41 ਬੈੱਡ ਵਾਲਾ ਹਸਪਤਾਲ ਤਿਆਰ, ਏਅਰਲਿਫਟ ਕਰਨ ਦੀ ਵੀ ਤਿਆਰੀ
Uttarkashi Tunnel Collapse: ਉੱਤਰਾਖੰਡ 'ਚ ਨਿਰਮਾਣ ਅਧੀਨ ਸਿਲਕਿਆਰਾ ਸੁਰੰਗ 'ਚ ਮਲਬੇ 'ਚ ਖੁਦਾਈ ਦੌਰਾਨ ਆਈ ਰੁਕਾਵਟ ਨੂੰ ਦੂਰ ਕਰਨ ਤੋਂ ਬਾਅਦ ਵੀਰਵਾਰ ਸਵੇਰੇ ਮੁੜ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਯਮੁਨੋਤਰੀ ਰਾਸ਼ਟਰੀ ਰਾਜਮਾਰਗ 'ਤੇ ਬਣ ਰਹੀ ਸੁਰੰਗ ਦਾ ਇਕ ਹਿੱਸਾ 12 ਨਵੰਬਰ ਨੂੰ ਢਹਿ ਗਿਆ ਸੀ ਅਤੇ ਉਦੋਂ ਤੋਂ 41 ਮਜ਼ਦੂਰ ਅੰਦਰ ਫਸੇ ਹੋਏ ਹਨ, ਜਿਨ੍ਹਾਂ ਨੂੰ ਬਚਾਉਣ ਲਈ ਜੰਗੀ ਪੱਧਰ 'ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।
ਅਧਿਕਾਰੀਆਂ ਨੇ ਦਸਿਆ ਕਿ ਮਜ਼ਦੂਰਾਂ ਲਈ ਮਲਬੇ ਦਾ ਰਸਤਾ ਤਿਆਰ ਕਰਨ ਲਈ ਅਮਰੀਕੀ ਅਗਰ ਮਸ਼ੀਨ ਨਾਲ ਕੀਤੀ ਜਾ ਰਹੀ ਡਰਿਲਿੰਗ ਦੌਰਾਨ ਸਾਹਮਣੇ ਆਈਆਂ ਲੋਹੇ ਦੀਆਂ ਰਾਡਾਂ ਨੂੰ ਹਟਾ ਦਿਤਾ ਗਿਆ ਹੈ ਪਰ ਇਸ ਨਾਲ ਕਾਰਵਾਈ ਵਿਚ 12-14 ਘੰਟੇ ਦੀ ਦੇਰੀ ਹੋ ਗਈ।
ਬਚਾਅ ਕਾਰਜ ਦੀ ਨਿਗਰਾਨੀ ਕਰ ਰਹੇ ਪ੍ਰਧਾਨ ਮੰਤਰੀ ਦਫ਼ਤਰ ਦੇ ਸਾਬਕਾ ਸਲਾਹਕਾਰ ਭਾਸਕਰ ਖੁਲਬੇ ਨੇ ਪੱਤਰਕਾਰਾਂ ਨੂੰ ਦਸਿਆ, "ਲੋਹੇ ਦੀਆਂ ਰਾਡਾਂ ਕਾਰਨ ਪੈਦਾ ਹੋਈ ਸਮੱਸਿਆ ਦਾ ਹੱਲ ਹੋ ਗਿਆ ਹੈ। ਗੈਸ ਕਟਰ ਦੀ ਵਰਤੋਂ ਕਰਕੇ ਸਰੀਏ ਨੂੰ ਕੱਟਿਆ ਗਿਆ ਹੈ”। ਖੁਲਬੇ ਨੇ ਕਿਹਾ, ''ਸੁਰੰਗ 'ਚ ਫਸੇ ਮਜ਼ਦੂਰਾਂ ਨੂੰ ਸੁਰੱਖਿਅਤ ਕੱਢਣ, ਡਰਿਲਿੰਗ ਨੂੰ ਪੂਰਾ ਕਰਨ ਅਤੇ ਮਜ਼ਦੂਰਾਂ ਤਕ ਪਹੁੰਚਣ 'ਚ 12 ਤੋਂ 14 ਘੰਟੇ ਦਾ ਸਮਾਂ ਲੱਗੇਗਾ।' 800 ਮਿਲੀਮੀਟਰ ਵਿਆਸ ਵਾਲੀ ਸਟੀਲ ਪਾਈਪ ਨੂੰ ਮਲਬੇ ਵਿਚ ਪਾਉਣ ਲਈ ਕੀਤੀ ਜਾ ਰਹੀ ਡਰਿਲਿੰਗ ਨੂੰ ਬੁਧਵਾਰ ਦੇਰ ਰਾਤ ਨੂੰ ਜਾਮ ਲੱਗਣ ਤੋਂ ਬਾਅਦ ਰੋਕਣਾ ਪਿਆ।
