
ਕਿਹਾ, "ਪਤੰਜਲੀ ਆਯੁਰਵੇਦ ਦੇ ਅਜਿਹੇ ਸਾਰੇ ਝੂਠੇ ਅਤੇ ਗੁੰਮਰਾਹਕੁੰਨ ਇਸ਼ਤਿਹਾਰਾਂ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ"
Supreme Court on Patanjali's advertisements: ਸੁਪ੍ਰੀਮ ਕੋਰਟ ਨੇ ਮਦੇਵ ਦੁਆਰਾ ਸਹਿ-ਸਥਾਪਿਤ ਜੜੀ-ਬੂਟੀਆਂ ਦੇ ਉਤਪਾਦਾਂ ਦੀ ਕੰਪਨੀ ਪਤੰਜਲੀ ਆਯੁਰਵੇਦ 'ਤੇ ਕਈ ਬਿਮਾਰੀਆਂ ਨਾਲ ਸਬੰਧਤ ਦਵਾਈਆਂ ਬਾਰੇ ਇਸ਼ਤਿਹਾਰਾਂ ਵਿਚ "ਝੂਠੇ" ਅਤੇ "ਗੁੰਮਰਾਹਕੁੰਨ" ਦਾਅਵਿਆਂ ਕਰਨ ਲਈ ਕੇਸ ਦਰਜ ਕਰਨ ਦੀ ਚਿਤਾਵਨੀ ਦਿਤੀ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ, ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਅਤੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੇ ਬੈਂਚ ਨੇ ਜ਼ੁਬਾਨੀ ਟਿੱਪਣੀਆਂ ਵਿਚ ਕਿਹਾ, "ਪਤੰਜਲੀ ਆਯੁਰਵੇਦ ਦੇ ਅਜਿਹੇ ਸਾਰੇ ਝੂਠੇ ਅਤੇ ਗੁੰਮਰਾਹਕੁੰਨ ਇਸ਼ਤਿਹਾਰਾਂ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਅਜਿਹੀ ਕਿਸੇ ਵੀ ਉਲੰਘਣਾ ਨੂੰ ਗੰਭੀਰਤਾ ਨਾਲ ਲਵੇਗੀ…।”
ਸੁਪ੍ਰੀਮ ਕੋਰਟ ਨੇ ਰਾਮਦੇਵ 'ਤੇ ਟੀਕਾਕਰਨ ਮੁਹਿੰਮ ਅਤੇ ਆਧੁਨਿਕ ਦਵਾਈਆਂ ਵਿਰੁਧ ਪ੍ਰਚਾਰ ਕਰਨ ਦਾ ਦੋਸ਼ ਲਾਉਂਦਿਆਂ ਆਈਐਮਏ ਦੀ ਪਟੀਸ਼ਨ 'ਤੇ ਕੇਂਦਰੀ ਸਿਹਤ ਮੰਤਰਾਲੇ ਅਤੇ ਆਯੁਸ਼ ਮੰਤਰਾਲੇ ਅਤੇ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਨੋਟਿਸ ਜਾਰੀ ਕੀਤਾ ਸੀ। ਸੰਖੇਪ ਸੁਣਵਾਈ ਦੌਰਾਨ ਬੈਂਚ ਨੇ ਪਤੰਜਲੀ ਆਯੁਰਵੇਦ ਨੂੰ ਦਵਾਈਆਂ ਦੇ ਆਧੁਨਿਕ ਤਰੀਕਿਆਂ ਵਿਰੁਧ ਗੁੰਮਰਾਹਕੁੰਨ ਦਾਅਵਿਆਂ ਅਤੇ ਇਸ਼ਤਿਹਾਰ ਪ੍ਰਕਾਸ਼ਿਤ ਨਾ ਕਰਨ ਲਈ ਕਿਹਾ।
