
ਅਸੀਂ ਕੋਈ ਝੂਠਾ ਇਸ਼ਤਿਹਾਰ ਨਹੀਂ ਦਿਤਾ, ਦੋਸ਼ੀ ਪਾਏ ਗਏ ਤਾਂ ਮੌਤ ਦੀ ਸਜ਼ਾ ਲਈ ਵੀ ਤਿਆਰ: ਪਤੰਜਲੀ
Patanjali News: ਸੁਪ੍ਰੀਮ ਕੋਰਟ ਵਲੋਂ ਜੁਰਮਾਨਾ ਲਗਾਉਣ ਦੀ ਚਿਤਾਵਨੀ ਮਗਰੋਂ ਬਾਬਾ ਰਾਮਦੇਵ ਦੀ ਅਗਵਾਈ ਵਾਲੀ ਕੰਪਨੀ ਪਤੰਜਲੀ ਆਯੁਰਵੇਦ ਨੇ ਕਿਹਾ ਕਿ ਉਹ ਅਪਣੇ ਉਤਪਾਦਾਂ ਨੂੰ ਲੈ ਕੇ ਕੋਈ 'ਝੂਠੀ ਇਸ਼ਤਿਹਾਰਬਾਜ਼ੀ ਜਾਂ ਪ੍ਰਚਾਰ' ਨਹੀਂ ਕਰ ਰਹੀ ਹੈ। ਉਸ ਨੇ ਇਹ ਵੀ ਕਿਹਾ ਕਿ ਜੇਕਰ ਉਸ ਦੇ ਦਾਅਵੇ ਗੁੰਮਰਾਹਕੁੰਨ ਪਾਏ ਗਏ ਤਾਂ ਉਸ ਨੂੰ ਸੁਪ੍ਰੀਮ ਕੋਰਟ ਵਲੋਂ ਜੁਰਮਾਨਾ ਲਗਾਉਣ ਜਾਂ ਮੌਤ ਦੀ ਸਜ਼ਾ ਦੇਣ 'ਤੇ ਕੋਈ ਇਤਰਾਜ਼ ਨਹੀਂ ਹੋਵੇਗਾ।
ਇਕ ਦਿਨ ਪਹਿਲਾਂ ਅਦਾਲਤ ਨੇ ਪਤੰਜਲੀ ਆਯੁਰਵੇਦ ਨੂੰ ਕਈ ਬਿਮਾਰੀਆਂ ਦੇ ਇਲਾਜ ਵਿਚ ਅਪਣੀਆਂ ਦਵਾਈਆਂ ਬਾਰੇ ਝੂਠੇ ਅਤੇ ਗੁੰਮਰਾਹਕੁੰਨ ਇਸ਼ਤਿਹਾਰ ਨਾ ਦਿਖਾਉਣ ਦੀ ਚਿਤਾਵਨੀ ਦਿਤੀ ਸੀ। ਇਸ ਤੋਂ ਇਕ ਦਿਨ ਬਾਅਦ, ਪਤੰਜਲੀ ਆਯੁਰਵੇਦ ਨੇ ਕਿਹਾ ਕਿ ਉਸ ਕੋਲ 'ਇਕ ਕਰੋੜ ਤੋਂ ਵੱਧ ਲੋਕਾਂ ਦਾ ਰਿਕਾਰਡ, ਜਿਸ ਵਿਚ ਦੁਨੀਆ ਭਰ ਦੇ ਅਸਲ ਸਬੂਤ’ ਮੌਜੂਦ ਹਨ।
ਜਾਰੀ ਬਿਆਨ ਵਿਚ ਕੰਪਨੀ ਨੇ ਕਿਹਾ, “ਅਸੀਂ ਸੁਪ੍ਰੀਮ ਕੋਰਟ ਦਾ ਸਤਿਕਾਰ ਕਰਦੇ ਹਾਂ ਪਰ ਅਸੀਂ ਝੂਠਾ ਪ੍ਰਚਾਰ ਨਹੀਂ ਕਰ ਰਹੇ ਹਾਂ। ਅਸੀਂ ਇਲਾਜ ਜ਼ਰੀਏ ਲੱਖਾਂ ਲੋਕਾਂ ਨੂੰ ਬਿਮਾਰੀਆਂ ਤੋਂ ਠੀਕ ਕੀਤਾ ਹੈ। ਅਸੀਂ ਹਜ਼ਾਰਾਂ ਲੋਕਾਂ ਨੂੰ ਬੀ.ਪੀ., ਸ਼ੂਗਰ, ਥਾਇਰਾਇਡ, ਦਮਾ, ਗਠੀਆ ਅਤੇ ਮੋਟਾਪੇ ਤੋਂ ਲੈ ਕੇ ਜਿਗਰ, ਗੁਰਦੇ ਫੇਲ੍ਹ ਹੋਣ ਅਤੇ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਮੁਕਤ ਕੀਤਾ ਹੈ। ਸਾਡੇ ਕੋਲ ਇਕ ਕਰੋੜ ਤੋਂ ਵੱਧ ਲੋਕਾਂ ਦਾ ਡੇਟਾ ਬੇਸ ਅਤੇ ਕਲੀਨਿਕਲ ਸਬੂਤ ਹਨ”।