ਖੁਲਬੇ ਨੇ ਦਸਿਆ ਕਿ ਬੁਧਵਾਰ ਸ਼ਾਮ ਨੂੰ ਮਲਬੇ ਦੇ ਅੰਦਰ 45 ਮੀਟਰ ਤਕ ਡਰਿਲਿੰਗ ਦਾ ਕੰਮ ਪੂਰਾ ਕਰ ਲਿਆ ਗਿਆ ਸੀ ਪਰ ਉਸ ਤੋਂ ਬਾਅਦ ਮਲਬੇ 'ਚ ਲੋਹੇ ਦੀਆਂ ਰਾਡਾਂ ਮਿਲਣ ਕਾਰਨ ਕੰਮ ਪੰਜ-ਛੇ ਘੰਟੇ ਲਈ ਰੋਕ ਦਿਤਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਰਸਤਾ ਤਿਆਰ ਕਰਨ ਤੋਂ ਬਾਅਦ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਦੇ ਕਰਮਚਾਰੀ ਇਕ-ਇਕ ਕਰਕੇ ਕਰਮਚਾਰੀਆਂ ਨੂੰ ਬਾਹਰ ਲਿਆਉਣਗੇ, ਜਿਸ ਲਈ ਮੌਕ ਡਰਿੱਲ ਕੀਤੀ ਗਈ ਹੈ।
ਇਸ ਦੌਰਾਨ ਮੌਕੇ ਤੋਂ 30 ਕਿਲੋਮੀਟਰ ਦੂਰ ਚਿਨਿਆਲੀਸੌਰ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ 41 ਬਿਸਤਰਿਆਂ ਦਾ ਹਸਪਤਾਲ ਤਿਆਰ ਕੀਤਾ ਗਿਆ ਹੈ, ਤਾਂ ਜੋ ਮਜ਼ਦੂਰਾਂ ਨੂੰ ਬਾਹਰ ਆਉਂਦੇ ਹੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਡਾਕਟਰਾਂ ਅਤੇ ਉਪਕਰਨਾਂ ਨਾਲ ਲੈਸ ਐਂਬੂਲੈਂਸਾਂ ਵੀ ਸੁਰੰਗ ਦੇ ਬਾਹਰ ਤਿਆਰ ਖੜ੍ਹੀਆਂ ਹਨ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ ਵੀਕੇ ਸਿੰਘ ਅਤੇ ਐਨਡੀਆਰਐਫ ਦੇ ਡਾਇਰੈਕਟਰ ਜਨਰਲ ਅਤੁਲ ਕਰਵਲ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਸਿਲਕਿਆਰਾ ਪਹੁੰਚ ਗਏ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਘਟਨਾ ਵਾਲੀ ਥਾਂ 'ਤੇ ਮੌਜੂਦ ਹਨ।
(For more news apart from Uttarakhand Uttarkashi Tunnel Collapse Rescue Operation Latest News in Punjabi, stay tuned to Rozana Spokesman)