ਅਦਾਲਤ ਨੇ ਕਿਹਾ ਕਿ ਬੈਂਚ ਹਰੇਕ ਉਤਪਾਦ 'ਤੇ 1 ਕਰੋੜ ਰੁਪਏ ਦਾ ਜੁਰਮਾਨਾ ਲਗਾਉਣ 'ਤੇ ਵੀ ਵਿਚਾਰ ਕਰ ਸਕਦੀ ਹੈ ਜੇਕਰ ਇਹ ਝੂਠਾ ਦਾਅਵਾ ਕੀਤਾ ਜਾਂਦਾ ਹੈ ਕਿ ਕਿਸੇ ਖਾਸ ਬਿਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ। ਸਿਖਰਲੀ ਅਦਾਲਤ ਨੇ ਕੇਂਦਰ ਵਲੋਂ ਪੇਸ਼ ਹੋਏ ਵਕੀਲ ਨੂੰ ਗੁੰਮਰਾਹਕੁੰਨ ਮੈਡੀਕਲ ਇਸ਼ਤਿਹਾਰਾਂ ਦੇ ਮੁੱਦੇ ਦਾ ਹੱਲ ਲੱਭਣ ਲਈ ਕਿਹਾ, ਜਿਥੇ ਕੁੱਝ ਬਿਮਾਰੀਆਂ ਦਾ ਸਹੀ ਇਲਾਜ ਕਰਨ ਵਾਲੀਆਂ ਦਵਾਈਆਂ ਬਾਰੇ ਦਾਅਵੇ ਕੀਤੇ ਜਾ ਰਹੇ ਹਨ।
ਬੈਂਚ ਹੁਣ ਅਗਲੇ ਸਾਲ 5 ਫਰਵਰੀ ਨੂੰ ਆਈਐਮਏ ਦੀ ਪਟੀਸ਼ਨ 'ਤੇ ਸੁਣਵਾਈ ਕਰੇਗਾ। ਪਟੀਸ਼ਨ 'ਤੇ ਨੋਟਿਸ ਜਾਰੀ ਕਰਦਿਆਂ, ਸੁਪ੍ਰੀਮ ਕੋਰਟ ਨੇ ਐਲੋਪੈਥੀ ਅਤੇ ਐਲੋਪੈਥਿਕ ਪ੍ਰੈਕਟੀਸ਼ਨਰਾਂ ਦੀ ਆਲੋਚਨਾ ਕਰਨ ਲਈ ਰਾਮਦੇਵ ਦੀ ਸਖ਼ਤ ਆਲੋਚਨਾ ਕੀਤੀ ਅਤੇ ਕਿਹਾ ਕਿ ਉਸ ਨੂੰ ਡਾਕਟਰਾਂ ਅਤੇ ਇਲਾਜ ਦੀਆਂ ਹੋਰ ਪ੍ਰਣਾਲੀਆਂ ਨੂੰ ਬਦਨਾਮ ਕਰਨ ਤੋਂ ਰੋਕਿਆ ਜਾਣਾ ਚਾਹੀਦਾ ਹੈ।
ਤਤਕਾਲੀ ਚੀਫ਼ ਜਸਟਿਸ ਐਨਵੀ ਰਮਨਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਸੀ, “ਰਾਮਦੇਵ ਬਾਬਾ ਨੂੰ ਕੀ ਹੋਇਆ ਹੈ?...ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ ਕਿਉਂਕਿ ਉਨ੍ਹਾਂ ਨੇ ਯੋਗਾ ਨੂੰ ਪ੍ਰਸਿੱਧ ਕੀਤਾ ਸੀ। ਅਸੀਂ ਸਾਰੇ ਇਹ ਕਰਦੇ ਹਾਂ ਪਰ, ਉਨ੍ਹਾਂ ਨੂੰ ਦੂਜੇ ਢੰਗ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ”। ਬੈਂਚ ਨੇ ਕਿਹਾ ਸੀ, “ਇਸ ਗੱਲ ਦੀ ਕੀ ਗਰੰਟੀ ਹੈ ਕਿ ਆਯੁਰਵੇਦ, ਜੋ ਵੀ ਪ੍ਰਣਾਲੀ ਅਪਣਾ ਰਹੇ ਹਨ, ਉਹ ਕੰਮ ਕਰੇਗਾ? ਤੁਸੀਂ ਇਸ਼ਤਿਹਾਰ ਦੇਖਦੇ ਹੋ ਜਿਥੇ ਸਾਰੇ ਡਾਕਟਰਾਂ 'ਤੇ ਇਲਜ਼ਾਮ ਲਗਾਇਆ ਜਾਂਦਾ ਹੈ ਜਿਵੇਂ ਕਿ ਉਹ ਕਾਤਲ ਹਨ, ਵੱਡੇ-ਵੱਡੇ ਇਸ਼ਤਿਹਾਰ ਦਿਤੇ ਗਏ ਹਨ।
ਆਈਐਮਏ ਨੇ ਕਈ ਇਸ਼ਤਿਹਾਰਾਂ ਦਾ ਹਵਾਲਾ ਦਿਤਾ ਸੀ ਜਿਸ ਵਿਚ ਕਥਿਤ ਤੌਰ 'ਤੇ ਐਲੋਪੈਥ ਅਤੇ ਡਾਕਟਰਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ। ਇਹ ਵੀ ਕਿਹਾ ਗਿਆ ਕਿ ਆਮ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਯੁਰਵੈਦਿਕ ਦਵਾਈਆਂ ਦੇ ਉਤਪਾਦਨ ਵਿਚ ਲੱਗੀਆਂ ਕੰਪਨੀਆਂ ਵਲੋਂ ਵੀ “ਅਪਮਾਨਜਨਕ” ਬਿਆਨ ਦਿਤੇ ਗਏ ਹਨ।