ, ਕਿਸਾਨਾਂ ਅਤੇ ਮਜ਼ਦੂਰਾਂ ਦੇ ਦਿਲਾਂ ਵਿਚ ਡਰ ਫੈਲਾਉਂਦੀ ਹੈ ਅਤੇ ਫਿਰ ਇਸ ਨੂੰ ਹਿੰਸਾ ਵਿਚ ਬਦਲ ਦਿੰਦੀ ਹੈ। ਰਾਹੁਲ ਦੀ ਅਗਵਾਈ ਵਾਲੀ 'ਭਾਰਤ ਜੋੜੋ ਯਾਤਰਾ' ਮਹਾਰਾਸ਼ਟਰ ਵਿਚੋਂ ਲੰਘਣ ਤੋਂ ਬਾਅਦ ਬੁਰਹਾਨਪੁਰ ਜ਼ਿਲ੍ਹੇ ਦੇ ਬੋਦਰਲੀ ਪਿੰਡ ਤੋਂ ਮੱਧ ਪ੍ਰਦੇਸ਼ ਵਿਚ ਦਾਖਲ ਹੋਈ, ਜਿਸ ਨੂੰ 'ਦੱਖਣ ਦੇ ਗੇਟਵੇ' ਵਜੋਂ ਜਾਣਿਆ ਜਾਂਦਾ ਹੈ।
ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ 'ਚ 12 ਦਿਨਾਂ ਦੀ ਯਾਤਰਾ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ, ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ, ਸਾਬਕਾ ਕੇਂਦਰੀ ਮੰਤਰੀ ਦਿਗਵਿਜੇ ਸਿੰਘ ਅਤੇ ਪਾਰਟੀ ਦੇ ਕਈ ਹੋਰ ਸੀਨੀਅਰ ਆਗੂ ਮੌਜੂਦ ਸਨ। ਰਾਹੁਲ ਨੇ ਦੱਸਿਆ ਕਿ ਉਹਨਾਂ ਦੀ ਯਾਤਰਾ ਦੇਸ਼ ਵਿਚ ਫੈਲਾਈ ਜਾ ਰਹੀ ਨਫ਼ਰਤ, ਹਿੰਸਾ ਅਤੇ ਡਰ ਦੇ ਖ਼ਿਲਾਫ਼ ਹੈ।
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਮੁੱਦਿਆਂ 'ਤੇ ਕੇਂਦਰ ਸਰਕਾਰ ਨੂੰ ਘੇਰਿਆ। ਉਹਨਾਂ ਕਿਹਾ, "ਭਾਜਪਾ ਪਹਿਲਾਂ ਨੌਜਵਾਨਾਂ, ਕਿਸਾਨਾਂ ਅਤੇ ਮਜ਼ਦੂਰਾਂ ਦੇ ਦਿਲਾਂ ਵਿਚ ਡਰ ਫੈਲਾਉਂਦੀ ਹੈ ਅਤੇ ਜਦੋਂ ਇਹ ਡਰ ਚੰਗੀ ਤਰ੍ਹਾਂ ਫੈਲ ਜਾਂਦਾ ਹੈ ਤਾਂ ਉਹ ਇਸ ਨੂੰ ਹਿੰਸਾ ਵਿਚ ਬਦਲ ਦਿੰਦੀ ਹੈ।" ਭਾਜਪਾ ਨੂੰ ਚੁਣੌਤੀ ਦਿੰਦੇ ਹੋਏ ਰਾਹੁਲ ਨੇ ਕਿਹਾ, ''ਅਸੀਂ ਕੰਨਿਆਕੁਮਾਰੀ ਤੋਂ 'ਭਾਰਤ ਜੋੜੋ ਯਾਤਰਾ' ਹੱਥ 'ਚ ਤਿਰੰਗਾ ਲੈ ਕੇ ਸ਼ੁਰੂ ਕੀਤੀ ਸੀ। ਇਸ ਤਿਰੰਗੇ ਨੂੰ ਸ੍ਰੀਨਗਰ ਤੱਕ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ”।
ਉਹਨਾਂ ਦਾਅਵਾ ਕੀਤਾ ਕਿ ਦੇਸ਼ ਦੀ ਸਨਅਤ, ਹਵਾਈ ਅੱਡੇ ਅਤੇ ਬੰਦਰਗਾਹਾਂ ਸਿਰਫ਼ ਤਿੰਨ-ਚਾਰ ਉਦਯੋਗਪਤੀਆਂ ਦੇ ਹੱਥਾਂ ਵਿਚ ਹਨ ਅਤੇ ਹੁਣ ਰੇਲਵੇ ਵੀ ਉਹਨਾਂ ਦੇ ਹੱਥਾਂ ਵਿਚ ਜਾਣ ਵਾਲਾ ਹੈ। ਰਾਹੁਲ ਨੇ ਕਿਹਾ, ''ਇਹ ਬੇਇਨਸਾਫ਼ੀ ਦਾ ਭਾਰਤ ਹੈ। ਸਾਨੂੰ ਅਜਿਹਾ ਭਾਰਤ ਨਹੀਂ ਚਾਹੀਦਾ। ਗਰੀਬ ਨਿਆਂ ਚਾਹੁੰਦੇ ਹਨ।" ਉਹਨਾਂ ਇਹ ਵੀ ਕਿਹਾ ਕਿ ਮਹਿੰਗੇ ਪੈਟਰੋਲ ਅਤੇ ਰਸੋਈ ਗੈਸ ਲਈ ਆਮ ਆਦਮੀ ਦੀ ਜੇਬ ਵਿਚੋਂ ਨਿਕਲਦਾ ਪੈਸਾ ਇਨ੍ਹਾਂ ਤਿੰਨ-ਚਾਰ ਉਦਯੋਗਪਤੀਆਂ ਦੀਆਂ ਜੇਬਾਂ ਵਿਚ ਜਾ ਰਿਹਾ ਹੈ।