ਕੰਪਨੀ ਨੇ ਦਾਅਵਾ ਕੀਤਾ, “ਸਾਡੇ ਕੋਲ ਰਵਾਇਤੀ ਇਲਾਜ ਅਤੇ ਸਨਾਤਨ ਗਿਆਨ ਪਰੰਪਰਾ 'ਤੇ ਖੋਜ ਲਈ ਦੁਨੀਆਂ ਦਾ ਸੱਭ ਤੋਂ ਵਧੀਆ ਖੋਜ ਕੇਂਦਰ, ਪਤੰਜਲੀ ਰਿਸਰਚ ਫਾਊਂਡੇਸ਼ਨ ਹੈ। ਜਿਥੇ ਸੈਂਕੜੇ ਵਿਸ਼ਵ ਪ੍ਰਸਿੱਧ ਵਿਗਿਆਨੀ ਖੋਜ ਕਰ ਰਹੇ ਹਨ ਅਤੇ 3,000 ਤੋਂ ਵੱਧ ਖੋਜ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ, 500 ਖੋਜ ਪੱਤਰ ਦੁਨੀਆਂ ਦੇ ਚੋਟੀ ਦੇ ਖੋਜ ਜਰਨਲਾਂ ਵਿਚ ਪ੍ਰਕਾਸ਼ਤ ਹੋਏ ਹਨ”।
ਕੰਪਨੀ ਨੇ ਕਿਹਾ, “ਇਹ ਸੱਚ ਹੈ ਕਿ ਰੋਗਾਂ ਨੂੰ ਸਿੰਥੈਟਿਕ ਦਵਾਈਆਂ ਨਾਲ ਕਾਬੂ ਕੀਤਾ ਜਾ ਸਕਦਾ ਹੈ ਪਰ ਇਲਾਜ ਨਹੀਂ ਕੀਤਾ ਜਾ ਸਕਦਾ। ਪਰ ਐਲੋਪੈਥੀ ਦੀ ਇਹ ਸਮੱਸਿਆ ਯੋਗ ਆਯੁਰਵੇਦ ਲਈ ਕੋਈ ਸਮੱਸਿਆ ਨਹੀਂ ਹੈ। ਮੈਡੀਕਲ ਖੇਤਰ ਵਿਚ, ਅਸੀਂ ਕਈ ਵਾਰ ਨਕਲੀ ਪੇਸਮੇਕਰ ਲਗਾਉਣ, ਗੁਰਦੇ ਚੋਰੀ ਕਰਨ, ਬੇਲੋੜੀਆਂ ਦਵਾਈਆਂ ਅਤੇ ਅੰਨ੍ਹੇਵਾਹ ਟੈਸਟ ਦੇ ਕੇ ਮੈਡੀਕਲ ਅਪਰਾਧ ਕਰਨ ਵਾਲਿਆਂ ਨੂੰ ਮੈਡੀਕਲ ਮਾਫੀਆ/ਡਰੱਗ ਮਾਫੀਆ ਕਿਹਾ ਹੈ, ਅਤੇ ਅਸੀਂ ਉਨ੍ਹਾਂ ਵਿਰੁਧ ਲੜਾਈ ਲੜੀ ਹੈ। ਅਸੀਂ ਡਾਕਟਰੀ ਵਿਗਿਆਨ ਵਿਚ ਚੰਗੇ ਡਾਕਟਰਾਂ ਅਤੇ ਜੀਵਨ ਬਚਾਉਣ ਵਾਲੀਆਂ ਦਵਾਈਆਂ, ਐਮਰਜੈਂਸੀ ਇਲਾਜ ਅਤੇ ਜ਼ਰੂਰੀ ਸਰਜਰੀਆਂ ਪ੍ਰਦਾਨ ਕਰਨ ਵਾਲੇ ਡਾਕਟਰਾਂ ਦਾ ਸਤਿਕਾਰ ਕਰਦੇ ਸੀ ਅਤੇ ਅੱਜ ਵੀ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ”। ਪਤੰਜਲੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਅਦਾਲਤ ਅਤੇ ਮੀਡੀਆ ਸਾਹਮਣੇ ਸਾਰੇ ਤੱਥ ਅਤੇ ਸਬੂਤ ਪੇਸ਼ ਕਰਨ ਲਈ ਵੀ ਤਿਆਰ ਹੈ।
(For more news apart from Patanjali Statement after Supreme Court warning over false ads, stay tuned to Rozana Spokesman)