ਬੂਥ ਪੱਧਰ ਦੇ ਕਈ ਅਫ਼ਸਰਾਂ ਦੀ ਮੌਤ ’ਤੇ ਕਾਂਗਰਸ ਨੇ ਪ੍ਰਗਟਾਇਆ ਦੁੱਖ
ਨਵੀਂ ਦਿੱਲੀ : ਕਾਂਗਰਸ ਨੇ ਵੱਖ-ਵੱਖ ਸੂਬਿਆਂ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ ’ਚ ਲੱਗੇ ਕੁੱਝ ਬੂਥ ਪੱਧਰ ਦੇ ਅਧਿਕਾਰੀਆਂ ਦੀ ਮੌਤ ਨੂੰ ਲੈ ਕੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਉਤੇ ਨਿਸ਼ਾਨਾ ਵਿੰਨ੍ਹਿਆ ਅਤੇ ਇਸ ਨੂੰ ‘ਥੋਪਿਆ ਗਿਆ ਜ਼ੁਲਮ’ ਅਤੇ ‘ਜਾਣਬੁਝ ਕੇ ਕੀਤੀ ਜਾ ਰਿਹਾ ਸਾਜ਼ਸ਼’ ਕਰਾਰ ਦਿਤਾ ਹੈ ਜਿਸ ਤਹਿਤ ਨਾਗਰਿਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਵਿਰੋਧੀ ਪਾਰਟੀ ਨੇ ਦੋਸ਼ ਲਾਇਆ ਕਿ ਬੇਲੋੜੇ ਦਬਾਅ ਕਾਰਨ ਬੂਥ ਪੱਧਰ ਦੇ ਅਧਿਕਾਰੀਆਂ (ਬੀ.ਐਲ.ਓਜ਼) ਦੀ ਮੌਤ ਨੂੰ ‘ਗੌਣ ਨੁਕਸਾਨ’ ਵਜੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਵੋਟਰ ਸੂਚੀਆਂ ’ਚ ਵਿਸ਼ੇਸ਼ ਸੋਧ ਦੇ ਨਾਂ ਉਤੇ ਦੇਸ਼ ਭਰ ’ਚ ਹਫੜਾ-ਦਫੜੀ ਪੈਦਾ ਕੀਤੀ ਗਈ ਹੈ।
‘ਐਕਸ’ ਉਤੇ ਪਾਈ ਇਕ ਪੋਸਟ ਵਿਚ ਰਾਹੁਲ ਗਾਂਧੀ ਨੇ ਕਿਹਾ, ‘‘ਨਤੀਜਾ? ਤਿੰਨ ਹਫ਼ਤਿਆਂ ਵਿਚ 16 ਬੀ.ਐੱਲ.ਓ. ਅਪਣੀ ਜਾਨ ਗੁਆ ਚੁਕੇ ਹਨ। ਦਿਲ ਦਾ ਦੌਰਾ, ਤਣਾਅ, ਖੁਦਕੁਸ਼ੀ - ਐਸ.ਆਈ.ਆਰ. ਸੁਧਾਰ ਨਹੀਂ ਹੈ, ਇਹ ਥੋਪਿਆ ਗਿਆ ਜ਼ੁਲਮ ਹੈ।’’ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਇਕ ਅਜਿਹੀ ਪ੍ਰਣਾਲੀ ਬਣਾਈ ਹੈ, ਜਿਸ ’ਚ ਨਾਗਰਿਕਾਂ ਨੂੰ ਅਪਣੇ ਨਾਂ ਲੱਭਣ ਲਈ 22 ਸਾਲ ਪੁਰਾਣੀਆਂ ਵੋਟਰ ਸੂਚੀਆਂ ਦੇ ਹਜ਼ਾਰਾਂ ਸਕੈਨ ਕੀਤੇ ਪੰਨਿਆਂ ਨੂੰ ਛਾਣਨਾ ਪੈਂਦਾ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ, ‘‘ਉਦੇਸ਼ ਸਪੱਸ਼ਟ ਹੈ: ਅਸਲ ਵੋਟਰਾਂ ਨੂੰ ਥਕਾ ਦੇਣਾ ਅਤੇ ਵੋਟਰ ਧੋਖਾਧੜੀ ਨੂੰ ਨਿਰਵਿਘਨ ਜਾਰੀ ਰੱਖਣ ਦੇਣਾ।’’
ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੁਨੀਆਂ ਲਈ ਅਤਿ ਆਧੁਨਿਕ ਸਾਫਟਵੇਅਰ ਵਿਕਸਿਤ ਕਰਦਾ ਹੈ, ਪਰ ਭਾਰਤ ਦਾ ਚੋਣ ਕਮਿਸ਼ਨ ਅਜੇ ਵੀ ਕਾਗਜ਼ੀ ਕਾਰਵਾਈ ਦਾ ਜੰਗਲ ਬਣਾਉਣ ਉਤੇ ਅੜੇ ਹੋਏ ਹਨ।
ਸਾਬਕਾ ਕਾਂਗਰਸੀ ਪ੍ਰਧਾਨ ਨੇ ਦਾਅਵਾ ਕੀਤਾ ਕਿ ਜੇਕਰ ਇਰਾਦੇ ਸਪੱਸ਼ਟ ਹੁੰਦੇ ਤਾਂ ਸੂਚੀ ਡਿਜੀਟਲ, ਖੋਜ ਯੋਗ ਅਤੇ ਮਸ਼ੀਨ ਨਾਲ ਪੜ੍ਹਨਯੋਗ ਹੁੰਦੀ, ਅਤੇ ਚੋਣ ਕਮਿਸ਼ਨ ਨੇ 30 ਦਿਨਾਂ ਦੀ ਕਾਹਲੀ ਵਿਚ ਕੰਮ ਕਰਨ ਦੀ ਬਜਾਏ ਪਾਰਦਰਸ਼ਤਾ ਅਤੇ ਜਵਾਬਦੇਹੀ ਉਤੇ ਧਿਆਨ ਕੇਂਦਰਿਤ ਕਰਨ ਲਈ ਅਪਣਾ ਸਮਾਂ ਲਗਾਇਆ ਹੁੰਦਾ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਇਸ ਮੁੱਦੇ ਉਤੇ ਭਾਜਪਾ ਦੀ ਨਿੰਦਾ ਕੀਤੀ ਅਤੇ ਦਾਅਵਾ ਕੀਤਾ ਕਿ ਐਸਆਈਆਰ ਅਭਿਆਸ ਨੂੰ ‘ਜਲਦਬਾਜ਼ੀ’ ਨਾਲ ਲਾਗੂ ਕਰਨਾ ਨੋਟਬੰਦੀ ਅਤੇ ਕੋਵਿਡ-19 ਤਾਲਾਬੰਦੀ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ‘ਵੋਟ ਚੋਰੀ’ ਨੇ ਹੁਣ ਘਾਤਕ ਮੋੜ ਲੈ ਲਿਆ ਹੈ।
