19 ਦਸੰਬਰ ਨੂੰ ਟਾਈਟਲਰ ਨੇ ਆਪਣੇ ਖ਼ਿਲਾਫ਼ ਕੋਈ ਐਫ਼.ਆਈ.ਆਰ. ਨਾ ਹੋਣ ਦਾ ਕੀਤਾ ਸੀ ਦਾਅਵਾ
ਨਵੀਂ ਦਿੱਲੀ - ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵੱਲੋਂ ਕੁਝ ਦਿਨ ਪਹਿਲਾਂ ਪੇਸ਼ ਕੀਤੇ ਦਾਅਵੇ ਦਾ ਵਕੀਲ ਐਚ.ਐਸ. ਫੂਲਕਾ ਨੇ ਪਰਦਾਫ਼ਾਸ਼ ਕਰ ਦਿੱਤਾ ਹੈ, ਜਿਸ 'ਚ ਟਾਈਟਲਰ ਨੇ ਕਿਹਾ ਸੀ ਸਿੱਖ ਨਸਲਕੁਸ਼ੀ ਦੇ ਕਿਸੇ ਮਾਮਲੇ 'ਚ ਉਸ ਖ਼ਿਲਾਫ਼ ਕੋਈ ਐਫ਼.ਆਈ.ਆਰ. ਨਹੀਂ ਹੈ।
ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਦੇ ਬਾਹਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਕੀਲ ਐਚ.ਐਸ. ਫੂਲਕਾ ਨੇ ਦੱਸਿਆ ਕਿ 1 ਨਵੰਬਰ 1984 ਨੂੰ ਦਿੱਲੀ ਦੇ ਗੁਰਦੁਆਰਾ ਪੁਲ ਬੰਗਸ਼ ਵਿਖੇ 3 ਸਿੱਖਾਂ ਦਾ ਕਤਲ ਹੋਇਆ ਸੀ, ਅਤੇ ਜਗਦੀਸ਼ ਟਾਈਟਲਰ ਇਸ ਕਤਲੇਆਮ ਨੂੰ ਅੰਜਾਮ ਦੇਣ ਵਾਲੀ ਭੀੜ ਦੀ ਅਗਵਾਈ ਕਰ ਰਿਹਾ ਸੀ।
"ਇਹ ਕੇਸ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ 'ਚ ਚੱਲ ਰਿਹਾ ਹੈ, ਜਿਸ ਦੀ ਜਾਂਚ ਦੀ ਅਦਾਲਤ ਨਿਗਰਾਨੀ ਵੀ ਕਰ ਰਹੀ ਹੈ। ਇਸ ਦੀ 23 ਦਸੰਬਰ ਨੂੰ ਸੁਣਵਾਈ ਦੀ ਤਰੀਕ ਸੀ। ਇਸ ਤੋਂ ਪਹਿਲਾਂ ਇਸ ਦੀ ਸੁਣਵਾਈ 28 ਅਕਤੂਬਰ ਨੂੰ ਹੋਈ ਸੀ। ਅੱਜ ਅਦਾਲਤ ਨੇ ਸੀ.ਬੀ.ਆਈ. ਦੇ ਜਾਂਚ ਅਧਿਕਾਰੀ ਨੂੰ ਬੁਲਾ ਕੇ ਕਿਹਾ ਕਿ ਇਸ ਮਾਮਲੇ ਦੀ ਤੇਜ਼ੀ ਨਾਲ ਪੈਰਵਾਈ ਕੀਤੀ ਜਾਵੇ, ਅਤੇ ਇਸ ਸੰਬੰਧੀ ਰਿਪੋਰਟ ਛੇਤੀ ਤੋਂ ਛੇਤੀ ਫ਼ਾਈਲ ਕੀਤੀ ਜਾਵੇ, ਜਦ ਕਿ ਜਗਦੀਸ਼ ਟਾਈਟਲਰ ਮੀਡੀਆ 'ਚ ਇਹ ਕਹਿ ਰਿਹਾ ਹੈ ਕਿ ਮੇਰੇ ਖ਼ਿਲਾਫ਼ ਕੋਈ ਐਫ਼.ਆਈ.ਆਰ. ਨਹੀਂ ਹੈ, ਇਹ ਬਿਲਕੁਲ ਝੂਠ ਤੇ ਗ਼ਲਤ ਹੈ।" ਫੂਲਕਾ ਨੇ ਕਿਹਾ।
ਉਨ੍ਹਾਂ ਨੇ 28 ਅਕਤੂਬਰ ਦਾ ਪਿਛਲਾ ਆਰਡਰ ਦਿਖਾਇਆ ਜਿਸ 'ਚ ਸੀ.ਬੀ.ਆਈ., ਜਗਦੀਸ਼ ਟਾਈਟਲਰ ਅਤੇ ਸਿੱਖ ਵਿਰੋਧੀ ਦੰਗਿਆਂ ਦਾ ਜ਼ਿਕਰ ਕੀਤਾ ਗਿਆ ਹੈ। ਇਹ ਸੀ.ਬੀ.ਆਈ. ਨੇ ਕੈਂਸਲੇਸ਼ਨ ਦੀ ਰਿਪੋਰਟ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕੀਤਾ ਹੈ, ਅਤੇ ਖਾਰਜ ਕਰਨ ਤੋਂ ਬਾਅਦ ਸੀ.ਬੀ.ਆਈ. ਨੂੰ ਅੱਗੇ ਜਾਂਚ ਲਈ ਕਿਹਾ ਹੈ, ਜਿਸ ਜਾਂਚ ਦੀ ਅਦਾਲਤ ਖ਼ੁਦ ਨਿਗਰਾਨੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪਿਛਲੀ ਵਾਰੀ ਸੀ.ਬੀ.ਆਈ. ਨੇ ਕੈਨੇਡਾ ਤੋਂ ਕੁਝ ਲੋਕਾਂ ਤੋਂ ਪੁੱਛ-ਗਿੱਛ ਬਾਰੇ ਕਹਿ ਕੇ ਸਮਾਂ ਮੰਗਿਆ ਸੀ। ਇਸ ਵਾਰ ਵੀ ਸੀ.ਬੀ.ਆਈ. ਨੇ ਕਿਹਾ ਕਿ ਕੁਝ ਅਮਰੀਕਾ ਅਤੇ ਕੈਨੇਡਾ ਨਾਲ ਸੰਬੰਧਿਤ ਲੋਕਾਂ ਤੋਂ ਪੁੱਛ-ਗਿੱਛ ਕਰਨੀ ਹੈ, ਅਤੇ ਉਸ ਲਈ ਲੱਗ ਰਹੇ ਸਮੇਂ ਕਾਰਨ ਸਾਨੂੰ ਹੋਰ ਸਮਾਂ ਦਿੱਤਾ ਜਾਵੇ। ਹੁਣ ਅਦਾਲਤ ਨੇ ਸੀ.ਬੀ.ਆਈ. ਨੂੰ ਆਖਰੀ ਰਿਪੋਰਟ ਫ਼ਾਈਲ ਕਰਨ ਵਾਸਤੇ 2 ਮਾਰਚ ਤੱਕ ਦਾ ਸਮਾਂ ਦਿੱਤਾ ਹੈ।
ਫੂਲਕਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਗੁਰਬਖਸ਼ ਸਿੰਘ ਵੱਲੋਂ ਉਹ ਪੇਸ਼ ਹੋ ਰਹੇ ਹਨ, ਅਤੇ ਅਦਾਲਤ ਨੇ ਸੀ.ਬੀ.ਆਈ. ਨੂੰ ਜਗਦੀਸ਼ ਟਾਈਟਲਰ ਖ਼ਿਲਾਫ਼ ਜਾਂਚ ਪੂਰੀ ਕਰਕੇ 2 ਮਾਰਚ ਤੱਕ ਰਿਪੋਰਟ ਜਮ੍ਹਾਂ ਕਰਵਾਉਣ ਲਈ ਕਿਹਾ ਹੈ।